ਸੰਗਰੂਰ ਲਈ ਵੱਡੀ ਰਾਹਤ ਦੀ ਖਬਰ, 51 ਵਿਅਕਤੀਆਂ ਨੇ ਦਿੱਤੀ ਕੋਰੋਨਾ ਨੂੰ ਮਾਤ
Friday, May 15, 2020 - 07:14 PM (IST)
ਸੰਗਰੂਰ, (ਬੇਦੀ)— ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚਲਦਿਆਂ ਸੰਗਰੂਰ ਜ਼ਿਲ੍ਹੇ ਲਈ ਅੱਜ ਵੱਡੀ ਰਾਹਤ ਵਾਲੀ ਖ਼ਬਰ ਆਈ, ਜਦੋਂ 51 ਵਿਅਕਤੀਆਂ ਨੇ ਕੋਵਿਡ-19 ਵਿਰੁੱਧ ਜੰਗ ਜਿੱਤ ਕੇ ਵੱਖ-ਵੱਖ ਕੋਵਿਡ ਕੇਅਰ ਸੈਂਟਰਾਂ ਤੋਂ ਆਪੋ-ਆਪਣੇ ਘਰਾਂ ਨੂੰ ਵਾਪਸੀ ਕੀਤੀ। ਇਸ ਮੌਕੇ ਹਸਪਤਾਲ ਦੇ ਸਟਾਫ਼ ਵੱਲੋਂ ਇਨ੍ਹਾਂ ਸਾਰੇ ਵਿਅਕਤੀਆਂ ਨੂੰ ਭਾਵੁਕ ਤੇ ਨਿੱਘੀ ਵਿਦਾਇਗੀ ਦਿੰਦਿਆਂ ਤਾੜੀਆਂ ਦੀ ਗੂੰਜ 'ਚ ਕੋਵਿਡ ਕੇਅਰ ਸੈਂਟਰਾਂ ਤੋਂ ਘਰ ਭੇਜਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ 5 ਪੋਜ਼ੇਟਿਵ ਮਰੀਜ਼ ਕੋਵਿਡ-19 ਨੂੰ ਮਾਤ ਦੇ ਕੇ ਸਫ਼ਲ ਇਲਾਜ ਤੋਂ ਬਾਅਦ ਆਪਣੇ ਘਰ ਜਾ ਚੁੱਕੇ ਹਨ ਅਤੇ ਇਸ ਵੇਲੇ ਸੰਗਰੂਰ ਜ਼ਿਲ੍ਹੇ 'ਚ 35 ਐਕਟਿਵ ਕੇਸ ਰਹਿ ਗਏ ਹਨ। ਇਸ ਮੌਕੇ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਨ੍ਹਾਂ 'ਚੋਂ ਲਗਭਗ ਸਾਰੇ ਹੀ ਮਰੀਜ਼ ਹਜ਼ੂਰ ਸਾਹਿਬ ਨਾਂਦੇੜ ਤੋਂ ਪਰਤੇ ਸਨ ਤੇ ਇੱਥੇ ਆਉਣ 'ਤੇ ਟੈਸਟਿੰਗ ਦੌਰਾਨ ਕੋਵਿਡ-19 ਤੋਂ ਪੀੜਤ ਪਾਏ ਗਏ ਸਨ।
ਉਨਾਂ ਕਿਹਾ ਕਿ ਅੱਜ ਕੋਵਿਡ-19 ਨੂੰ ਮਾਤ ਦੇਣ ਵਾਲੇ ਮਰੀਜ਼ਾਂ 'ਚ 16 ਸਿਹਤ ਵਿਭਾਗ ਦੇ ਸ਼ੇਰਪੁਰ ਬਲਾਕ ਦੇ ਵਾਸੀ ਸਨ, ਜਦਕਿ 10 ਕੌਹਰੀਆਂ, 7 ਫਤਿਹਗੜ ਪੰਜਗਰਾਂਈਆਂ, 6 ਸੰਗਰੂਰ, 5 ਲੌਂਗੋਵਾਲ ਅਤੇ 3-3 ਅਮਰਗੜ ਤੇ ਭਵਾਨੀਗੜ ਬਲਾਕ ਦੇ ਰਹਿਣ ਵਾਲੇ ਸਨ। ਸ਼੍ਰੀ ਘਨਸ਼ਿਆਮ ਥੋਰੀ ਨੇ ਕਿਹਾ ਕਿ ਹਾਲਾਂਕਿ ਇਹ ਕੋਵਿਡ-19 ਵਿਰੁੱਧ ਜੰਗ 'ਚ ਵੱਡੀ ਕਾਮਯਾਬੀ ਹੈ ਪਰ ਇਸ ਤੋਂ ਜੰਗ ਜਿੱਤਣ ਲਈ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਥੋੜੀ ਜਿਹੀ ਲਾਪਰਵਾਹੀ ਵੀ ਵੱਡਾ ਨੁਕਸਾਨ ਕਰ ਸਕਦੀ ਹੈ। ਉਨਾਂ ਸੰਗਰੂਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਇਕ ਦੂਜੇ ਤੋਂ ਆਪਸੀ ਦੂਰੀ ਬਣਾ ਕੇ ਰੱਖਣ ਅਤੇ ਆਪਣੇ ਮੂੰਹ 'ਤੇ ਮਾਸਕ ਜ਼ਰੂਰ ਪਾਉਣ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਣ ਜਾਂ ਸੈਨੇਟਾਈਜ਼ਰ ਨਾਲ ਜ਼ਰੂਰ ਸਾਫ਼ ਕਰਨ।
ਸ਼੍ਰੀ ਥੋਰੀ ਨੇ ਕਿਹਾ ਕਿ ਕੋਵਿਡ-19 ਇਕ ਵਿਅਕਤੀ ਤੋਂ ਦੂਜੇ ਦੇ ਸੰਪਰਕ 'ਚ ਆਉਣ ਨਾਲ ਫੈਲਦਾ ਹੈ ਕਿਉਂਕਿ ਇਹ ਇਕ ਲਾਗ ਦੀ ਬਿਮਾਰੀ ਹੈ ਅਤੇ ਬਾਹਰੀ ਇਲਾਕਿਆਂ ਖ਼ਾਸਕਰ ਇਸ ਤੋਂ ਪ੍ਰਭਾਵਤ ਇਲਾਕਿਆਂ ਤੋਂ ਸੰਗਰੂਰ ਜ਼ਿਲ੍ਹੇ 'ਚ ਵਾਪਸ ਆਉਣ ਵਾਲੇ ਲੋਕਾਂ ਨੂੰ ਇਸਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਜ਼ਿਲ੍ਹੇ 'ਚ ਬਾਹਰੋਂ ਪੁੱਜਣ ਉਪਰੰਤ ਤੁਰੰਤ ਇਸਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੰਟਰੋਲ ਰੂਮ ਨੰਬਰ 01672-232304 'ਤੇ ਦੇਣੀ ਚਾਹੀਦੀ ਹੈ ਤਾਂ ਜੋ ਸਬੰਧਤ ਵਿਅਕਤੀ ਦੇ ਤੁਰੰਤ ਸੈਂਪਲ ਲੈ ਕੇ ਉਸਨੂੰ ਬਾਕੀਆਂ ਤੋਂ ਵੱਖਰਾ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕੋਵਿਡ-19 ਵਿਰੁੱਧ ਜੰਗ ਜਿੱਤਣ ਲਈ ਸਭ ਦਾ ਸਹਿਯੋਗ ਮਹੱਤਵਪੂਰਨ ਹੈ ਕਿਉਂਕਿ ਇਕ ਵਿਅਕਤੀ ਵੱਲੋਂ ਕੀਤੀ ਗਈ ਭੁੱਲ ਵੱਡੀ ਗਿਣਤੀ 'ਚ ਲੋਕਾਂ 'ਤੇ ਭਾਰੂ ਪੈ ਸਕਦੀ ਹੈ। ਇਸ ਮੌਕੇ ਸਿਵਲ ਸਰਜਨ ਸੰਗਰੂਰ ਡਾ. ਰਾਜ ਕੁਮਾਰ, ਐੱਸ. ਐੱਮ. ਓ. ਡਾ. ਕਿਰਪਾਲ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਹਰਿੰਦਰਪਾਲ ਸਿੰਘ, ਹਸਪਤਾਲ ਐਡਮਿਨੀਸਟ੍ਰੇਟਰ ਡਾ. ਸੁਹਾਨੀ ਹਿਨਾ, ਡਾ. ਪਰਵੀਨ ਮੜਕਨ, ਡਾ. ਰਾਹੁਲ, ਡਾ. ਸੁਨੀਤਾ ਅਤੇ ਸਾਰਾ ਨਰਸਿੰਗ ਤੇ ਮੈਡੀਕਲ ਸਟਾਫ਼ ਵੀ ਹਾਜ਼ਰ ਸੀ।