ਅਕਾਲ ਤਖ਼ਤ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਪਟਨਾ ਸਾਹਿਬ ਪੁੱਜੇ ਦਸਮੇਸ਼ ਤਰਨਾ ਦਲ ਦੇ ਨਿਹੰਗ
Monday, Dec 12, 2022 - 06:28 PM (IST)
ਜਲੰਧਰ/ਪਟਨਾ ਸਾਹਿਬ- ਪੰਜਾਬ ਤੋਂ ਦਸਮੇਸ਼ ਤਰਨਾ ਦਲ ਦੇ ਨਿਹੰਗ ਐਤਵਾਰ ਨੂੰ ਤਖ਼ਤ ਪਟਨਾ ਸਾਹਿਬ ਪਹੁੰਚੇ। ਇਥੇ ਦੱਸਣਯੋਗ ਹੈ ਕਿ ਇਸ ਨਿਹੰਗ ਜਥੇਬੰਦੀ ਦੀ ਅਗਵਾਈ ਬਾਬਾ ਮੇਜਰ ਸਿੰਘ ਕਰ ਰਹੇ ਹਨ, ਜਿਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਬਣਾਏ ਗਏ ਪੰਜ ਮੈਂਬਰੀ ਪੈਨਲ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਉਥੇ ਹੀ ਇਨ੍ਹਾਂ ਨਿਹੰਗਾਂ ਦੀ ਭੂਮਿਕਾ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਮਾਮਲਿਆਂ ਬਾਰੇ ਪਿਛਲੇ ਇਕ ਹਫ਼ਤੇ ਦੌਰਾਨ ਜਾਰੀ ਅਕਾਲ ਤਖ਼ਤ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਜਾਂ ਚੁਣੌਤੀ ਦੇਣ ਵਾਲੇ ਕਿਸੇ ਵੀ ਵਿਅਕਤੀ ਜਾਂ ਸਮੂਹ ਦਾ ਮੁਕਾਬਲਾ ਕਰਨ ਦੀ ਹੋਵੇਗੀ।
ਜ਼ਿਕਰਯੋਗ ਹੈ ਕਿ ਮੇਜਰ ਸਿੰਘ ਨੇ 6 ਦਸੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟਵਿੱਟਰ ਹੈਂਡਲ 'ਤੇ ਅਪਲੋਡ ਕੀਤੀ ਗਈ ਇਕ ਵੀਡੀਓ ਬਿਆਨ ਵਿੱਚ ਕਿਹਾ ਸੀ ਕਿ ਨਿਹੰਗਾਂ ਨੂੰ ਪਟਨਾ ਸਾਹਿਬ ਪਹੁੰਚਣਾ ਹੋਵੇਗਾ। ਉਸੇ ਬਿਆਨ ਵਿੱਚ ਜੋ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਤੋਂ ਤੁਰੰਤ ਬਾਅਦ ਆਇਆ ਹੈ, ਉਨ੍ਹਾਂ ਕਿਹਾ ਕਿ ਜੇਕਰ ਕੋਈ ਅਕਾਲ ਤਖ਼ਤ ਦੇ ਨਿਰਦੇਸ਼ਾਂ ਨੂੰ ਚੁਣੌਤੀ ਦਿੰਦਾ ਹੈ ਤਾਂ “ਖਾਲਸਾ ਫ਼ੌਜ” ਉਨ੍ਹਾਂ ਨੂੰ ਖਾਲਸਾ ਪਰੰਪਰਾ ਅਨੁਸਾਰ ਸਬਕ ਸਿਖਾਏਗੀ। ਐਤਵਾਰ ਨੂੰ ਆਪਣੇ ਰਵਾਇਤੀ ਹਥਿਆਰਾਂ ਨਾਲ ਤਖ਼ਤ 'ਤੇ ਪਹੁੰਚਣ ਤੋਂ ਬਾਅਦ ਨਿਹੰਗਾਂ ਦੀਆਂ ਵੀਡੀਓਜ਼ ਆਨਲਾਈਨ ਪ੍ਰਸਾਰਿਤ ਕੀਤੀਆਂ ਗਈਆਂ। ਤਖ਼ਤ ਪਟਨਾ ਸਾਹਿਬ ਵਿਖੇ ਨਿਹੰਗਾਂ ਦੀ ਮੌਜੂਦਗੀ ਪ੍ਰਬੰਧਕੀ ਕਮੇਟੀ ਦੇ ਪੁਰਾਣੇ ਅਹੁਦੇਦਾਰਾਂ ਦੀ ਮਦਦ ਕਰਨ ਦੀ ਸੰਭਾਵਨਾ ਹੈ, ਜੋਕਿ ਸ਼ਨੀਵਾਰ ਨੂੰ ਪਟਨਾ ਦੇ ਐੱਸ. ਡੀ. ਐੱਮ. ਵੱਲੋਂ ਕਮੇਟੀ ਮੈਂਬਰਾਂ ਅਤੇ ਹੋਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਵਾਪਸ ਆ ਗਏ ਸਨ।
