8 ਕਰੋੜ ਆਉਣ ਤੋਂ ਬਾਅਦ ਵੀ ਨਿਗਮ ਕਰਮਚਾਰੀ ਨਾਖੁਸ਼

08/11/2017 5:02:26 AM

ਅੰਮ੍ਰਿਤਸਰ,   (ਵੜੈਚ)-   ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਅੰਮ੍ਰਿਤਸਰ ਨੂੰ ਮੁਲਾਜ਼ਮਾਂ ਦੀਆਂ ਤਨਖਾਹਾਂ ਲਈ ਭੇਜੇ 8 ਕਰੋੜ ਵੀ ਮੁਲਾਜ਼ਮਾਂ ਨੂੰ ਖੁਸ਼ ਨਹੀਂ ਕਰ ਸਕੇ। ਵੈਟ ਦੇ ਆਏ 8 ਕਰੋੜ 'ਚੋਂ ਕਰਮਚਾਰੀਆਂ ਦੀ 2 ਮਹੀਨਿਆਂ ਦੀ ਬਕਾਇਆ ਤਨਖਾਹ ਵਿਚ ਇਕ ਮਹੀਨੇ ਦਾ ਭੁਗਤਾਨ ਹੋਣ ਕਰ ਕੇ ਸਾਂਝੀ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਨੇ ਕਲਮ-ਛੋੜ ਹੜਤਾਲ ਜਾਰੀ ਰੱਖਣ ਦਾ ਫੈਸਲਾ ਲਿਆ ਹੈ, ਜਿਸ ਕਰ ਕੇ ਕਰਮਚਾਰੀਆਂ ਨੇ ਸਵੇਰੇ 3 ਘੰਟੇ ਨਿਗਮ ਦਫਤਰ ਵਿਚ ਰੋਸ ਪ੍ਰਦਰਸ਼ਨ ਕਰਦਿਆਂ ਸਥਾਨਕ ਸਰਕਾਰਾਂ ਮੰਤਰੀ, ਮੇਅਰ ਤੇ ਕਮਿਸ਼ਨਰ ਖਿਲਾਫ ਭੜਾਸ ਕੱਢਦਿਆਂ ਜਮ ਕੇ ਨਾਅਰੇਬਾਜ਼ੀ ਕੀਤੀ।
ਯੂਨੀਅਨ ਆਗੂ ਵਿਨੋਦ ਬਿੱਟਾ, ਹਰਜਿੰਦਰ ਸਿੰਘ ਵਾਲੀਆ, ਕਰਮਜੀਤ ਸਿੰਘ ਕੇ. ਪੀ., ਮੇਜਰ ਸਿੰਘ ਤੇ ਆਸ਼ੂ ਨਹਿਰ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਕੋਲੋਂ ਕੰਮ ਪੂਰਾ ਲੈ ਰਹੀ ਹੈ ਪਰ ਤਨਖਾਹਾਂ ਬਕਾਇਆ 2 ਮਹੀਨਿਆਂ 'ਚੋਂ ਇਕ ਮਹੀਨੇ ਦੇਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਪਹਿਲਾਂ ਵੀ ਮੰਗਾਂ ਨੂੰ ਲੈ ਕੇ ਕਈ ਬੈਠਕਾਂ ਕਰਨ ਉਪਰੰਤ ਮੰਗਾਂ ਪੂਰੀਆਂ ਕਰਨ ਲਈ ਲਾਰੇਬਾਜ਼ੀ ਹੀ ਕੀਤੀ ਜਾ ਰਹੀ ਹੈ, ਜਦੋਂ ਤੱਕ ਬਕਾਇਆ ਤਨਖਾਹ ਨਹੀਂ ਮਿਲੇਗੀ ਅਤੇ ਇਕ ਟੇਬਲ 'ਤੇ ਬੈਠ ਕੇ ਬਾਕੀ ਮੰਗਾਂ ਬਾਰੇ ਪੱਕੇ ਤੌਰ 'ਤੇ ਭਰੋਸਾ ਨਾ ਦਿੱਤਾ ਗਿਆ ਤਾਂ ਨਗਰ ਨਿਗਮ ਦੇ ਸਮੂਹ ਵਿਭਾਗਾਂ ਦੇ ਦਫਤਰਾਂ ਅਤੇ ਜ਼ੋਨਾਂ ਵਿਚ ਕੰਮਕਾਜ ਪੂਰੀ ਤਰ੍ਹਾਂ ਠੱਪ ਰੱਖਿਆ ਜਾਵੇਗਾ।
ਇਸ ਮੌਕੇ ਲਛਮਣ ਸਿੰਘ ਅਬਦਾਲ, ਸਤਿੰਦਰ ਸਿੰਘ, ਅਰੁਣ ਸਹਿਜਪਾਲ, ਬਲਵਿੰਦਰ ਬਿੱਲੂ, ਲਖਵਿੰਦਰ ਸਿੰਘ ਨਾਗ, ਚਰਨਜੀਤ ਸਿੰਘ, ਦਲਜੀਤ ਸਿੰਘ, ਕੇਵਲ ਕੁਮਾਰ, ਕਸਤੂਰੀ ਲਾਲ, ਜਤਿੰਦਰ ਸ਼ਰਮਾ ਤੇ ਅਸ਼ੋਕ ਮਜੀਠਾ ਵੀ ਮੌਜੂਦ ਸਨ। 
ਜਾਰੀ ਕੀਤੀ ਤਨਖਾਹ : ਕਮਿਸ਼ਨਰ : ਕਮਿਸ਼ਨਰ ਲਵਲੀਨ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਵੈਟ ਦੇ ਆਏ 8 ਕਰੋੜ ਦੀ ਵੰਡ ਦੇ ਹਿਸਾਬ ਨਾਲ ਕਰਮਚਾਰੀਆਂ ਨੂੰ ਇਕ ਮਹੀਨੇ ਦੀ ਤਨਖਾਹ ਜਾਰੀ ਕੀਤੀ ਗਈ ਹੈ, ਜਿਵੇਂ ਹੀ ਹੋਰ ਪੈਸੇ ਆਉਣਗੇ ਬਕਾਇਆ ਤਨਖਾਹ ਵੀ ਦੇ ਦਿੱਤੀ ਜਾਵੇਗੀ। 


Related News