ਮਾਛੀਵਾੜਾ ਗੈਂਗਰੇਪ ਮਾਮਲੇ ’ਚ ਨਵਾਂ ਮੋੜ, ਗ੍ਰਿਫ਼ਤਾਰ ਨੌਜਵਾਨਾਂ ਦੇ ਹੱਕ ’ਚ ਨਿੱਤਰੇ ਪਿੰਡਵਾਸੀ

Saturday, Oct 23, 2021 - 04:59 PM (IST)

ਮਾਛੀਵਾੜਾ ਗੈਂਗਰੇਪ ਮਾਮਲੇ ’ਚ ਨਵਾਂ ਮੋੜ, ਗ੍ਰਿਫ਼ਤਾਰ ਨੌਜਵਾਨਾਂ ਦੇ ਹੱਕ ’ਚ ਨਿੱਤਰੇ ਪਿੰਡਵਾਸੀ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਥਾਣਾ ਅਧੀਨ ਪੈਂਦੇ ਪਿੰਡ ਸ਼ਤਾਬਗਡ਼੍ਹ ਵਿਖੇ ਖੇਤਾਂ ਵਿਚ ਇੱਕ ਕੁੜੀ ਨਾਲ ਗੈਂਗਰੇਪ ਕਰ ਉਸ ਨੂੰ ਨਸ਼ੀਲੀ ਵਸਤੂ ਖਿਲਾਉਣ ਕਾਰਨ ਹੋਈ ਮੌਤ ਉਪਰੰਤ ਇਸ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਪਿੰਡ ਦੇ ਲੋਕਾਂ ਨੇ ਇਸ ਮਾਮਲੇ ’ਚ ਗ੍ਰਿਫ਼ਤਾਰ ਨੌਜਵਾਨਾਂ ਦੇ ਹੱਕ ’ਚ ਨਿੱਤਰਦਿਆਂ ਅਹਿਮ ਖੁਲਾਸੇ ਕੀਤੇ ਅਤੇ ਪੁਲਸ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦੇ ਬੇਕਸੂਰ ਨੌਜਵਾਨਾਂ ਨੂੰ ਇਨਸਾਫ਼ ਦਿੱਤਾ ਜਾਵੇ। ਪਿੰਡ ਸ਼ਤਾਬਗੜ੍ਹ ਵਿਖੇ ਭਾਰੀ ਗਿਣਤੀ ’ਚ ਇਕੱਤਰ ਹੋਏ ਪਿੰਡ ਵਾਸੀਆਂ ਨੇ ਮਾਮਲੇ ’ਚ ਗ੍ਰਿਫ਼ਤਾਰ ਹੋਏ ਨੌਜਵਾਨ ਗੁਰਿੰਦਰ ਸਿੰਘ ਦੇ ਪਿਤਾ ਦਲੇਰ ਸਿੰਘ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ 17 ਅਕਤੂਬਰ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਨੇੜੇ ਸ਼ਾਮ ਨੂੰ ਲੜਾਈ ਹੋਈ ਸੀ, ਜਿਸ ਵਿਚ ਕੁੜੀ ਧਿਰ ਵਾਲਿਆਂ ਨੇ ਪਿੰਡ ਦੇ ਨੌਜਵਾਨ ਯਾਦਵਿੰਦਰ ਦੇ ਪਰਿਵਾਰਕ ਮੈਂਬਰਾਂ ਨਾਲ ਲੜਾਈ ਕੀਤੀ। ਦੋਵਾਂ ਧਿਰਾਂ ਵਿਚ ਇਹ ਲੜਾਈ ਮੁੰਡੇ ਯਾਦਵਿੰਦਰ ਵਲੋਂ ਕੁੜੀ ਨੂੰ ਕੀਤੇ ਮੋਬਾਇਲ ਫੋਨ ਕਾਰਨ ਹੋਈ, ਜਦਕਿ ਉਨ੍ਹਾਂ ਦਾ ਮੁੰਡਾ ਗੁਰਿੰਦਰ ਸਿੰਘ ਤਾਂ ਦੋਵਾਂ ਧਿਰਾਂ ਨੂੰ ਸਮਝਾ ਕੇ ਝਗੜਾ ਖ਼ਤਮ ਕਰਨਾ ਚਾਹੁੰਦਾ ਸੀ। ਕੁਝ ਹੀ ਸਮੇਂ ਬਾਅਦ ਜਦੋਂ ਮਾਮਲਾ ਥਾਣੇ ਪੁੱਜਾ ਤਾਂ ਨਵੀਂ ਰੰਗਤ ਦੇ ਦਿੱਤੀ ਗਈ ਕਿ ਕੁੜੀ ਨਾਲ ਗੈਂਗਰੇਪ ਹੋਇਆ ਅਤੇ ਉਸ ਨੂੰ ਨਸ਼ੀਲੀ ਵਸਤੂ ਖੁਆ ਦਿੱਤੀ ਗਈ। ਨੌਜਵਾਨ ਗੁਰਿੰਦਰ ਸਿੰਘ ਦੇ ਮਾਪਿਆਂ ਨੇ ਕਿਹਾ ਕਿ ਉਹ ਬਹੁਤ ਗਰੀਬ ਹਨ ਅਤੇ ਉਨ੍ਹਾਂ ਦੇ ਮੁੰਡੇ ਨੇ ਮਿਹਨਤ, ਮਜ਼ਦੂਰੀ ਕਰਕੇ ਬੀ. ਏ. ਪਾਸ ਕੀਤੀ, ਜੋ ਸ਼ੌਂਕ ਵਜੋਂ ਭਲਵਾਨੀ ਕਰਦਾ ਸੀ, ਜਿਸ ਨੇ ਕਈ ਇਨਾਮ ਵੀ ਜਿੱਤੇ। ਉਨ੍ਹਾਂ ਦੱਸਿਆ ਕਿ ਗੁਰਿੰਦਰ ਸਿੰਘ ਪੁਲਸ ’ਚ ਭਰਤੀ ਹੋਣ ਦੀ ਤਿਆਰੀ ਕਰ ਰਿਹਾ ਸੀ, ਜਿਸ ਨੂੰ ਗੈਂਗਰੇਪ ਦੇ ਝੂਠੇ ਮਾਮਲੇ ’ਚ ਫਸਾ ਦਿੱਤਾ ਗਿਆ। ਮਾਪਿਆਂ ਨੇ ਇਹ ਵੀ ਦੋਸ਼ ਲਗਾਇਆ ਕਿ ਜਿੱਥੇ ਦੂਜੀ ਧਿਰ ਗੈਂਗਰੇਪ ਹੋਣ ਦੀ ਗੱਲ ਕਰ ਰਹੀ ਹੈ, ਉਸ ਸਥਾਨ ’ਤੇ ਉਨ੍ਹਾਂ ਦਾ ਮੁੰਡਾ ਮੌਜੂਦ ਹੀ ਨਹੀਂ ਸੀ। ਇਸ ਤੋਂ ਇਲਾਵਾ ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਯਾਦਵਿੰਦਰ ਸਿੰਘ ਅਤੇ ਉਸਦੇ ਨਾਬਾਲਗ ਭਰਾ ਸਬੰਧੀ ਪੱਖ ਰੱਖਦਿਆਂ ਮਾਤਾ ਨੇ ਕਿਹਾ ਉਨ੍ਹਾਂ ਦੇ ਪੁੱਤਰਾਂ ਨੂੰ ਨਾਜਾਇਜ਼ ਫਸਾਇਆ ਗਿਆ ਹੈ।

