ਚੰਡੀਗੜ੍ਹ ਸ਼ਹਿਰ ਨੂੰ ਮਿਲੇਗਾ ਇਕ ਹੋਰ ਟਰਾਮਾ ਸੈਂਟਰ, ਹਿਮਾਚਲ-ਹਰਿਆਣਾ ਦੇ ਲੋਕਾਂ ਨੂੰ ਮਿਲੇਗਾ ਫ਼ਾਇਦਾ
Friday, Apr 28, 2023 - 01:34 PM (IST)
ਚੰਡੀਗੜ੍ਹ (ਪਾਲ) : ਸਭ ਕੁੱਝ ਯੋਜਨਾ ਮੁਤਾਬਕ ਰਿਹਾ ਤਾਂ ਸ਼ਹਿਰ ਨੂੰ ਛੇਤੀ ਹੀ ਇਕ ਹੋਰ ਟਰਾਮਾ ਸੈਂਟਰ ਮਿਲ ਸਕਦਾ ਹੈ। ਇਹ ਪਹਿਲੀ ਵਾਰ ਹੈ, ਜਦੋਂ ਸਿਵਲ ਹਸਪਤਾਲ 'ਚ ਟਰਾਮਾ ਸੈਂਟਰ ਬਣਾਏ ਜਾਣ ਸਬੰਧੀ ਪ੍ਰਪੋਜ਼ਲ ਬਣਾਇਆ ਗਿਆ ਹੈ। ਆਉਣ ਵਾਲੇ ਦਿਨਾਂ 'ਚ ਸ਼ਹਿਰ ਦੇ ਇਕ ਸਿਵਲ ਹਸਪਤਾਲ ਮਨੀਮਾਜਰਾ 'ਚ ਮਰੀਜ਼ਾਂ ਨੂੰ ਟਰਾਮਾ ਸੈਂਟਰ ਦੀ ਸਹੂਲਤ ਛੇਤੀ ਮਿਲ ਸਕੇਗੀ। ਇਹ ਪਹਿਲਾ ਟਰਾਮਾ ਸੈਂਟਰ ਹੋਵੇਗਾ, ਜੋ ਕਿਸੇ ਸਿਵਲ ਹਸਪਤਾਲ 'ਚ ਬਣਾਇਆ ਜਾ ਰਿਹਾ ਹੈ। ਇਸ ਦੇ ਬਣ ਜਾਣ ਨਾਲ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੇ ਲੋਕਾਂ ਨੂੰ ਵੀ ਫ਼ਾਇਦਾ ਹੋਵੇਗਾ। ਡਾਇਰੈਕਟਰ ਸਿਹਤ ਸੇਵਾਵਾਂ ਡਾ. ਸੁਮਨ ਸਿੰਘ ਦੀ ਮੰਨੀਏ ਤਾਂ ਨਵਾਂ ਟਰਾਮਾ ਸੈਂਟਰ ਸਮੇਂ ਦੀ ਲੋੜ ਹੈ, ਜਿਸਨੂੰ ਵੇਖਦਿਆਂ ਮਨੀਮਾਜਰਾ ਸਥਿਤ ਸਿਵਲ ਹਸਪਤਾਲ 'ਚ ਟਰਾਮਾ ਸੈਂਟਰ ਦੀ ਸਹੂਲਤ ਸਬੰਧੀ ਸੋਚ ਰਹੇ ਹਾਂ।
ਹਾਲਾਂਕਿ ਇਸ ਪ੍ਰਾਜੈਕਟ ਸਬੰਧੀ ਕਾਫ਼ੀ ਸਮੇਂ ਤੋਂ ਸਲਾਹ-ਮਸ਼ਵਰਾ ਚੱਲ ਰਿਹਾ ਸੀ ਪਰ ਵੱਡੇ ਪ੍ਰਾਜੈਕਟਾਂ ਨੂੰ ਐਗਜ਼ੀਕਿਊਟ ਕਰਨ 'ਚ ਸਮਾਂ ਲੱਗਦਾ ਹੈ। ਇਸ ਸਬੰਧੀ ਕਾਫ਼ੀ ਸਮੇਂ ਤੋਂ ਸੋਚਿਆ ਜਾ ਰਿਹਾ ਸੀ। ਕਈ ਵਾਰ ਸੈਂਟਰ ਵਲੋਂ ਵੀ ਇਸ ਟਰਾਮਾ ਸੈਂਟਰ ਸਬੰਧੀ ਗੱਲ ਕੀਤੀ ਗਈ। ਫਿਲਹਾਲ ਹੁਣ ਮਨੀਮਾਜਰਾ 'ਚ ਸਥਿਤ ਸਿਵਲ ਹਸਪਤਾਲ 'ਚ ਟਰਾਮਾ ਸੈਂਟਰ ਬਣਾਏ ਜਾਣ ਸਬੰਧੀ ਪ੍ਰਪੋਜ਼ਲ ਹੈਲਥ ਸੈਕਟਰੀ ਨੂੰ ਭੇਜ ਦਿੱਤਾ ਗਿਆ ਹੈ। ਮਨੀਮਾਜਰਾ ਵਲੋਂ ਟਰਾਮਾ ਦੇ ਮਰੀਜ਼ ਨੂੰ ਸੈਕਟਰ-16 ਸਥਿਤ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ 'ਚ ਆਉਣ 'ਚ ਕਾਫ਼ੀ ਸਮਾਂ ਲੱਗ ਜਾਂਦਾ ਹੈ। ਐਮਰਜੈਂਸੀ 'ਚ ਆਏ ਮਰੀਜ਼ ਦੇ ਇਲਾਜ 'ਚ ਸ਼ੁਰੂਆਤੀ ਸਮਾਂ ਬਹੁਤ ਅਹਿਮ ਰੋਲ ਨਿਭਾਉਂਦਾ ਹੈ। ਅਜਿਹੇ 'ਚ ਜੇਕਰ ਮਰੀਜ਼ ਨੂੰ ਉਸ ਸਮੇਂ ਦੌਰਾਨ ਸ਼ੁਰੂਆਤੀ ਇਲਾਜ ਮਿਲਣਾ ਸ਼ੁਰੂ ਹੋ ਜਾਵੇ ਤਾਂ ਉਸਦੀ ਸਿਹਤ 'ਚ ਸੁਧਾਰ ਹੋ ਸਕਦਾ ਹੈ। ਮਨੀਮਾਜਰਾ 'ਚ ਟਰਾਮਾ ਸੈਂਟਰ ਬਣਨ ਤੋਂ ਬਾਅਦ ਲੋਕਾਂ ਨੂੰ ਸਮੇਂ ਸਿਰ ਇਲਾਜ ਮਿਲ ਸਕੇਗਾ। ਮਕਸਦ ਇਹੀ ਹੈ ਕਿ ਸਿਹਤ ਸਹੂਲਤਾਂ ਨੂੰ ਵਧਾਇਆ ਜਾ ਸਕੇ। ਸੀਨੀਅਰ ਅਧਿਕਾਰੀ ਅਨੁਸਾਰ ਸਿਵਲ ਹਸਪਤਾਲ 'ਚ ਇਨਫਰਾਸਟਰੱਕਚਰ ਮੌਜੂਦ ਹੈ। ਅਜਿਹੇ 'ਚ ਜਗ੍ਹਾ ਦੀ ਪਰੇਸ਼ਾਨੀ ਨਹੀਂ ਹੋਵੇਗੀ। ਹਸਪਤਾਲ ਕੰਪਲੈਕਸ 'ਚ ਨਵੀਂ ਇਮਾਰਤ ਵੀ ਬਣਾਈ ਜਾਵੇ, ਤਾਂ ਵੀ ਕੋਈ ਮੁਸ਼ਕਲ ਵਾਲੀ ਗੱਲ ਨਹੀਂ ਹੈ ਕਿਉਂਕਿ ਇਹ ਲੋੜ ਹੈ।
ਇਹ ਵੀ ਪੜ੍ਹੋ : ਸ. ਪ੍ਰਕਾਸ਼ ਸਿੰਘ ਬਾਦਲ ਦੇ ਫੁੱਲ ਚੁਗਣ ਮੌਕੇ ਭਾਵੁਕ ਹੋਇਆ ਪਰਿਵਾਰ, ਦੇਖੋ ਗਮਗੀਨ ਮਾਹੌਲ ਦੀਆਂ ਤਸਵੀਰਾਂ
ਪ੍ਰਪੋਜ਼ਲ ਦਾ ਹੋਵੇਗਾ ਰੀਵਿਊ
ਸਿਹਤ ਸਕੱਤਰ ਯਸ਼ਪਾਲ ਗਰਗ ਦਾ ਕਹਿਣਾ ਹੈ ਕਿ ਟਰਾਮਾ ਸੈਂਟਰ ਦੇ ਪ੍ਰਪੋਜ਼ਲ ਸਬੰਧੀ ਹੁਣੇ ਰੀਵਿਊ ਕੀਤਾ ਜਾਵੇਗਾ, ਜਿਸ ਤੋਂ ਬਾਅਦ ਹੀ ਅੱਗੇ ਦੀ ਪ੍ਰਕਿਰਿਆ ਹੋਵੇਗੀ ਅਤੇ ਕੁੱਝ ਕਿਹਾ ਜਾਵੇਗਾ।
ਰੋਜ਼ਾਨਾ 200 ਤੋਂ 300 ਤੱਕ ਰਹਿੰਦੀ ਹੈ ਮਰੀਜ਼ਾਂ ਦੀ ਗਿਣਤੀ
ਡਾਇਰੈਕਟਰ ਹੈਲਥ ਸੇਵਾਵਾਂ ਡਾ. ਸੁਮਨ ਦਾ ਕਹਿਣਾ ਹੈ ਕਿ ਇਹ ਸਹੂਲਤ ਮੌਜੂਦਾ ਦੇ ਨਾਲ-ਨਾਲ ਆਉਣ ਵਾਲੇ ਸਮੇਂ ਦੀ ਵੀ ਲੋੜ ਹੈ। ਸਾਡੇ ਕੋਲ ਮਰੀਜ਼ ਕਾਫ਼ੀ ਆਉਂਦੇ ਹਨ, ਜੋ ਕੁਝ ਸਾਲਾਂ 'ਚ ਹੋਰ ਵੱਧ ਗਏ ਹਨ। ਉਨ੍ਹਾਂ ਕਿਹਾ ਕਿ ਹਸਪਤਾਲ 'ਚ ਸੁਪਰ ਸਪੈਸ਼ਲਿਟੀ ਦੀ ਸਰਵਿਸ ਨੂੰ ਵਧਾਉਣਾ ਹੀ ਉਨ੍ਹਾਂ ਦਾ ਫੋਕਸ ਹੈ। ਅਜਿਹਾ ਨਹੀਂ ਹੈ ਕਿ ਟਰਾਮਾ ਜਾਂ ਐਮਰਜੈਂਸੀ 'ਚ ਆਉਣ ਵਾਲੇ ਮਰੀਜ਼ਾਂ ਨੂੰ ਸੈਕਟਰ-16 ਸਥਿਤ ਗੌਰਮਿੰਟ ਮਲਟੀ ਸਪੈਸ਼ਲਿਟੀ ਹਸਪਤਾਲ 'ਚ ਇਲਾਜ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਲ ਆ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