ਅਮਰਿੰਦਰ ਸਰਕਾਰ ਪੰਜਾਬ ਪੁਲਸ ਦੇ ਜਵਾਨਾਂ ਨੂੰ ਦੇਵੇਗੀ ਨਵੇਂ ਸਾਲ ਦਾ ਤੋਹਫਾ

01/01/2018 11:27:43 AM

ਜਲੰਧਰ (ਧਵਨ) - ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਸੂਬਾਈ ਪੁਲਸ ਦੇ ਜਵਾਨਾਂ ਨੂੰ ਨਵੇਂ ਸਾਲ ਦਾ ਤੋਹਫਾ ਜਲਦੀ ਹੀ ਦਿੱਤਾ ਜਾ ਸਕਦਾ ਹੈ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਲਿਖਤੀ ਪ੍ਰੀਖਿਆ ਪਾਸ ਨਾ ਕਰਨ ਵਾਲੇ ਪੁਲਸ ਦੇ ਜਵਾਨਾਂ ਨੂੰ ਵੀ ਤਰੱਕੀ ਮਿਲ ਸਕੇਗੀ। ਇਸ ਲਈ ਜਲਦੀ ਹੀ ਨਿਯਮਾਂ 'ਚ ਸੋਧ ਵੀ ਕੀਤੀ ਜਾ ਸਕਦੀ ਹੈ। ਗ੍ਰਹਿ ਵਿਭਾਗ ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਕੋਲ ਹੈ। ਸੂਬਾਈ ਪੁਲਸ ਦੇ ਕਈ ਜਵਾਨਾਂ ਨੂੰ ਇਸ ਲਈ ਤਰੱਕੀਆਂ ਨਹੀਂ ਮਿਲ ਸਕੀਆਂ ਕਿਉਂਕਿ ਉਨ੍ਹਾਂ ਲਿਖਤੀ ਪ੍ਰੀਖਿਆ ਪਾਸ ਨਹੀਂ ਕੀਤੀ ਸੀ।
ਪੰਜਾਬ ਪੁਲਸ ਵਲੋਂ ਨਵੀਂ ਖਰੜਾ ਨੀਤੀ ਅਧੀਨ ਕਈ ਅਹਿਮ ਤਬਦੀਲੀਆਂ ਪੁਲਸ ਦੇ ਜਵਾਨਾਂ ਨੂੰ ਮਿਲਣ ਵਾਲੀ ਤਰੱਕੀ ਨੂੰ ਲੈ ਕੇ ਕੀਤੀਆਂ ਜਾਣੀਆਂ ਹਨ। ਇਹ ਨਵੀਂ ਨੀਤੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਚਾਰ ਅਧੀਨ ਹੈ। ਜੇ ਨਵੀਂ ਨੀਤੀ ਨੂੰ ਮੁੱਖ ਮੰਤਰੀ ਵਲੋਂ ਪ੍ਰਵਾਨਗੀ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਉਹ ਪੁਲਸ ਕਾਂਸਟੇਬਲ, ਜਿਨ੍ਹਾਂ ਦਾ ਸਰਵਿਸ ਰਿਕਾਰਡ ਵਧੀਆ ਹੋਵੇਗਾ ਤੇ ਜਿਨ੍ਹਾਂ ਦੀ ਏ. ਸੀ. ਆਰ. ਵੀ ਚੰਗੀ ਹੋਵੇਗੀ, ਨੂੰ ਬਿਨਾਂ ਪ੍ਰੀਖਿਆ ਪਾਸ ਕੀਤੇ ਹੀ ਤਰੱਕੀ ਮਿਲ ਸਕੇਗੀ। ਨਵੀਂ ਨੀਤੀ 'ਚ ਇਹ ਵਿਵਸਥਾ ਵੀ ਕੀਤੀ ਜਾ ਰਹੀ ਹੈ ਕਿ 35 ਸਾਲ ਦੀ ਸੇਵਾ ਕਰਨ ਵਾਲੇ ਪੁਲਸ ਮੁਲਾਜ਼ਮਾਂ ਨੂੰ ਇੰਸਪੈਕਟਰ ਬਣਾ ਦਿੱਤਾ ਜਾਏ।