ਇਹ ਵੀ ਪੜ੍ਹੋ : ਘਰ ਆਏ ਮਹਿਮਾਨ ਨੇ 6 ਸਾਲਾ ਬੱਚੀ ਨਾਲ ਕੀਤੀ ਘਿਨੌਣੀ ਕਰਤੂਤ, ਪਰਿਵਾਰ ਵੱਲੋਂ ਜਬਰ-ਜ਼ਿਨਾਹ ਦਾ ਦੋਸ਼
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ 6 ਦਸੰਬਰ ਨੂੰ ਜਾਰੀ ਹਦਾਇਤਾਂ ਤੋਂ ਬਾਅਦ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਦੇ ਕੁਝ ਸਮਰਥਕਾਂ ਨੇ ਜਥੇਦਾਰ ਹਰਪ੍ਰੀਤ ਸਿੰਘ ਦਾ ਪੁਤਲਾ ਫੂਕਿਆ ਸੀ ਅਤੇ ਕਿਹਾ ਸੀ ਕਿ ਇਹ ਹੁਕਮ ਵਾਪਸ ਲਏ ਜਾਣ। ਬਾਅਦ ਵਿੱਚ ਤਖ਼ਤ ਪਟਨਾ ਸਾਹਿਬ ਵੱਲੋਂ ਇਕ ਫਰਮਾਨ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਅਕਾਲ ਤਖ਼ਤ ਦੇ ਅਧਿਕਾਰ ਨੂੰ ਚੁਣੌਤੀ ਦਿੱਤੀ ਗਈ ਅਤੇ ਇਸ ਦੇ ਜਥੇਦਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਗਿਆ। ਮੇਜਰ ਸਿੰਘ ਅਤੇ ਉਸ ਦੇ ਗਰੁੱਪ ਦੇ ਹੋਰ ਮੈਂਬਰਾਂ ਨੇ ਅਗਸਤ ਦੇ ਅਖੀਰਲੇ ਹਫ਼ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਡਡੂਆਣਾ ਵਿੱਚ ਇੱਕ ਈਸਾਈ ਪਾਦਰੀ ਵੱਲੋਂ ਆਯੋਜਿਤ ਇਕ ਸਮਾਗਮ ਵਿੱਚ ਵਿਘਨ ਪਾਇਆ ਸੀ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਇਹ ਧਰਮ ਪਰਿਵਰਤਨ ਲਈ ਆਯੋਜਿਤ ਕੀਤਾ ਗਿਆ ਸੀ। ਪੁਲਸ ਨੇ ਸ਼ਿਕਾਇਤ ਤੋਂ ਬਾਅਦ ਨਿਹੰਗਾਂ 'ਤੇ ਮਾਮਲਾ ਦਰਜ ਕਰ ਲਿਆ ਸੀ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਉਸ ਵੇਲੇ ਸਮੂਹ ਦਾ ਸਮਰਥਨ ਕੀਤਾ ਸੀ ਅਤੇ ਕਿਹਾ ਸੀ ਕਿ ਮਾਮਲਾ ਵਾਪਸ ਲੈ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਸਰਦਾਰ ਦਾ ਕਮਾਲ ਵੇਖ ਕਰੋਗੇ ਤਾਰੀਫ਼ਾਂ, ਤਿਆਰ ਕੀਤਾ ਭਾਰਤ ਦਾ ਸਭ ਤੋਂ ਵੱਡਾ 40 ਕਿਲੋ ਦਾ 'ਬਰਗਰ'
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