ਪੰਜਾਬ ’ਚ ਵਧ ਰਹੇ ਕੋਰੋਨਾ ਦੇ ਮਾਮਲਿਆਂ ਕਾਰਨ ਇਨ੍ਹਾਂ 6 ਜ਼ਿਲ੍ਹਿਆਂ ’ਚ ਲੱਗਿਆ ਨਾਈਟ ਕਰਫ਼ਿਊ
Friday, Mar 12, 2021 - 03:42 PM (IST)
ਜਲੰਧਰ (ਵੈੱਬ ਡੈਸਕ) : ਦੇਸ਼ ਦੇ ਜਿਨ੍ਹਾਂ 6 ਸੂਬਿਆਂ ’ਚ ਤੇਜ਼ੀ ਨਾਲ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਫੈਲ ਰਹੀ ਹੈ, ਉਨ੍ਹਾਂ ’ਚ ਪੰਜਾਬ ਵੀ ਸ਼ਾਮਲ ਹੈ। ਪੰਜਾਬ ’ਚ ਪਿਛਲੇ 24 ਘੰਟਿਆਂ ’ਚ 1309 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਕੱਲ 18 ਲੋਕਾਂ ਦੀ ਕੋਰੋਨਾ ਕਾਰਨ ਮੌਤ ਵੀ ਹੋ ਗਈ ਹੈ। ਵਧਦੇ ਕੋਰੋਨਾ ਮਾਮਲਿਆਂ ’ਚ ਹੁਣ ਤੱਕ 6 ਜ਼ਿਲ੍ਹਿਆਂ ’ਚ ਨਾਈਟ ਕਰਫਿਊ ਲਾਗੂ ਕੀਤਾ ਗਿਆ ਹੈ, ਜਿਨ੍ਹਾਂ ’ਚ ਪਟਿਆਲਾ, ਲੁਧਿਆਣਾ, ਜਲੰਧਰ, ਨਵਾਂਸ਼ਹਿਰ, ਹੁਸ਼ਿਆਰਪੁਰ ਅਤੇ ਕਪੂਰਥਲਾ ਸ਼ਾਮਲ ਹਨ। ਇਨ੍ਹਾਂ ਜ਼ਿਲ੍ਹਿਆਂ ਦੇ ਡੀ. ਸੀ. ਵਲੋਂ ਇਹ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਕੋਰੋਨਾ ਲਾਗ ਦੀ ਬੀਮਾਰੀ ਅਜੇ ਖ਼ਤਮ ਨਹੀਂ ਹੋਈ ਹੈ। ਇਸ ਕਾਰਨ ਇਨ੍ਹਾਂ ਜ਼ਿਲ੍ਹਿਅਾਂ ’ਚ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਵੇਲੇ ਪ੍ਰਭਾਵਿਤਾਂ ਦੇ ਸੰਪਰਕ ਦਾ ਪਤਾ ਲਾਉਣ ’ਚ ਕਮੀ, ਕੋਵਿਡ-19 ਸਬੰਧੀ ਢੁਕਵੇਂ ਤੌਰ-ਤਰੀਕੇ ਨਾ ਅਪਣਾਉਣ, ਭਾਰੀ ਭੀੜ ਆਦਿ ਇਸ ਦੇ ਪ੍ਰਮੁੱਖ ਕਾਰਣ ਹਨ।
ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ’ਚ 2 ਸਾਲਾ ਬੱਚੀ ਸਮੇਤ 200 ਲੋਕਾਂ ਦੀ ‘ਕੋਰੋਨਾ’ ਰਿਪੋਰਟ ਪਾਜ਼ੇਟਿਵ
