ਪੰਜਾਬ ਦੇ ਸਰਕਾਰੀ ਸਕੂਲਾਂ ''ਚ ''ਨਵਾਂ ਵਿਸ਼ਾ'' ਪੜ੍ਹਨਗੇ ਵਿਦਿਆਰਥੀ, ਜਾਰੀ ਹੋਏ ਨਿਰਦੇਸ਼

Thursday, Oct 01, 2020 - 07:22 PM (IST)

ਚੰਡੀਗੜ੍ਹ : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਪ੍ਰਵਾਨਗੀ ਤੋਂ ਬਾਅਦ ਸਕੂਲ ਸਿੱਖਿਆ ਮਹਿਕਮੇ ਨੇ ਵਿਦਿਆਰਥੀਆਂ 'ਚ ਨੈਤਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਬਣਾਉਣ ਲਈ ‘ਸਵਾਗਤ ਜ਼ਿੰਦਗੀ’ ਨਾਂ ਦਾ ਨਵਾਂ ਵਿਸ਼ਾ ਲਾਗੂ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਇੱਥੇ ਸਕੂਲ ਸਿੱਖਿਆ ਮਹਿਕਮੇ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਵਿਸ਼ਾ ਸੂਬੇ ਦੇ ਸਾਰੇ ਸਰਕਾਰੀ, ਅਫਿਲੀਏਟਿਡ, ਐਸੋਸ਼ਿਏਟਿਡ, ਏਡਿਡ ਅਤੇ ਅਣ-ਏਡਿਡ ਸਕੂਲਾਂ 'ਚ ਲਾਗੂ ਕੀਤਾ ਗਿਆ ਹੈ।

‘ਸਵਾਗਤ ਜ਼ਿੰਦਗੀ’ ਨਾਂ ਦਾ ਇਹ ਨਵਾਂ ਵਿਸ਼ਾ ਚਾਲੂ ਸੈਸ਼ਨ 2020-21 ਤੋਂ ਸ਼ੁਰੂ ਕੀਤਾ ਗਿਆ ਹੈ। ਬੁਲਾਰੇ ਅਨੁਸਾਰ ਇਸ ਦਾ ਮਕਸਦ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ 'ਚ ਨੈਤਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਬਣਾਉਣਾ ਹੈ ਤਾਂ ਉਹ ਸਮਾਜ ਦੇ ਵਧੀਆ ਨਾਗਰਿਕ ਬਣ ਸਕਣ। ਬੁਲਾਰੇ ਅਨੁਸਾਰ ਇਹ ਵਿਸ਼ਾ ਪ੍ਰੀ-ਪ੍ਰਾਇਮਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਵੇਗਾ।

ਇਸ ਵਿਸ਼ੇ ਦੇ ਕੁੱਲ 100 ਅੰਕ ਹੋਣਗੇ, ਜਿਨ੍ਹਾਂ 'ਚ 50 ਅੰਕਾਂ ਦਾ ਲਿਖਤੀ ਅਤੇ 50 ਅੰਕ ਦਾ ਪ੍ਰੈਕਟੀਕਲ ਹੋਵੇਗਾ। ਬੋਰਡ ਦੀਆਂ ਕਲਾਸਾਂ (ਪੰਜਾਵੀਂ, ਅੱਠਵੀਂ ਦਸਵੀਂ ਅਤੇ ਬਾਹਰਵੀਂ) ਦੇ ਵਾਸਤੇ ਪੇਪਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤਿਆਰ ਕੀਤਾ ਜਾਵੇਗਾ, ਜਦੋਂ ਕਿ ਬਾਕੀ ਕਲਾਸਾਂ ਲਈ ਇਸ ਵਿਸ਼ੇ ਦਾ ਮੁਲਾਂਕਣ ਸਕੂਲ ਪੱਧਰ ’ਤੇ ਕੀਤਾ ਜਾਵੇਗਾ। ਸਕੂਲ ਤੋਂ ਪ੍ਰਾਪਤ ਹੋਏ ਅੰਕ ਅਤੇ ਗਰੇਡ ਸਰਟੀਫਿਕੇਟ 'ਚ ਜਿਉਂ ਦੇ ਤਿਉਂ ਦਰਜ ਕੀਤੇ ਜਾਣਗੇ।

ਬੁਲਾਰੇ ਅਨੁਸਾਰ ਇਸ ਵਿਸ਼ੇ ਲਈ ਪਾਠਕ੍ਰਮ ਐਸ. ਸੀ. ਈ. ਆਰ. ਟੀ. ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਦੇ ਆਧਾਰ ’ਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਿਤਾਬਾਂ ਪ੍ਰਕਾਸ਼ਿਤ ਕਰਵਾ ਕੇ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ। ਸਕੂਲ ਮੁਖੀਆਂ ਨੂੰ ਹਫ਼ਤੇ 'ਚ ਘੱਟੋ-ਘੱਟ ਇਕ ਪੀਰੀਅਡ ਇਸ ਵਿਸ਼ੇ ਦਾ ਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।


Babita

Content Editor

Related News