ਪ੍ਰਸਤਾਵਿਤ ਨੀਤੀ ਮੁਤਾਬਿਕ ਜੇ 6 ਸਾਲ ਤੋਂ ਬਾਅਦ ਵੀ ਕੋਈ ਕਾਂਸਟੇਬਲ ਲਿਖਤੀ ਪ੍ਰੀਖਿਆ ਪਾਸ ਕਰਨ 'ਚ ਅਸਫਲ ਰਹਿੰਦਾ ਹੈ, ਤਾਂ ਵੀ ਉਸ ਨੂੰ ਹੈੱਡ ਕਾਂਸਟੇਬਲ ਬਣਾਉਣ 'ਤੇ ਵਿਚਾਰ ਕੀਤਾ ਜਾ ਸਕਦਾ ਹੈ। 24 ਸਾਲ ਦੀ ਸੇਵਾ ਕਰਨ ਵਾਲੇ ਮੁਲਾਜ਼ਮ ਨੂੰ ਏ. ਐੱਸ. ਆਈ. ਬਣਾਇਆ ਜਾ ਸਕੇਗਾ। 30 ਤੋਂ 35 ਸਾਲ ਦੀ ਸੇਵਾ ਕਰਨ ਵਾਲਿਆਂ ਨੂੰ ਇੰਸਪੈਕਟਰ ਬਣਾ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਪੁਲਸ ਮੁਖੀ ਸੁਰੇਸ਼ ਅਰੋੜਾ ਨੂੰ ਪੁਲਸ ਜਵਾਨਾਂ ਦੇ ਕਲਿਆਣ ਲਈ ਪ੍ਰੋਗਰਾਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।
ਪੁਲਸ ਜਵਾਨਾਂ ਦਾ ਵਧੇਗਾ ਮਨੋਬਲ
ਜੇ ਕੈਪਟਨ ਅਮਰਿੰਦਰ ਸਿੰਘ ਨਵੀਂ ਨੀਤੀ ਨੂੰ ਪ੍ਰਵਾਨਗੀ ਦੇ ਦਿੰਦੇ ਹਨ ਤਾਂ ਇਸ ਨਾਲ ਪੁਲਸ ਦੇ ਜਵਾਨਾਂ ਦਾ ਮਨੋਬਲ ਵਧੇਗਾ ਤੇ ਨਾਲ ਹੀ ਪੁਲਸ 'ਚ ਭਰਤੀ ਹੋਣ ਦੇ ਇੱਛੁਕ ਨੌਵਜਾਨ ਤੇਜ਼ੀ ਨਾਲ ਅੱਗੇ ਆਉਣਗੇ। ਕਾਂਸਟੇਬਲਾਂ ਲਈ ਇਸ ਸਮੇਂ ਬੀ-1 ਪ੍ਰੀਖਿਆ ਦਾ ਆਯੋਜਨ ਕੀਤਾ ਜਾਂਦਾ ਹੈ। ਤਰੱਕੀਆਂ ਲਈ ਅਹੁਦੇ ਸੀਮਤ ਹੁੰਦੇ ਹਨ, ਇਸ ਲਈ ਲਿਖਤੀ ਪ੍ਰੀਖਿਆ ਬਹੁਤ ਔਖੀ ਹੁੰਦੀ ਹੈ। ਕਾਂਗਰਸ ਸਰਕਾਰ ਪੁਲਸ ਜਵਾਨਾਂ ਅੰਦਰ ਕਿਸੇ ਤਰ੍ਹਾਂ ਦੀ ਨਿਰਾਸ਼ਾ ਦੀ ਭਾਵਨਾ ਪੈਦਾ ਨਹੀਂ ਹੋਣ ਦੇਣਾ ਚਾਹੁੰਦੀ।
 


Related News