ਪੰਜਾਬ ’ਚ ਕੋਰੋਨਾ ਦੀ ਸਥਿਤੀ
ਤਾਜ਼ਾ ਅੰਕੜਿਆਂ ਦੇ ਮੁਤਾਬਕ ਪੰਜਾਬ ’ਚ ਹੁਣ ਤੱਕ 1 ਲੱਖ 93 ਹਜ਼ਾਰ 364 ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 5,999 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਇੱਥੇ ਰਾਹਤ ਦੀ ਗੱਲ ਇਹ ਹੈ ਕਿ ਕੋਰੋਨਾ ਲਾਗ ਦੀ ਬੀਮਾਰੀ ਤੋਂ 1,77,281 ਲੋਕ ਤੰਦਰੁਸਤ ਹੋ ਕੇ ਘਰਾਂ ਨੂੰ ਵੀ ਪਰਤ ਚੁੱਕੇ ਹਨ ਅਤੇ 10,084 ਲੋਕਾਂ ਦਾ ਇਲਾਜ ਅਜੇ ਵੀ ਜਾਰੀ ਹੈ।
ਇਨ੍ਹਾਂ 6 ਸੂਬਿਆਂ ’ਚ ਕੋਰੋਨਾ ਦੀ ਸਥਿਤੀ
ਸੂਬੇ | ਪਾਜ਼ੇਟਿਵ ਕੇਸ | ਐਕਟਿਵ ਕੇਸ | ਠੀਕ ਹੋਏ | ਮੌਤਾਂ |
ਪਟਿਆਲਾ | 18087 | 907 | 16654 | 526 |
ਲੁਧਿਆਣਾ | 28323 | 915 | 26362 | 1046 |
ਜਲੰਧਰ | 23232 | 1330 | 21152 | 750 |
ਨਵਾਂਸ਼ਹਿਰ | 5510 | 1363 | 4014 | 133 |
ਹੁਸ਼ਿਆਰਪੁਰ | 10013 | 952 | 8665 | 396 |
ਕਪੂਰਥਲਾ | 6519 | 887 | 5418 | 214 |
ਇਹ ਵੀ ਪੜ੍ਹੋ : ਆਯੁਸ਼ਮਾਨ ਸਕੀਮ ਘੋਟਾਲੇ ’ਚ ਸ਼ਾਮਲ ਕਾਂਗਰਸੀ ਆਗੂਆਂ ਦੇ ਨਾਂ ਨਸ਼ਰ ਕਰੇ ਸਰਕਾਰ : ਹਰਪਾਲ ਚੀਮਾ
ਕੇਂਦਰ ਨੇ ਵੀ ਕੀਤਾ ਸਾਵਧਾਨ–ਲਾਪ੍ਰਵਾਹੀ ਨਾ ਵਰਤੋ, ਅਜੇ ਖਤਮ ਨਹੀਂ ਹੋਈ ਮਹਾਮਾਰੀ
ਕੋਵਿਡ ਦੇ ਮਾਮਲਿਆਂ ਵਿਚ ਵਾਧੇ ’ਤੇ ਚਿੰਤਾ ਪ੍ਰਗਟ ਕਰਦਿਆਂ ਕੇਂਦਰ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਲਾਪ੍ਰਵਾਹੀ ਨਾ ਵਰਤਣ ਦੀ ਸਲਾਹ ਦਿੱਤੀ ਕਿਉਂਕਿ ਮਹਾਮਾਰੀ ਅਜੇ ਖਤਮ ਨਹੀਂ ਹੋਈ। ਨੀਤੀ ਆਯੋਗ ਦੇ ਮੈਂਬਰ (ਸਿਹਤ) ਵੀ. ਕੇ. ਪਾਲ ਨੇ ਖਾਸ ਤੌਰ ’ਤੇ ਮਹਾਰਾਸ਼ਟਰ ਵਿਚ ਕੋਰੋਨਾ ਵਾਇਰਸ ਦੀ ਸਥਿਤੀ ਚਿੰਤਾਨਜਕ ਦੱਸੀ। ਦਿੱਲੀ ਤੇ ਆਸ-ਪਾਸ ਦੇ ਇਲਾਕੇ ਲਈ ਸਾਵਧਾਨ ਕਰਦਿਆਂ ਪਾਲ ਨੇ ਕਿਹਾ ਕਿ ਕੌਮੀ ਰਾਜਧਾਨੀ ਵਿਚ ਇਨਫੈਕਸ਼ਨ ਦਰ ਵਧ ਰਹੀ ਹੈ ਅਤੇ ਇਹੀ ਹਾਲ ਗੁਰੂਗ੍ਰਾਮ, ਫਰੀਦਾਬਾਦ, ਗੌਤਮ ਬੁੱਧ ਨਗਰ ਤੇ ਗਾਜ਼ੀਆਬਾਦ ਦਾ ਵੀ ਹੈ। ਮਹਾਰਾਸ਼ਟਰ, ਕੇਰਲ, ਕਰਨਾਟਕ, ਗੁਜਰਾਤ ਅਤੇ ਤਾਮਿਲਨਾਡੂ ਤੋਂ ਲਗਾਤਾਰ ਕੋਵਿਡ-19 ਦੇ ਜ਼ਿਆਦਾ ਮਾਮਲੇ ਆਉਣ ਕਾਰਣ ਮੁੜ ਇਸ ਦਾ ਖ਼ਤਰਾ ਵਧ ਗਿਆ ਹੈ ਅਤੇ ਪਿਛਲੇ 24 ਘੰਟਿਆਂ ਵਿਚ ਦੇਸ਼ ’ਚ ਸਾਹਮਣੇ ਆਏ ਕੁਲ ਮਾਮਲਿਆਂ ਵਿਚ ਇਨ੍ਹਾਂ ਸੂਬਿਆਂ ਦੀ ਹਿੱਸੇਦਾਰੀ 85.91 ਫੀਸਦੀ ਰਹੀ। ਪਿਛਲੇ 24 ਘੰਟਿਆਂ ਵਿਚ ਦੇਸ਼ ’ਚ ਕੋਵਿਡ-19 ਦੇ 22,854 ਮਾਮਲੇ ਸਾਹਮਣੇ ਆਏ। ਨਵੇਂ ਮਾਮਲਿਆਂ ਵਿਚ ਸਭ ਤੋਂ ਵੱਧ 13,659 ਮਾਮਲੇ ਮਹਾਰਾਸ਼ਟਰ ਤੋਂ ਹਨ। ਇਹ ਦੇਸ਼ ਵਿਚ ਕੁਲ ਮਾਮਲਿਆਂ ਦਾ ਲਗਭਗ 60 ਫੀਸਦੀ ਹੈ। ਇਸ ਤੋਂ ਬਾਅਦ ਕੇਰਲ ਵਿਚ 2,475 ਮਾਮਲੇ ਸਾਹਮਣੇ ਆਏ ਹਨ। ਮਹਾਰਾਸ਼ਟਰ ਵਿਚ ਸਭ ਤੋਂ ਵੱਧ 54 ਵਿਅਕਤੀਆਂ ਦੀ ਮੌਤ ਹੋਈ। ਇਸ ਤੋਂ ਬਾਅਦ ਕੇਰਲ ਵਿਚ 14 ਵਿਅਕਤੀਆਂ ਦੀ ਮੌਤ ਹੋਈ। ਉੱਧਰ ਮਹਾਰਾਸ਼ਟਰ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਨਾਗਪੁਰ ਵਿਚ ਪੂਰਨ ਤਾਲਾਬੰਦੀ ਲਗਾ ਦਿੱਤੀ ਗਈ ਹੈ। ਸ਼ਹਿਰ ’ਚ 15 ਤੋਂ 21 ਮਾਰਚ ਤਕ ਪੂਰਨ ਲਾਕਡਾਊਨ ਰਹੇਗਾ।
ਨੋਟ : ਪੰਜਾਬ 'ਚ ਲਗਾਤਾਰ ਵੱਧ ਰਹੀ ਕੋਰੋਨਾ ਮਹਾਮਾਰੀ ਬਾਰੇ ਦਿਓ ਆਪਣੀ ਰਾਏ