ਨਵਾਂ ਸਾਲ ਮਨਾ ਕੇ ਘਰ ਆ ਰਹੇ ਇਕਲੌਤੇ ਪੁੱਤ ਦੀ ਹਾਦਸੇ ''ਚ ਮੌਤ

Wednesday, Jan 01, 2020 - 06:43 PM (IST)

ਨਵਾਂ ਸਾਲ ਮਨਾ ਕੇ ਘਰ ਆ ਰਹੇ ਇਕਲੌਤੇ ਪੁੱਤ ਦੀ ਹਾਦਸੇ ''ਚ ਮੌਤ

ਖਰੜ (ਅਮਰਦੀਪ) : ਨਵੇਂ ਸਾਲ ਦੀਆਂ ਖੁਸ਼ੀਆਂ ਮਨਾ ਕੇ ਘਰ ਵਾਪਸ ਜਾ ਰਹੇ ਇਕ ਨੌਜਵਾਨ ਦੀ ਚੜ੍ਹਦੇ ਨਵੇਂ ਸਾਲ ਦੀ ਰਾਤ 12 ਵਜੇ ਇਕ ਹਾਦਸੇ ਵਿਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਪੁੱਤਰ ਰਜਿੰਦਰ ਸਿੰਘ ਪਿੰਡ ਧਿਆਨਪੁਰਾ ਨੇੜੇ ਮੋਰਿੰਡਾ ਜ਼ਿਲਾ ਰੋਪੜ ਜੋ ਆਪਣੀ ਕਾਰ ਵਿਚ ਚੰਡੀਗੜ੍ਹ ਤੋਂ ਆਪਣੇ ਦੋਸਤਾਂ ਨਾਲ ਨਵੇਂ ਸਾਲ ਦੀਆਂ ਖੁਸ਼ੀਆਂ ਮਨਾ ਕੇ ਰਾਤ 12 ਵਜੇ ਦੇ ਕਰੀਬ ਘਰ ਵਾਪਸ ਜਾ ਰਿਹਾ ਸੀ ਕਿ 200 ਫੁੱਟ ਏਅਰ ਪੋਰਟ ਰੋਡ 'ਤੇ ਜਦੋਂ ਨੌਜਵਾਨ ਆਪਣੀ ਕਾਰ ਖੜ੍ਹੀ ਕਰਕੇ ਕਾਰ 'ਚੋਂ ਉਤਰਨ ਲੱਗਾ ਪਿਛੋਂ ਤੇਜ਼ ਰਫਤਾਰ ਨਾਲ ਆਉਂਦੀ ਇਕ ਕਾਰ ਨੇ ਉਸ ਨੂੰ ਫੇਟ ਮਾਰੀ ਸਿਟੇ ਵਜੋਂ ਨੌਜਵਾਨ ਗੰਭੀਰ ਫੱਟੜ ਹੋ ਗਿਆ। ਕਾਰ ਚਾਲਕ ਆਪਣੀ ਕਾਰ ਵਿਚੋਂ ਸਾਰੇ ਕਾਗਜ਼ਾਤ ਕੱਢ ਕੇ ਮੌਕੇ ਤੋਂ ਭੱਜਣ ਵਿਚ ਸਫਲ ਹੋ ਗਿਆ ਜਦਕਿ ਕਾਰ ਉਥੇ ਹੀ ਛੱਡ ਗਿਆ। 

ਇਸ ਦੌਰਾਨ ਰਾਹਗੀਰਾਂ ਨੇ ਤੁਰੰਤ ਫੱਟੜ ਨੌਜਵਾਨ ਨੂੰ ਸਿਵਲ ਹਸਪਤਾਲ ਖਰੜ ਲਿਆਂਦਾ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਦੋ ਸਾਲ ਪਹਿਲਾ ਹੀ ਉਸ ਦਾ ਵਿਆਹ ਹੋਇਆ ਸੀ ਅਤੇ ਉਹ ਆਪਣੇ ਪਿਛੇ ਪਤਨੀ ਅਤੇ ਡੇਢ ਸਾਲ ਦੀ ਲੜਕੀ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਿਆ। ਇਸ ਸਬੰਧੀ ਬਲੌਂਗੀ ਦੇ ਐੱਸ. ਐੱਚ. ਓ. ਇੰਸਪੈਕਟਰ ਮਨਫੂਲ ਸਿੰਘ ਨੇ ਦੱਸਿਆ ਕਿ ਕਾਰ ਕਬਜ਼ੇ ਵਿਚ ਅਣਪਛਾਤੇ ਕਾਰ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News