ਹੁਣ ਅੰਮ੍ਰਿਤਪਾਲ ਦੇ ਮਾਮਲੇ 'ਚ NIA ਤੇ ਪੰਜਾਬ ਪੁਲਸ ਨੇ ਕਪੂਰਥਲਾ ਤੋਂ ਵਕੀਲ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਵਜ੍ਹਾ
Saturday, Apr 15, 2023 - 03:28 PM (IST)
ਕਪੂਰਥਲਾ/ਹੁਸ਼ਿਆਰਪੁਰ (ਚੰਦਰ, ਵਰਿੰਦਰ ਪੰਡਿਤ)- ਪੰਜਾਬ ਪੁਲਸ ਅਤੇ ਕੌਮੀ ਜਾਂਚ ਏਜੰਸੀ (ਐੱਨ.ਆਈ. ਏ) ਨੇ ਇਕ ਸਾਂਝੇ ਆਪ੍ਰੇਸ਼ਨ ਵਿੱਚ ਜ਼ਿਲ੍ਹਾ ਅਦਾਲਤ ਕਪੂਰਥਲਾ ਵਿੱਚ ਪ੍ਰੈਕਟਿਸ ਕਰ ਰਹੇ ਇਕ ਵਕੀਲ ਨੂੰ ਗ੍ਰਿਫ਼ਤਾਰ ਕੀਤਾ ਹੈ। ਪਤਾ ਲੱਗਾ ਹੈ ਕਿ ਵਕੀਲ ਰਾਜਦੀਪ ਸਿੰਘ ਨੇ ਫਰਾਰ ਚੱਲ ਰਹੇ ਅੰਮ੍ਰਿਤਪਾਲ ਸਿੰਘ ਬਾਰੇ ਆਪਣੀ ਫੇਸਬੁੱਕ ਵਾਲ 'ਤੇ ਕੁਝ ਸਮੱਗਰੀ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਪੰਜਾਬ ਪੁਲਸ ਅਤੇ ਐੱਨ. ਆਈ. ਏ. ਹਰਕਤ ਵਿੱਚ ਆ ਗਈ ਅਤੇ ਵਕੀਲ ਨੂੰ ਹਿਰਾਸਤ ਵਿੱਚ ਲੈ ਲਿਆ।
ਸੂਤਰਾਂ ਦੇ ਹਵਾਲੇ ਨਾਲ ਪਤਾ ਲੱਗਾ ਹੈ ਕਿ ਵਕੀਲ ਰਾਜਦੀਪ ਸਿੰਘ ਕੋਲੋਂ ਅੰਮ੍ਰਿਤਪਾਲ ਨਾਲ ਉਸ ਦੇ ਸੰਬੰਧਾਂ ਅਤੇ ਅੰਮ੍ਰਿਤਪਾਲ ਸਿੰਘ ਕਿੱਥੇ ਹੈ, ਬਾਰੇ ਪੁੱਛਿਗੱਛ ਕੀਤੀ ਜਾ ਰਹੀ ਹੈ। ਦੂਜੇ ਪਾਸੇ ਜ਼ਿਲ੍ਹਾ ਕਪੂਰਥਲਾ ਬਾਰ ਐਸੋਸੀਏਸ਼ਨ ਨੇ ਬਿਨਾਂ ਕਿਸੇ ਨੋਟਿਸ ਦੇ ਆਪਣੇ ਵਕੀਲ ਨੂੰ ਹਿਰਾਸਤ ਵਿੱਚ ਲੈਣ ਦਾ ਸਖ਼ਤ ਨੋਟਿਸ ਲਿਆ ਹੈ। ਇਸ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਸਾਬਕਾ CM ਚੰਨੀ ਦਾ ਵੱਡਾ ਖ਼ੁਲਾਸਾ, ਜੱਦੀ ਘਰ ਦੀ ਕੁਰਕੀ ਦੇ ਦਿੱਤੇ ਗਏ ਹੁਕਮ
ਕਪੂਰਥਲਾ ਅਦਾਲਤ 'ਚ ਅੱਜ ਕੋਈ ਕੰਮ ਨਹੀਂ
ਕਪੂਰਥਲਾ ਬਾਰ ਐਸੋਸੀਏਸ਼ਨ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਾਬਕ (ਗੋਡੇਵਾਲਾ) ਦੇ ਵਸਨੀਕ ਕਪੂਰਥਲਾ ਕੋਰਟ ਪ੍ਰੈਕਟੀਸ਼ਨਰ ਰਾਜਦੀਪ ਸਿੰਘ ਦੀ ਗ੍ਰਿਫ਼ਤਾਰੀ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। ਬਾਰ ਐਸੋਸੀਏਸ਼ਨ ਨੇ ਅਦਾਲਤ ਨੂੰ ਦੱਸਿਆ ਹੈ ਕਿ ਅੱਜ ਕੋਈ ਵੀ ਵਕੀਲ ਅਦਾਲਤ ਵਿੱਚ ਨਹੀਂ ਜਾਵੇਗਾ ਅਤੇ ਨੋ ਵਰਕ ਡੇਅ ਰੱਖਿਆ ਜਾਵੇਗਾ।
ਰਸਤੇ 'ਚੋਂ ਬਿਨਾਂ ਨੋਟਿਸ ਦੇ ਚੁੱਕਿਆ
ਬਾਰ ਐਸੋਸੀਏਸ਼ਨ ਨੇ ਨੋ ਵਰਕ ਡੇਅ ਐਲਾਨਦੇ ਹੋਏ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਰਾਜਦੀਪ ਸਿੰਘ ਪੌਂਟਾ ਸਾਹਿਬ ਤੋਂ ਵਾਪਸ ਆ ਰਿਹਾ ਸੀ ਜਦੋਂ ਉਸ ਨੂੰ ਪੰਜਾਬ ਪੁਲਸ ਅਤੇ ਐੱਨ. ਆਈ. ਏ. ਦੀ ਟੀਮ ਨੇ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਰਸਤੇ ਵਿੱਚ ਗ੍ਰਿਫ਼ਤਾਰ ਕਰ ਲਿਆ। ਉਸ ਦੀ ਗ੍ਰਿਫ਼ਤਾਰੀ ਸਿਰਫ਼ ਇਸ ਲਈ ਕੀਤੀ ਗਈ ਹੈ ਕਿਉਂਕਿ ਉਸ ਨੇ ਆਪਣੀ ਫੇਸਬੁੱਕ ਵਾਲ 'ਤੇ ਅੰਮ੍ਰਿਤਪਾਲ ਬਾਰੇ ਕੁਝ ਸਮੱਗਰੀ ਪਾਈ ਸੀ।
ਇਹ ਵੀ ਪੜ੍ਹੋ : ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਹਾਦਸੇ 'ਚ ਮ੍ਰਿਤਕ ਸ਼ਰਧਾਲੂਆਂ ਦੇ ਪਰਿਵਾਰਾਂ ਲਈ ਕੇਂਦਰ ਸਰਕਾਰ ਦਾ ਅਹਿਮ ਐਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।