ਨਿਹੰਗ ਪ੍ਰਦੀਪ ਸਿੰਘ ਦੇ ਕਤਲ ਦੀ ਇਕ ਹੋਰ ਵੀਡੀਓ ਆਈ ਸਾਹਮਣੇ, ਖੋਲ੍ਹੇਗੀ ਮਰਡਰ ਮਿਸਟ੍ਰੀ ਦੇ ਵੱਡੇ ਰਾਜ਼
Monday, Mar 13, 2023 - 06:39 PM (IST)
ਸ੍ਰੀ ਅਨੰਦਪੁਰ ਸਾਹਿਬ/ਗੁਰਦਾਸਪੁਰ (ਵੈੱਬ ਡੈਸਕ)- ਹੋਲੇ-ਮਹੱਲੇ ਦੌਰਾਨ ਸ਼ਰੇਆਮ ਕਤਲ ਕੀਤੇ ਗਏ ਐੱਨ. ਆਰ. ਆਈ. ਪ੍ਰਦੀਪ ਸਿੰਘ ਦੇ ਮਾਮਲੇ 'ਚ ਇਕ ਹੋਰ ਵੀਡੀਓ ਸਾਹਮਣੇ ਆਈ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਸਾਫ਼ ਦਿੱਸ ਰਿਹਾ ਹੈ ਕਿ ਕਿਵੇਂ ਪ੍ਰਦੀਪ ਸਿੰਘ ਦਾ ਹੋਲ-ਮਹੱਲੇ ਦੌਰਾਨ ਕਤਲ ਕੀਤਾ ਗਿਆ ਹੈ। ਵਾਇਰਲ ਹੋ ਰਹੀ ਵੀਡੀਓ ਵਿਚ ਇਹ ਦਿੱਸ ਰਿਹਾ ਹੈ ਕਿ ਪਹਿਲਾਂ ਪ੍ਰਦੀਪ ਸਿੰਘ ਅਤੇ ਕੁਝ ਨੌਜਵਾਨਾਂ ਵਿਚਾਲੇ ਝਗੜਾ ਹੁੰਦਾ ਹੈ ਅਤੇ ਬਾਅਦ ਵਿਚ ਇਕ-ਦੂਜੇ ਵਿਚਾਲੇ ਤਲਵਾਰਾਂ ਤੱਕ ਚੱਲ ਜਾਂਦੀਆਂ ਹਨ। ਝਗੜੇ ਦੌਰਾਨ ਪ੍ਰਦੀਪ ਸਿੰਘ ਵੀ ਨੌਜਵਾਨ ਸਤਬੀਰ ਸਿੰਘ 'ਤੇ ਤਲਵਾਰ ਨਾਲ ਹਮਲਾ ਕਰ ਰਿਹਾ ਹੈ। ਜਦੋਂ ਪ੍ਰਦੀਪ ਸਿੰਘ ਵੱਲੋਂ ਸਤਬੀਰ ਸਿੰਘ 'ਤੇ ਹਮਲਾ ਕੀਤਾ ਜਾਂਦਾ ਹੈ ਤਾਂ ਸਤਬੀਰ ਸਿੰਘ ਉਥੇ ਹੀ ਡਿੱਗ ਪੈਂਦਾ ਹੈ। ਮੌਕੇ 'ਤੇ ਕਾਫ਼ੀ ਭੀੜ ਨਜ਼ਰ ਆ ਰਹੀ ਹੈ। ਫਿਰ ਨਿਹੰਗ 'ਤੇ ਨੌਜਵਾਨਾਂ ਵੱਲੋਂ ਪ੍ਰਦੀਪ ਸਿੰਘ 'ਤੇ ਤਲਵਾਰਾਂ ਨਾਲ ਹਮਲਾ ਹੁੰਦਾ ਹੈ।
ਇਥੇ ਦੱਸ ਦਈਏ ਕਿ ਸਤਬੀਰ ਸਿੰਘ ਉਹੀ ਨੌਜਵਾਨ ਹੈ, ਜਿਸ ਨੂੰ ਪੁਲਸ ਵੱਲੋਂ ਐੱਨ. ਆਰ. ਆਈ. ਪ੍ਰਦੀਪ ਸਿੰਘ ਦੇ ਕਤਲ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ। ਇਸ ਸਮੇਂ ਸਤਬੀਰ ਸਿੰਘ ਪੀ. ਜੀ. ਆਈ. ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਹੈ। ਸਤਬੀਰ ਸਿੰਘ 'ਤੇ ਹੋਏ ਹਮਲੇ ਦੌਰਾਨ ਉਸ ਦੇ ਹੱਥ ਵੱਢ ਦਿੱਤੇ ਗਏ ਸਨ। ਸਤਬੀਰ ਦੇ ਪਰਿਵਾਰ ਵੱਲੋਂ ਵੀ ਪ੍ਰਦੀਪ ਸਿੰਘ 'ਤੇ ਦੋਸ਼ ਇਹ ਲਗਾਏ ਸਨ ਕਿ ਜੇਕਰ ਸਤਬੀਰ ਸਿੰਘ ਦੇ ਹੱਥ ਹੀ ਵੱਢ ਦਿੱਤੇ ਗਏ ਸਨ ਤਾਂ ਉਹ ਪ੍ਰਦੀਪ ਸਿੰਘ ਦਾ ਕਤਲ ਕਿਵੇਂ ਕਰ ਸਕਦਾ ਹੈ। ਸ਼ਰੇਆਮ ਇਕ-ਦੂਜੇ 'ਤੇ ਚੱਲੀਆਂ ਤਲਵਾਰਾਂ ਦੌਰਾਨ ਹਮਲੇ ਵਿਚ ਪ੍ਰਦੀਪ ਸਿੰਘ ਦੀ ਮੌਤ ਹੋ ਜਾਂਦੀ ਹੈ। ਇਸ ਘਟਨਾ ਨਾਲ ਜਿੱਥੇ ਪੁਲਸ ਪ੍ਰਸ਼ਾਸਨ 'ਤੇ ਵੀ ਸਵਾਲ ਖੜ੍ਹੇ ਹੁੰਦੇ ਹਨ, ਉਥੇ ਹੀ ਸਾਹਮਣੇ ਆਈ ਕਤਲ ਦੀ ਇਸ ਵੀਡੀਓ ਨੇ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਇਹ ਵੀ ਪੜ੍ਹੋ: ਸ਼ਰਾਬ ਪੀਣ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ, ਨਵੀਂ ਐਕਸਾਈਜ਼ ਪਾਲਿਸੀ ਤਹਿਤ ਵੱਧਣਗੇ ਸ਼ਰਾਬ ਦੇ ਰੇਟ
ਸਤਬੀਰ ਦੀ ਪਤਨੀ ਨੇ ਲਾਏ ਸਨ ਪ੍ਰਦੀਪ ਸਿੰਘ 'ਤੇ ਹਮਲਾ ਕਰਨ ਦੇ ਦੋਸ਼
ਇਸ ਮਾਮਲੇ ਵਿਚ ਨਾਮਜ਼ਦ ਮੁਲਜ਼ਮ ਸਤਬੀਰ ਸਿੰਘ ਦੇ ਪਰਿਵਾਰ ਨੇ ਮੀਡੀਆ ਸਾਹਮਣੇ ਆ ਕੇ ਵੱਡੇ ਇਲਜ਼ਾਮ ਲਗਾਏ ਹਨ। ਮੁਲਜ਼ਮ ਸਤਬੀਰ ਦੀ ਪਤਨੀ ਗੁਰਿੰਦਰ ਕੌਰ ਨੇ ਹੋਲੇ-ਮਹੱਲੇ ਦੌਰਾਨ ਕਤਲ ਕੀਤੇ ਗਏ ਨਿਹੰਗ ਸਿੰਘ ਪ੍ਰਦੀਪ ਸਿੰਘ 'ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਹਮਲਾ ਉਸ ਦੇ ਪਤੀ ਸਤਬੀਰ ਨੇ ਸਗੋਂ ਨਿਹੰਗ ਸਿੰਘ ਵੱਲੋਂ ਹਮਲਾ ਸਤਬੀਰ ਸਿੰਘ 'ਤੇ ਕੀਤਾ ਗਿਆ ਅਤੇ ਤਲਵਾਰ ਨਾਲ ਪਹਿਲਾਂ ਉਸ ਦੀ ਬਾਂਹ ਵੱਢ ਦਿੱਤੀ ਤੇ ਫਿਰ ਸਤਬੀਰ ਦਾ ਹੱਥ ਵੱਢਿਆ ਗਿਆ। ਉਸ ਦਾ ਕਹਿਣਾ ਹੈ ਕਿ ਜੇਕਰ ਸਤਬੀਰ ਦਾ ਹੱਥ ਹੀ ਵੱਢ ਦਿੱਤਾ ਗਿਆ ਤਾਂ ਉਹ ਉਸ ਦਾ ਕਤਲ ਕਿਵੇਂ ਕਰ ਸਕਦਾ ਹੈ? ਸਤਬੀਰ ਦੇ ਦੋਵੇਂ ਹੱਥ ਨਿਹੰਗ ਸਿੰਘ ਵੱਲੋਂ ਵੱਢ ਦਿੱਤੇ ਗਏ ਅਤੇ ਫਿਰ ਉਸ ਨੇ ਸਤਬੀਰ ਨੂੰ ਜੱਫੀ ਵੀ ਪਾਈ। ਬਿਨਾਂ ਜਾਂਚ ਦੇ ਉਸ ਨੂੰ ਮੁਲਜ਼ਮ ਬਣਾਇਆ ਗਿਆ ਹੈ।