ਇਹ ਵੀ ਪੜ੍ਹੋ : ਵਿਧਾਇਕ ਬੈਂਸ ’ਤੇ ਸਰੀਰਕ ਸੋਸ਼ਣ ਦੇ ਦੋਸ਼ ਲਾਉਣ ਵਾਲੀ ਔਰਤ ਦਾ ਯੂ-ਟਰਨ, ਵਾਪਸ ਲਈ ਦਰਖ਼ਾਸਤ

ਉਨ੍ਹਾਂ ਦੱਸਿਆ ਕਿ ਉਸਦੇ ਮੁੰਡੇ ਯਾਦਵਿੰਦਰ ਸਿੰਘ ਦੀ ਇਸ ਪਿੰਡ ਦੀ ਕੁੜੀ ਨਾਲ ਗੱਲਬਾਤ ਸੀ ਅਤੇ ਉਸ ਦਿਨ ਵੀ ਫੋਨ ਕਰਨ ਨੂੰ ਲੈ ਕੇ ਸਾਡੇ ਦੋਵਾਂ ਧਿਰਾਂ ਵਿਚਕਾਰ ਪਰਿਵਾਰਕ ਝਗੜਾ ਹੋਇਆ। ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਇਹ ਵੀ ਦੋਸ਼ ਲਗਾਇਆ ਕਿ ਉਸ ਦਿਨ ਕੁੜੀ ਨਾਲ ਕੋਈ ਗੈਂਗਰੇਪ ਨਹੀਂ ਹੋਇਆ ਸਗੋਂ ਜਦੋਂ ਦੂਜੇ ਪਰਿਵਾਰ ਨੂੰ ਮੁੰਡੇ-ਕੁੜੀ ਦੇ ਫੋਨ ’ਤੇ ਗੱਲਬਾਤ ਹੋਣ ਬਾਰੇ ਪਤਾ ਲੱਗਿਆ ਜਿਸ ਤੋਂ ਭੜਕ ਕੇ ਉਨ੍ਹਾਂ ਕੁੜੀ ਨਾਲ ਕੁੱਟਮਾਰ ਕੀਤੀ ਅਤੇ ਆਪਣੇ ਹੱਥੀਂ ਜ਼ਹਿਰ ਦੇ ਕੇ ਮਾਰ ਦਿੱਤਾ ਜਦਕਿ ਹੁਣ ਉਨ੍ਹਾਂ ਦੇ ਨੌਜਵਾਨ ਪੁੱਤਰਾਂ ਨੂੰ ਇਸ ਮਾਮਲੇ ’ਚ ਬੇਕਸੂਰ ਫਸਾ ਕੇ ਜੇਲ੍ਹ ਭੇਜ ਦਿੱਤਾ। ਇਸ ਤੋਂ ਇਲਾਵਾ ਇਕੱਤਰ ਹੋਏ ਪਿੰਡ ਵਾਸੀ ਜਰਨੈਲ ਸਿੰਘ, ਜੋਗਾ ਸਿੰਘ, ਗੁਰਮੇਲ ਸਿੰਘ, ਸੁੱਚਾ ਸਿੰਘ, ਲਾਭ ਸਿੰਘ, ਗੁਰਦੀਪ ਸਿੰਘ, ਗੁਰਦੇਵ ਸਿੰਘ, ਗੁਰਮੇਲ ਸਿੰਘ, ਦਰਸ਼ਨ ਸਿੰਘ, ਗੁਰਦੇਵ ਕੌਰ, ਗੁਰਦੀਪ ਕੌਰ ਨੇ ਵੀ ਪੁਲਸ ਦੇ ਉੱਚ ਅਧਿਕਾਰੀ, ਪੰਜਾਬ ਰਾਜ ਮਹਿਲਾ ਕਮਿਸ਼ਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਗੈਂਗਰੇਪ ਮਾਮਲੇ ਦੀ ਨਿਰਪੱਖਤਾ ਅਤੇ ਬਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਗ੍ਰਿਫ਼ਤਾਰ ਕੀਤੇ ਬੇਕਸੂਰ ਨੌਜਵਾਨਾਂ ਨੂੰ ਇਨਸਾਫ਼ ਮਿਲ ਸਕੇ।

ਇਹ ਵੀ ਪੜ੍ਹੋ : ਕੈਪਟਨ ’ਤੇ ਨਿੱਜੀ ਹਮਲਾ, ਪੰਜਾਬ ਕਾਂਗਰਸ ਦਾ ਡੈਮੇਜ ਕੰਟਰੋਲ, ਉੱਠੇ ਸਵਾਲ

ਕੋਈ ਆਪਣੀ ਧੀ ਨੂੰ ਜ਼ਹਿਰ ਦੇ ਕੇ ਕਿਵੇਂ ਮਾਰ ਸਕਦਾ : ਮਾਪੇ
ਜਦੋਂ ਇਸ ਸਬੰਧੀ ਗੈਂਗਰੇਪ ਪੀੜਤ ਕੁੜੀ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਨਾਲ ਸਮੂਹਿਕ ਜ਼ਬਰ- ਜਿਨਾਹ ਕਰਨ ਤੋਂ ਬਾਅਦ ਜ਼ਹਿਰ ਦੇ ਕੇ ਮਾਰਿਆ ਗਿਆ ਹੈ ਜਦਕਿ ਹੁਣ ਕਥਿਤ ਦੋਸ਼ੀ ਦੇ ਪਰਿਵਾਰਕ ਮੈਂਬਰ ਉਨ੍ਹਾਂ ਉੱਪਰ ਝੂਠੇ ਦੋਸ਼ ਲਗਾ ਰਹੇ ਹਨ। ਮਾਪਿਆਂ ਨੇ ਕਿਹਾ ਕਿ ਕੋਈ ਆਪਣੀ ਧੀ ਨੂੰ ਜ਼ਹਿਰ ਦੇ ਕੇ ਕਿਵੇਂ ਮਾਰ ਸਕਦਾ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਇਸ ਸਮੂਹਿਕ ਜ਼ਬਰ ਜਨਾਹ ਮਾਮਲੇ ਦੇ ਕਥਿਤ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇ ਸਾਨੂੰ ਇਨਸਾਫ਼ ਦਿਵਾਇਆ ਜਾਵੇ। 

ਇਹ ਵੀ ਪੜ੍ਹੋ : ਢਿੱਡ ’ਚ ਚਾਕੂ ਮਾਰ ਕੇ ਕੀਤੀ ਔਰਤ ਦੀ ਹੱਤਿਆ, ਪੁਲਸ ਨੇ ਗੁਆਂਢੀ ਕੀਤਾ ਗ੍ਰਿਫਤਾਰ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News