ਪ੍ਰੇਮੀ ਜੋੜੇ ਵੱਲੋਂ ਸਲਫ਼ਾਸ ਨਿਗਲਣ ਦੇ ਮਾਮਲੇ ’ਚ ਨਵਾਂ ਮੋੜ, ਹੋਇਆ ਹੈਰਾਨੀਜਨਕ ਖ਼ੁਲਾਸਾ
Sunday, Apr 30, 2023 - 11:05 PM (IST)
 
            
            ਸ਼ਾਹਕੋਟ (ਤ੍ਰੇਹਨ, ਅਰਸ਼ਦੀਪ) : ਬੀਤੀ ਸ਼ਾਮ ਪਿੰਡ ਮੀਏਂਵਾਲ ਅਰਾਈਆਂ ਵਿਖੇ ਪ੍ਰੇਮੀ ਜੋੜੇ ਵੱਲੋਂ ਸਲਫ਼ਾਸ ਦੀਆਂ ਗੋਲ਼ੀਆਂ ਨਿਗਲਣ ਦਾ ਸਮਾਚਾਰ ਮਿਲਿਆ ਸੀ। ਇਸ ਦੌਰਾਨ ਲੜਕੀ ਦੀ ਬੀਤੇ ਕੱਲ੍ਹ ਹੀ ਮੌਤ ਹੋ ਗਈ ਸੀ ਅਤੇ ਲੜਕੇ ਨੇ ਅੱਜ ਦਮ ਤੋੜ ਦਿੱਤਾ। ਇਸ ਮਾਮਲੇ ਨੇ ਅੱਜ ਨਵਾਂ ਮੋੜ ਲਿਆ ਤੇ ਮਾਮਲਾ ਆਨਰ ਕਿਲਿੰਗ ਦਾ ਨਿਕਲਿਆ। ਪ੍ਰੇਮੀ ਜੋੜੇ ਨੇ ਖੁਦ ਨਿਗਲਿਆ ਨਹੀਂ ਸੀ ਜ਼ਹਿਰ, ਬਲਕਿ ਦੋਵਾਂ ਦੇ ਮੂੰਹ 'ਚ ਲੜਕੀ ਦੇ ਘਰਦਿਆਂ ਵੱਲੋਂ ਜਬਰੀ ਸਲਫ਼ਾਸ ਦੀਆਂ ਗੋਲੀਆਂ ਪਾਈਆਂ ਗਈਆਂ ਸਨ।
ਇਹ ਵੀ ਪੜ੍ਹੋ : ਲੁਧਿਆਣਾ ਤੋਂ ਬਾਅਦ ਹੁਣ ਕਪੂਰਥਲਾ 'ਚ ਵਾਪਰਿਆ ਹਾਦਸਾ, ਕੋਲਡ ਸਟੋਰ ਦੀ ਗੈਸ ਪਾਈਪ 'ਚ ਹੋਇਆ ਧਮਾਕਾ
ਥਾਣਾ ਮੁਖੀ ਬਲਜੀਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ 'ਚ ਮ੍ਰਿਤਕ ਲੜਕਾ ਤੇ ਲੜਕੀ ਨੇ ਖੁਦ ਜ਼ਹਿਰ ਨਹੀਂ ਨਿਗਲਿਆ, ਬਲਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਜਬਰੀ ਉਨ੍ਹਾਂ ਦੇ ਮੂੰਹ 'ਚ ਸਲਫ਼ਾਸ ਦੀਆਂ ਗੋਲ਼ੀਆਂ ਪਾਈਆਂ ਸਨ। ਮ੍ਰਿਤਕ ਗੁਰਸ਼ਰਨਪ੍ਰੀਤ ਸਿੰਘ ਦੇ ਜੀਜਾ ਬਲਵਿੰਦਰ ਸਿੰਘ ਵੱਲੋਂ ਦਿੱਤੇ ਬਿਆਨ ਅਨੁਸਾਰ ਲੜਕੀ ਦੇ ਰਿਸ਼ਤੇਦਾਰ ਬੂਟਾ ਰਾਮ ਵਾਸੀ ਮੀਏਂਵਾਲ ਅਰਾਈਆਂ, ਜੋਗਾ ਵਾਸੀ ਸ਼ੇਖੇਵਾਲ ਅਤੇ ਸ਼ੁਭਮ ਵਾਸੀ ਸਲੈਚਾਂ ਗੁਰਸ਼ਰਨਪ੍ਰੀਤ ਨੂੰ ਸਾਡੇ ਘਰੋਂ ਕੁੱਟਮਾਰ ਕਰਦਿਆਂ ਜ਼ਬਰਦਸਤੀ ਧੂਹ ਕੇ ਆਪਣੇ ਘਰ ਲੈ ਗਏ, ਜਿੱਥੇ ਉਨ੍ਹਾਂ ਗੁਰਸ਼ਰਨਪ੍ਰੀਤ ਦੇ ਮੂੰਹ 'ਚ ਸਲਫ਼ਾਸ ਦੀਆਂ ਗੋਲ਼ੀਆਂ ਪਾ ਦਿੱਤੀਆਂ।
ਇਹ ਵੀ ਪੜ੍ਹੋ : ਮੁਹੱਲੇ 'ਚ ਖੁੱਲ੍ਹੇ ਸ਼ਰਾਬ ਦੇ ਠੇਕੇ ਦਾ ਲੋਕਾਂ ਨੇ ਕੀਤਾ ਵਿਰੋਧ, ਪੁਲਸ ਤੱਕ ਪਹੁੰਚ ਗਿਆ ਮਾਮਲਾ (ਵੀਡੀਓ)
ਉਨ੍ਹਾਂ ਦੱਸਿਆ ਕਿ ਮ੍ਰਿਤਕ ਲੜਕੇ ਦੇ ਰਿਸ਼ਤੇਦਾਰ ਬਲਵਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਪਿੰਡ ਨਿਹਾਲੂਵਾਲ ਦੇ ਬਿਆਨ 'ਤੇ ਮ੍ਰਿਤਕ ਲੜਕੀ ਦੇ ਪਿਤਾ ਬੂਟਾ ਰਾਮ, ਜੋਗਾ ਅਤੇ ਸ਼ੁਭਮ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 304 ਅਧੀਨ ਕੇਸ ਦਰਜ ਕੀਤਾ ਗਿਆ ਹੈ। ਪੁਲਸ ਵੱਲੋਂ ਕੇਸ ਦੀ ਬਾਰੀਕੀ ਨਾਲ ਤਫਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਉਪਰੰਤ ਵਾਰਿਸਾਂ ਨੂੰ ਲਾਸ਼ਾਂ ਸੌਂਪ ਦਿੱਤੀਆਂ ਗਈਆਂ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            