ਪਤਨੀ ਨੇ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਸਾਨੂੰ ਵੀ ਦੁੱਖ਼ ਹੈ ਕਿ ਨਿਹੰਗ ਸਿੰਘ ਦੀ ਮੌਤ ਹੋ ਗਈ ਹੈ ਪਰ ਇਸ ਮਾਮਲੇ ਵਿਚ ਇੱਕ ਪੱਖ ਵੱਲ ਹੀ ਸੁਣਵਾਈ ਨਾ ਕੀਤੀ ਜਾਵੇ। ਅਸੀਂ ਗਰੀਬ ਹਾਂ, ਇਸ ਦਾ ਮਤਲਬ ਇਹ ਨਹੀਂ ਕਿ ਸਾਨੂੰ ਕੋਈ ਸੁਣੇ ਨਾ, ਅਸੀਂ ਵੀ ਗੁਰੂ ਘਰ ਸੇਵਾ ਕਰਨ ਜਾਂਦੇ ਹਾਂ, ਸਾਡੀ ਵੀ ਸੁਣੀ ਜਾਵੇ। ਗੁਰਿੰਦਰ ਕੌਰ ਨੇ ਕਿਹਾ ਕਿ ਜੇਕਰ ਸਤਬੀਰ ਦੇ ਹੱਥ ਹੀ ਵੱਢ ਦਿੱਤੇ ਗਏ ਸਨ ਤਾਂ ਉਹ ਕਾਤਲ ਕਿਵੇਂ ਹੋ ਸਕਦਾ ਹੈ? ਸਾਡੀ ਗੱਲ ਵੀ ਸੁਣੀ ਜਾਵੇ। ਉਥੇ ਹੀ ਪਿੰਡ ਵਾਲਿਆਂ ਨੇ ਵੀ ਆਪਣਾ ਪੱਖ ਰੱਖਿਆ ਹੈ। ਉਥੇ ਹੀ ਪਿੰਡ ਨਲਹੋਟੀ ਵਾਲਿਆਂ ਦਾ ਕਹਿਣਾ ਹੈ ਕਿ ਸਾਡੇ ਮੁੰਡਿਆਂ ਨੇ ਕੁਝ ਨਹੀਂ ਕੀਤਾ।
ਜ਼ਿਕਰਯੋਗ ਹੈ ਕਿ ਹੋਲੇ-ਮਹੱਲੇ ਦੌਰਾਨ ਕਤਲ ਕੀਤੇ ਗਏ ਪ੍ਰਦੀਪ ਸਿੰਘ ਬਿਨਾਂ ਸਾਇਲੈਂਸਰਾਂ ਤੋਂ ਘੁੰਮ ਰਹੇ ਮੋਟਰਸਾਈਕਲਾਂ ਅਤੇ ਵੱਡੇ-ਵੱਡੇ ਸਪੀਕਰ ਲਗਾ ਕੇ ਰੇਸਾਂ ਲਗਾ ਰਹੇ ਟ੍ਰੈਕਟਰਾਂ ਵਾਲਿਆਂ ਨੂੰ ਅਜਿਹੀ ਹੁੱਲੜਬਾਜ਼ੀ ਕਰਨ ਤੋਂ ਰੋਕ ਰਹੇ ਸਨ। ਇਸ ਦੌਰਾਨ ਕੁਝ ਨੌਜਵਾਨਾਂ ਦੀ ਪ੍ਰਦੀਪ ਸਿੰਘ ਨਾਲ ਬਹਿਸ ਹੋ ਗਈ ਅਤੇ ਲੜਾਈ ਝਗੜਾ ਸ਼ੁਰੂ ਹੋ ਗਿਆ, ਜਿਸ ਵਿਚ ਪ੍ਰਦੀਪ ਸਿੰਘ ਦੀ ਕੋਈ ਨੁਕੀਲੀ ਚੀਜ਼ ਵੱਜਣ ਨਾਲ ਮੌਤ ਹੋ ਗਈ। ਮ੍ਰਿਤਕ ਪ੍ਰਦੀਪ ਸਿੰਘ ਕੈਨੇਡਾ ਦਾ ਪੱਕਾ ਵਾਸੀ ਸੀ ਅਤੇ ਹੋਲਾ-ਮਹੱਲਾ ਮਨਾਉਣ ਲਈ ਸ੍ਰੀ ਅਨੰਦਪੁਰ ਸਾਹਿਬ ਆਇਆ ਹੋਇਆ ਸੀ। ਪ੍ਰਦੀਪ ਸਿੰਘ ਦਾ ਕਤਲ ਕਰਨ ਵਾਲੇ ਕਥਿਤ ਦੋਸ਼ੀ ਦੀ ਪਛਾਣ ਨਿਰੰਜਣ ਸਿੰਘ (ਨੂਰਪੁਰ ਬੇਦੀ) ਵਜੋਂ ਹੋ ਗਈ ਹੈ ਅਤੇ ਕਥਿਤ ਦੋਸ਼ੀ ਦੀ ਜੀਪ ਪੁਲਸ ਨੇ ਬਰਾਮਦ ਕਰ ਲਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।