ਕੈਂਬ੍ਰਿਜ ਦੀ ਵਿਦਿਆਰਥਣ ਦੇ ਚੌਥੀ ਮੰਜ਼ਿਲ ਤੋਂ ਡਿੱਗਣ ਦੇ ਮਾਮਲੇ ''ਚ ਆਇਆ ਨਵਾਂ ਮੋੜ

Saturday, Feb 17, 2018 - 04:25 AM (IST)

ਕੈਂਬ੍ਰਿਜ ਦੀ ਵਿਦਿਆਰਥਣ ਦੇ ਚੌਥੀ ਮੰਜ਼ਿਲ ਤੋਂ ਡਿੱਗਣ ਦੇ ਮਾਮਲੇ ''ਚ ਆਇਆ ਨਵਾਂ ਮੋੜ

ਜਲੰਧਰ, (ਕਮਲੇਸ਼)- 10 ਜਨਵਰੀ ਨੂੰ ਨਿਊ ਬਾਰਾਂਦਰੀ ਸਥਿਤ ਸਕੂਲ ਵਿਚ ਪੜ੍ਹਨ ਵਾਲੀ 10ਵੀਂ ਕਲਾਸ ਦੀ ਵਿਦਿਆਰਥਣ ਖੁਸ਼ੀ ਚੌਥੀ ਮੰਜ਼ਿਲ ਤੋਂ ਡਿੱਗ ਕੇ ਗੰਭੀਰ ਜ਼ਖਮੀ ਹੋ ਗਈ ਸੀ। ਹੁਣ ਇਸ ਮਾਮਲੇ ਵਿਚ ਨਵਾਂ ਮੋੜ ਆਇਆ ਹੈ, ਅੱਜ ਖੁਸ਼ੀ ਦੇ ਮਾਤਾ-ਪਿਤਾ ਤੇ ਰਿਸ਼ਤੇਦਾਰਾਂ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਕੈਂਬ੍ਰਿਜ ਸਕੂਲ ਦੇ ਹੀ ਦੋ ਵਿਦਿਆਰਥੀਆਂ 'ਤੇ ਗੰਭੀਰ ਦੋਸ਼ ਲਾਏ। ਖੁਸ਼ੀ ਦੇ ਪਿਤਾ ਨਵੀਨ ਗੁਪਤਾ ਨੇ ਕਿਹਾ ਕਿ ਸਕੂਲ ਦੀ ਚੌਥੀ ਮੰਜ਼ਿਲ ਤੋਂ ਡਿੱਗਣ ਤੋਂ ਬਾਅਦ ਉਨ੍ਹਾਂ ਦੀ ਬੇਟੀ 13 ਦਿਨ ਆਈ. ਸੀ. ਯੂ. ਵਿਚ ਰਹੀ ਤੇ ਉਨ੍ਹਾਂ ਨੇ ਉਸਦੇ ਠੀਕ ਹੋਣ ਦੀ ਆਸ ਛੱਡ ਬੈਠੇ ਸਨ ਪਰ 5 ਦਿਨ ਪਹਿਲਾਂ ਹੀ ਉਨ੍ਹਾਂ ਦੀ ਬੇਟੀ ਹੋਸ਼ ਵਿਚ ਆ ਗਈ ਤੇ ਹੋਸ਼ ਵਿਚ ਆਉਣ ਤੋਂ ਬਾਅਦ ਜਦੋਂ ਉਨ੍ਹਾਂ ਖੁਸ਼ੀ ਕੋਲੋਂ ਛੱਤ ਤੋਂ ਡਿਗਣ ਦਾ ਕਾਰਨ ਪੁੱਛਿਆ ਤਾਂ ਖੁਸ਼ੀ ਨੇ ਆਪਣੇ ਸਕੂਲ ਵਿਚ ਹੀ ਪੜ੍ਹਨ ਵਾਲੇ ਦੋ ਵਿਦਿਆਰਥੀਆਂ ਦੇ ਨਾਂ ਲਏ। ਖੁਸ਼ੀ ਨੇ ਕਿਹਾ ਕਿ 10 ਜਨਵਰੀ ਵਾਲੇ ਦਿਨ ਉਨ੍ਹਾਂ ਦੋਵਾਂ ਉਸ ਨੂੰ ਚੌਥੀ ਮਜ਼ਿੰਲ 'ਤੇ ਆਉਣ ਲਈ ਕਿਹਾ ਅਤੇ ਜਦੋਂ ਉਹ ਸਕੂਲ ਦੀ ਚੌਥੀ ਮੰਜ਼ਿਲ 'ਤੇ ਪਹੁੰਚੀ ਤਾਂ ਉਸ ਚਲਾਕ ਵਿਦਿਆਰਥੀ ਨੇ ਉਸਨੂੰ ਇਕ ਅਸ਼ਲੀਲ ਫੋਟੋ ਵਿਖਾਈ, ਜਿਸ ਤੋਂ ਬਾਅਦ ਉਨ੍ਹਾਂ ਦੋਵਾਂ ਵਿਚ ਬਹਿਸ ਵੀ ਹੋਈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਖੁਸ਼ੀ ਦਾ ਕਹਿਣਾ ਹੈ ਕਿ ਉਸ ਵਿਦਿਆਰਥੀ ਨੇ ਉਸਨੂੰ ਹੇਠਾਂ ਵੇਖਣ ਲਈ ਕਿਹਾ, ਜਿਥੇ ਉਸਨੂੰ ਸਕੇਟਿੰਗ ਕਰਦੇ ਬੱਚੇ ਨਜ਼ਰ ਆਏ ਤੇ ਉਸ ਤੋਂ ਬਾਅਦ ਉਹ ਹੇਠਾਂ ਡਿਗ ਪਈ, ਜਿਸ ਤੋਂ ਬਾਅਦ ਉਸਨੂੰ ਕੁਝ ਵੀ ਯਾਦ ਨਹੀਂ। 
ਉਨ੍ਹਾਂ ਕਿਹਾ ਕਿ ਖੁਸ਼ੀ ਨੂੰ ਜਦੋਂ ਹੋਸ਼ ਆਇਆ ਤਾਂ ਉਦੋਂ ਤੋਂ ਹੀ ਇਹ ਕਹਿ ਰਹੀ ਹੈ ਕਿ ਦੋਵਾਂ ਵਿਦਿਆਰਥੀਆਂ ਨੂੰ ਪੁਲਸ ਦੇ ਹਵਾਲੇ ਕਰੋ। ਉਨ੍ਹਾਂ ਕਿਹਾ ਕਿ ਇਸ ਘਟਨਾ ਪਿੱਛੇ ਜ਼ਰੂਰ ਅਜਿਹੇ ਤੱਥ ਹਨ ਜਿਨ੍ਹਾਂ ਨੂੰ ਸਕੂਲ ਪ੍ਰਸ਼ਾਸਨ ਵੀ ਲੁਕੋ ਰਿਹਾ ਹੈ। ਉਨ੍ਹਾਂ ਕਿਹਾ ਕਿ ਖੁਸ਼ੀ ਦੇ ਛੱਤ ਤੋਂ ਛਾਲ ਮਾਰਨ ਦਾ ਸਵਾਲ ਹੀ  ਪੈਦਾ ਨਹੀਂ ਹੁੰਦਾ।  ਨਵੀਨ ਗੁਪਤਾ ਨੇ ਕਿਹਾ ਕਿ ਉਨ੍ਹਾਂ ਡੀ. ਸੀ. ਪੀ. ਰਾਜਿੰਦਰ ਸਿੰਘ ਨੂੰ ਇਕ ਸ਼ਿਕਾਇਤ ਦਿੱਤੀ ਹੈ, ਜਿਸ ਵਿਚ ਮਾਮਲੇ ਦੀ ਡੂੰਘਾਈ ਨਾਲ ਜਾਂਚ ਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਖੁਸ਼ੀ ਦੇ ਮਾਤਾ-ਪਿਤਾ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਪਰ ਹਸਪਤਾਲ ਵੱਲੋਂ ਉਨ੍ਹਾਂ 'ਤੇ ਖੁਸ਼ੀ ਦੇ ਡਿਸਚਾਰਜ ਦਾ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੁਸ਼ੀ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹੈ ਪਰ ਹਸਪਤਾਲ ਪ੍ਰਸ਼ਾਸਨ ਵਾਰ-ਵਾਰ ਉਸਦੇ ਟਾਂਕੇ ਖੋਲ੍ਹਣ ਤੇ ਹਸਪਤਾਲ ਤੋਂ ਡਿਸਚਾਰਜ ਕਰਨ ਦੀ ਗੱਲ ਕਰ ਰਿਹਾ ਹੈ। 


Related News