ਨਵੇਂ ਮੰਤਰੀ ਬਲਕਾਰ ਸਿੰਘ ਨਾਲ ਖ਼ਾਸ ਗੱਲਬਾਤ, ਕਿਹਾ- ਸ਼ਹਿਰਾਂ ਦੇ ਵਿਕਾਸ ਤੇ ਪਾਰਦਰਸ਼ੀ ਪ੍ਰਸ਼ਾਸਨ ’ਤੇ ਰਹੇਗਾ ਫੋਕਸ

Thursday, Jun 01, 2023 - 12:19 PM (IST)

ਜਲੰਧਰ (ਧਵਨ)-ਪੰਜਾਬ ਪੁਲਸ ਦੇ ਸਾਬਕਾ ਡੀ. ਸੀ. ਪੀ. ਬਲਕਾਰ ਸਿੰਘ ਜੂਨ 2021 ’ਚ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਸਨ। ਉਨ੍ਹਾਂ ਨੂੰ ਪੰਜਾਬ ਮੰਤਰੀ ਮੰਡਲ ’ਚ ਕੈਬਨਿਟ ਮੰਤਰੀ ਵਜੋਂ ਸ਼ਾਮਲ ਕਰਨ ਤੋਂ ਬਾਅਦ ਇਕ ਵੱਡਾ ਅਤੇ ਮਹੱਤਵਪੂਰਨ ਸਥਾਨਕ ਸਰਕਾਰਾਂ ਦਾ ਵਿਭਾਗ ਸੌਂਪਿਆ ਗਿਆ ਹੈ। ਬਲਕਾਰ ਸਿੰਘ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਕਰਤਾਰਪੁਰ ਹਲਕੇ ਤੋਂ ਜੇਤੂ ਰਹੇ ਸਨ। ਨਵਾਂ ਵਿਭਾਗ ਅਤੇ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨਾਲ ਇਕ ਸੰਖੇਪ ਇੰਟਰਵਿਊ ਕੀਤੀ ਗਈ, ਜਿਸ ਦੇ ਮੁੱਖ ਭਾਗ ਇਸ ਪ੍ਰਕਾਰ ਹਨ :

ਸਵਾਲ : ਮੁੱਖ ਮੰਤਰੀ ਭਗਵੰਤ ਮਾਨ ਨੇ ਤੁਹਾਡੇ ’ਤੇ ਭਰੋਸਾ ਪ੍ਰਗਟ ਕਰਦੇ ਹੋਏ ਸਥਾਨਕ ਸਰਕਾਰਾਂ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਹੈ। ਤੁਹਾਡਾ ਮੁੱਖ ਏਜੰਡਾ ਹੁਣ ਕੀ ਰਹੇਗਾ?
ਜਵਾਬ :
ਮੁੱਖ ਮੰਤਰੀ ਭਗਵੰਤ ਮਾਨ ਦਾ ਸਭ ਤੋਂ ਪਹਿਲਾਂ ਉਹ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ’ਤੇ ਭਰੋਸਾ ਪ੍ਰਗਟਾਉਂਦੇ ਹੋਏ ਉਨ੍ਹਾਂ ਨੂੰ ਕੈਬਨਿਟ ਮੰਤਰੀ ਅਤੇ ਸਥਾਨਕ ਸਰਕਾਰਾਂ ਵਿਭਾਗ ਦਾ ਅਹੁਦਾ ਦਿੱਤਾ ਹੈ। ਉਹ ਇਸ ਵਿਭਾਗ ਨੂੰ ਚੁਣੌਤੀ ਵਜੋਂ ਲੈਣਗੇ। ਸ਼ਹਿਰਾਂ ’ਚ ਵਿਕਾਸ ਕਾਰਜਾਂ ’ਚ ਤੇਜ਼ੀ ਲਿਆਂਦੀ ਜਾਵੇਗੀ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਉਣ ਵੱਲ ਉਨ੍ਹਾਂ ਦੇ ਵਿਭਾਗ ਦਾ ਫੋਕਸ ਰਹੇਗਾ।

ਸਵਾਲ : ਸ਼ਹਿਰਾਂ ’ਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਨਿਗਮ ਚੋਣਾਂ ਵੀ ਕਰਵਾਈਆਂ ਜਾਣੀਆਂ ਹਨ?
ਜਵਾਬ :
ਨਿਗਮ ਚੋਣਾਂ ਨੂੰ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੀ ਜਿੱਤੇਗੀ, ਕਿਉਂਕਿ ਮਾਨ ਸਰਕਾਰ ਦੀਆਂ ਨੀਤੀਆਂ ਤੋਂ ਲੋਕ ਖ਼ੁਸ਼ ਹਨ। ਨਿਗਮ ਚੋਣਾਂ ਨੂੰ ਲੈ ਕੇ ਅਸੀਂ ਹਮੇਸ਼ਾ ਤਿਆਰ ਹਾਂ। ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਵੀ ਆਮ ਆਦਮੀ ਪਾਰਟੀ ਨੇ ਭਾਰੀ ਬਹੁਮਤ ਨਾਲ ਜਿੱਤਦੇ ਹੋਏ ਕਾਂਗਰਸ ਨੂੰ ਉਸ ਦੇ ਗੜ੍ਹ ਤੋਂ ਹਰਾਇਆ ਸੀ।

