ਫਿਰੋਜ਼ਪੁਰ ਸ਼ਹਿਰ ਅੰਦਰ ਭਾਰੀ ਵਾਹਨਾਂ ਦੇ ਦਾਖ਼ਲੇ ਸਬੰਧੀ ਨਵੇਂ ਹੁਕਮ ਜਾਰੀ

11/22/2017 12:46:25 PM


ਫ਼ਿਰੋਜ਼ਪੁਰ (ਕੁਮਾਰ, ਮਨਦੀਪ, ਸੋਨੂੰ, ਪਰਮਜੀਤ, ਸ਼ੈਰੀ, ਕੁਲਦੀਪ, ਮਲਹੋਤਰਾ) - ਫ਼ਿਰੋਜ਼ਪੁਰ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਭਾਰੀ ਵਾਹਨਾਂ ਕਾਰਨ ਲੋਕਾਂ ਨੂੰ ਟ੍ਰੈਫ਼ਿਕ ਸਬੰਧੀ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਮੁੱਖ ਰੱਖਦੇ ਹੋਏ ਜ਼ਿਲਾ ਮੈਜਿਸਟ੍ਰੇਟ ਰਾਮਵੀਰ ਨੇ ਫ਼ਿਰੋਜ਼ਪੁਰ ਸ਼ਹਿਰ ਦੀਆਂ ਸੜਕਾਂ 'ਤੇ ਸਵੇਰੇ 8 ਤੋਂ ਰਾਤ 8 ਵਜੇ ਤੱਕ (ਐੱਫ. ਸੀ. ਆਈ. ਦੇ ਵਾਹਨਾਂ ਤੋਂ ਇਲਾਵਾ) ਭਾਰੀ ਵਾਹਨਾਂ ਦੀ ਆਵਾਜਾਈ 'ਤੇ ਪਾਬੰਦੀ ਦੇ ਆਦੇਸ਼ ਜਾਰੀ ਕੀਤੇ ਹਨ। ਜ਼ਿਲਾ ਮੈਜਿਸਟ੍ਰੇਟ ਨੇ ਦੱਸਿਆ ਕਿ ਏਰੀਆ ਮੈਨੇਜਰ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਵੱਲੋਂ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਫ਼ਿਰੋਜ਼ਪੁਰ ਸ਼ਹਿਰ ਤੋਂ ਬਾਹਰ ਭੇਜੇ ਜਾਣ ਵਾਲੇ ਮਾਲ (ਕਣਕ/ਚੌਲ) ਦੀ ਢੁਆਈ ਦਾ ਰੂਟ ਲੰਬਾ ਹੋਣ ਕਰ ਕੇ ਇਸ 'ਤੇ ਖਰਚਾ ਕਰੋੜਾਂ ਰੁਪਏ ਦਾ ਵਧ ਜਾਂਦਾ ਹੈ, ਜਿਸ ਕਾਰਨ ਸਰਕਾਰ ਦਾ ਕਾਫ਼ੀ ਮਾਲੀ ਨੁਕਸਾਨ ਹੁੰਦਾ ਹੈ। ਇਸ ਲਈ ਐੱਫ. ਸੀ. ਆਈ. ਨੂੰ ਇਨ੍ਹਾਂ ਆਦੇਸ਼ਾਂ ਤੋਂ ਛੋਟ ਦਿੱਤੀ ਜਾਵੇ।
ਜ਼ਿਲਾ ਮੈਜਿਸਟ੍ਰੇਟ ਨੇ ਦੱਸਿਆ ਕਿ ਫ਼ਿਰੋਜ਼ਪੁਰ ਸ਼ਹਿਰ ਦੇ ਮੋਰੀ ਗੇਟ, ਬਗ਼ਦਾਦੀ ਗੇਟ, ਜ਼ੀਰਾ ਗੇਟ, ਮੈਗਜ਼ੀਨੀ ਗੇਟ, ਮੁਲਤਾਨੀ ਗੇਟ ਆਦਿ ਇਲਾਕਿਆਂ ਵਿਚ ਸ਼ਨੀਵਾਰ ਅਤੇ ਐਤਵਾਰ 2 ਦਿਨਾਂ ਤੋਂ ਇਲਾਵਾ ਬਾਕੀ ਦਿਨਾਂ ਵਿਚ ਸਵੇਰੇ 8 ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਭਾਰੀ ਵਾਹਨਾਂ ਦੇ ਦਾਖਲੇ 'ਤੇ ਪਾਬੰਦੀ ਦੇ ਆਦੇਸ਼ ਜਾਰੀ ਰਹਿਣਗੇ ਜਦਕਿ ਐੱਫ. ਸੀ. ਆਈ. ਦੇ ਢੋਆ-ਢੁਆਈ ਵਾਲੇ ਵਾਹਨਾਂ 'ਤੇ ਇਹ ਆਦੇਸ਼ ਲਾਗੂ ਨਹੀਂ ਹੋਣਗੇ। ਅਜਿਹਾ ਬਾਜ਼ਾਰਾਂ ਵਿਚ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਕੀਤਾ ਗਿਆ ਹੈ। ਇਹ ਹੁਕਮ 1 ਦਸੰਬਰ 2017 ਤੋਂ 31 ਜਨਵਰੀ 2018 ਤੱਕ ਲਾਗੂ ਰਹੇਗਾ।


Related News