ਇਨਸਾਨੀਅਤ ਸ਼ਰਮਸਾਰ : ਨਰਾਤਿਆਂ ''ਚ ਮਾਂ ਨੇ ਕੀਤਾ ਸ਼ਰਮਨਾਕ ਕਾਰਾ
Thursday, Apr 11, 2019 - 12:22 PM (IST)
ਰਾਜਾਸਾਂਸੀ (ਰਾਜਵਿੰਦਰ ਹੁੰਦਲ ) : ਅੱਜ ਦੀ ਜ਼ਿੰਦਗੀ 'ਚ ਬੇਸ਼ੱਕ ਲੋਕ ਲੜਕੀ ਅਤੇ ਲੜਕੇ ਨੂੰ ਬਰਾਬਰ ਸਮਝਣ ਦੀਆਂ ਗੱਲਾ ਕਰਦੇ ਹਨ ਪਰ ਅਜੇ ਵੀ ਕੁਝ ਲੋਕ ਲੜਕੀ ਨੂੰ ਸਮਾਜ 'ਚ ਪੈਦਾ ਕਰਨ ਤੋਂ ਡਰਦੇ ਹਨ। ਇਸ ਦਰਿੰਦਗੀ ਦੀ ਤਾਜ਼ਾ ਮਿਸਾਲ ਥਾਣਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਰਾਣੇਵਾਲੀ ਦੇ ਨਜ਼ਦੀਕ ਦੇਖਣ ਮਿਲੀ, ਜਿੱਥੇ ਨਹਿਰ 'ਤੇ ਬਣੇ ਘਰਾਟਾ 'ਚ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਨਵਜੰਮੀ ਬੱਚੀ ਨੂੰ ਨਹਿਰ 'ਚ ਸੁੱਟ ਕੇ ਜਾਨ ਤੋਂ ਮਾਰ ਦਿੱਤਾ ਗਿਆ।
ਇਸ ਸਬੰਧੀ ਕਰੀਬ ਰਾਤ 10 ਵਜੇ ਮੌਕੇ 'ਤੇ ਪੁੱਜੀ ਪੁਲਸ ਟੀਮ ਦੇ ਇੰਚਾਰਜ ਏ. ਐੱਸ. ਆਈ. ਪ੍ਰਗਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਰਾਣੇਵਾਲੀ ਤੋਂ ਫੋਨ 'ਤੇ ਸੂਚਨਾ ਮਿਲੀ ਸੀ ਕਿ ਨਹਿਰ 'ਚ ਕਿਸੇ ਬੱਚੇ ਦੀ ਲਾਸ਼ ਪਈ ਹੈ ਅਤੇ ਉਹ ਤੁਰੰਤ ਐਬੂਲੈਂਸ ਲੈ ਕੇ ਬੱਚੀ ਨੂੰ ਸਿਵਲ ਹਸਪਤਾਲ ਅਜਨਾਲਾ ਲੈ ਕੇ ਆਏ, ਜਿੱਥੇ ਡਾਕਟਰਾਂ ਵੱਲੋਂ ਬੱਚੀ ਨੂੰ ਮ੍ਰਿਤਕ ਕਰਾਰ ਦਿੱਤੇ ਜਾਣ 'ਤੇ ਲਾਸ਼ ਨੂੰ ਸ਼ਨਾਖਤ ਲਈ ਜਮਾ ਕਰਵਾ ਦਿੱਤਾ ਗਿਆ ਹੈ। ਇਸ ਮੌਕੇ ਮੌਜੂਦ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਜਗ੍ਹਾਂ 'ਤੇ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ। ਅਜਿਹੀਆਂ ਘਿਣਾਉਣੀਆਂ ਹਰਕਤਾਂ ਕਰਨ ਵਾਲੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।