ਇਹ ਵੀ ਪੜ੍ਹੋ- ਮੁਫ਼ਤ ਬਿਜਲੀ ਲੈਣ ਵਾਲਿਆਂ ਲਈ ਅਹਿਮ ਖ਼ਬਰ, ਇਨ੍ਹਾਂ ਖ਼ਪਤਕਾਰਾਂ ਦੇ ਕੁਨੈਕਸ਼ਨ ਕੱਟਣ ਦੀ ਤਿਆਰੀ

ਸਵਾਲ-ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਸਮੇਤ ਕਈ ਸ਼ਹਿਰਾਂ ’ਚ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਦੀ ਜ਼ਿੰਮੇਵਾਰੀ ਤੁਹਾਡੇ ’ਤੇ ਰਹੇਗੀ?
ਜਵਾਬ-
ਸਿਰਫ਼ ਮਹਾਨਗਰ ਹੀ ਨਹੀਂ ਸਗੋਂ ਪੰਜਾਬ ਦੇ ਸਾਰੇ ਕਸਬਿਆਂ ’ਚ ਵੀ ਵਿਕਾਸ ਕਾਰਜਾਂ ਦੀ ਰਫ਼ਤਾਰ ਨੂੰ ਤੇਜ਼ ਕਰਨ ਦੀ ਜ਼ਿੰਮੇਵਾਰੀ ਮੇਰੇ ਮੋਢਿਆਂ ’ਤੇ ਹੋਵੇਗੀ ਅਤੇ ਉਹ ਇਸ ਨੂੰ ਬਾਖੂਬੀ ਨਿਭਾਉਣਗੇ। ਨਿਗਮਾਂ ਅਤੇ ਕੌਂਸਲਾਂ ’ਚ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਨਤਾ ਪ੍ਰਤੀ ਹੋਰ ਜਵਾਬਦੇਹ ਬਣਾਇਆ ਜਾਵੇਗਾ। ਜਨਤਕ ਸ਼ਿਕਾਇਤਾਂ ਦਾ ਨਿਪਟਾਰਾ ਪਹਿਲ ਦੇ ਆਧਾਰ ’ਤੇ ਹੋਵੇਗਾ।

ਸਵਾਲ-ਕੀ ਡੀ. ਸੀ. ਪੀ. ਵਜੋਂ ਕੰਮ ਕਰਨ ਦਾ ਪੁਰਾਣਾ ਤਜ਼ਰਬਾ ਹੁਣ ਮੰਤਰੀ ਬਣਨ ਅਤੇ ਲੋਕਲ ਬਾਡੀ ਵਿਭਾਗ ਲੈਣ ’ਚ ਕੰਮ ਆਇਆ ਹੈ?
ਜਵਾਬ-
ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਹੀ ਬਿਹਤਰ ਦੱਸ ਸਕਦੇ ਹਨ ਪਰ ਮੁੱਖ ਮੰਤਰੀ ਨੇ ਉਨ੍ਹਾਂ ’ਤੇ ਭਰੋਸਾ ਪ੍ਰਗਟ ਕਰਕੇ ਅਹਿਮ ਜ਼ਿੰਮੇਵਾਰੀ ਸੌਂਪੀ ਹੈ।

ਸਵਾਲ- ਕਾਰਪੋਰੇਸ਼ਨਾਂ ’ਚ ਪਾਰਦਰਸ਼ੀ ਸ਼ਾਸਨ ਦੇਣ ਦੇ ਸਰਕਾਰ ਦੇ ਏਜੰਡੇ ਨੂੰ ਹੀ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਹੋਵੇਗਾ।
ਜਵਾਬ-
ਕਾਰਪੋਰੇਸ਼ਨਾਂ ਅਤੇ ਕੌਂਸਲਾਂ ਦਾ ਕੰਮਕਾਜ ਪਾਰਦਰਸ਼ੀ ਢੰਗ ਨਾਲ ਚਲਾਇਆ ਜਾਵੇਗਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣ ਦੇ ਏਜੰਡੇ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਦਾ ਏਜੰਡਾ ਪੂਰੀ ਤਰ੍ਹਾਂ ਲਾਗੂ ਹੋਵੇਗਾ।

ਇਹ ਵੀ ਪੜ੍ਹੋ- ਪੰਜਾਬ ਪੁਲਸ ਵੱਲੋਂ ਬੰਬੀਹਾ ਗੈਂਗ ਦੇ 10 ਸ਼ੂਟਰਾਂ ਦੀਆਂ ਤਸਵੀਰਾਂ ਜਾਰੀ, ਗ੍ਰਿਫ਼ਤਾਰੀ ਲਈ ਹੋ ਰਹੀ ਛਾਪੇਮਾਰੀ

ਸਵਾਲ-ਕੀ ਤੁਸੀਂ ਸਮਝਦੇ ਹੋ ਕਿ ਜਲੰਧਰ ਲੋਕ ਸਭਾ ਸੀਟ ’ਚ ਆਪਣੇ ਕਰਤਾਰਪੁਰ ਵਿਧਾਨ ਸਭਾ ਹਲਕੇ ’ਚ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਭਾਰੀ ਲੀਡ ਦਿਵਾਉਣ ਦਾ ਇਨਾਮ ਤੁਹਾਨੂੰ ਮਿਲਿਆ ਹੈ?
ਜਵਾਬ-
ਇਸ ਬਾਰੇ ਹੋਰ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੈ। ਮੁੱਖ ਮੰਤਰੀ ਦੀ ਅਗਵਾਈ ’ਚ ਅਸੀਂ ਜਲੰਧਰ ਲੋਕ ਸਭਾ ਸੀਟ ਕਾਂਗਰਸ ਤੋਂ ਖੋਹ ਲਈ ਸੀ। ਜ਼ਿਮਨੀ ਚੋਣ ’ਚ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੇ ਆਪੋ-ਆਪਣੀ ਜ਼ਿੰਮੇਵਾਰੀ ਨਿਭਾਈ ਸੀ ਅਤੇ ਅੱਗੇ ਵੀ ਅਸੀਂ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਇਸੇ ਤਰ੍ਹਾਂ ਮਿਹਨਤ ਕਰਦੇ ਰਹਾਂਗੇ। ਸਾਨੂੰ ਜਨਤਾ ਦੇ ਵਿਚਕਾਰ ਬਣੇ ਰਹਿਣਾ ਹੈ ਅਤੇ ਅੱਗੇ ਵੀ ਘਰ-ਘਰ ਪ੍ਰਚਾਰ ਕਰਨਾ ਹੈ।

ਸਵਾਲ-ਸਥਾਨਕ ਸਰਕਾਰਾਂ ਵਿਭਾਗ ਵਰਗੀ ਅਹਿਮ ਜ਼ਿੰਮੇਵਾਰੀ ਮਿਲਣ ’ਤੇ ਤੁਸੀਂ ਕਿਵੇਂ ਦਾ ਮਹਿਸੂਸ ਕਰ ਰਹੇ ਹੋ?
ਜਵਾਬ-
ਸਥਾਨਕ ਸਰਕਾਰਾਂ ਵਿਭਾਗ ਬਹੁਤ ਵੱਡਾ ਵਿਭਾਗ ਹੈ ਅਤੇ ਵੱਡਾ ਵਿਭਾਗ ਹੋਣ ਕਰਕੇ ਜ਼ਿੰਮੇਵਾਰੀ ਵੀ ਵੱਡੀ ਹੋ ਜਾਂਦੀ ਹੈ। ਸਾਰਿਆਂ ਨੂੰ ਭਰੋਸੇ ’ਚ ਲੈ ਕੇ ਚੱਲਣਾ ਹੋਵੇਗਾ ਅਤੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਦਿਨ ਰਾਤ ਕੰਮ ਕਰਨਾ ਹੋਵੇਗਾ। ਅਸੀਂ ਇਕ ਦਿਨ ਵੀ ਬਰਬਾਦ ਨਹੀਂ ਕਰਾਂਗੇ। ਸ਼ਹਿਰਾਂ ’ਚ ਵਿਕਾਸ ਪ੍ਰਾਜੈਕਟਾਂ ਨੂੰ ਲੈ ਕੇ ਰੂਪ-ਰੇਖਾ ਤਿਆਰ ਹੋਵੇਗੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਜਲੰਧਰ ਸਮੇਤ ਸਾਰੇ ਸ਼ਹਿਰਾਂ ਦੇ ਵਿਕਾਸ ਪ੍ਰਾਜੈਕਟਾਂ ਲਈ ਨਵਾਂ ਏਜੰਡਾ ਤਿਆਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਫਗਵਾੜਾ: ਕ੍ਰਿਕਟ ਖੇਡਦੇ ਸਮੇਂ 12 ਸਾਲਾ ਬੱਚੇ ਨਾਲ ਵਾਪਰੀ ਅਣਹੋਣੀ, ਤੜਫ਼-ਤੜਫ਼ ਕੇ ਨਿਕਲੀ ਜਾਨ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News