ਖੇਡ ਨੀਤੀ ਦੇ ਖਰੜੇ 'ਤੇ ਚਰਚਾ ਮਗਰੋਂ ਮੀਤ ਹੇਅਰ ਦਾ ਵੱਡਾ ਬਿਆਨ

03/02/2023 4:12:54 PM

ਚੰਡੀਗੜ੍ਹ- ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਸੂਬੇ ਵਿੱਚ ਬਣਾਈ ਜਾ ਰਹੀ ਨਵੀਂ ਖੇਡ ਨੀਤੀ ਹੇਠਲੇ ਪੱਧਰ ਉਤੇ ਖਿਡਾਰੀਆਂ ਨੂੰ ਕੌਮਾਂਤਰੀ ਮੁਕਾਬਲਿਆਂ ਲਈ ਤਿਆਰ ਕਰਨ, ਕੌਮੀ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਦਾ ਮਾਣ ਸਨਮਾਨ, ਖਿਡਾਰੀਆਂ ਨੂੰ ਨੌਕਰੀਆਂ, ਕੋਚਾਂ ਨੂੰ ਐਵਾਰਡ ਦੇਣ ਅਤੇ ਕਾਲਜਾਂ-ਯੂਨੀਵਰਸਿਟੀਆਂ ਦੇ ਖਿਡਾਰੀਆਂ ਨੂੰ ਮੁਕਾਬਲੇ ਦਾ ਹਾਣੀ ਬਣਾਉਣ ਉਤੇ ਕੇਂਦਰਿਤ ਹੋਵੇਗੀ। ਇਹ ਜਾਣਕਾਰੀ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਨਵੀਂ ਖੇਡ ਨੀਤੀ ਲਈ ਬਣਾਈ ਮਾਹਿਰਾਂ ਦੀ ਕਮੇਟੀ ਨਾਲ ਖਰੜੇ ਉਤੇ ਵਿਚਾਰ ਵਟਾਂਦਰਾ ਕਰਨ ਉਪਰੰਤ ਦਿੱਤੀ।

ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੇਡ ਖੇਤਰ ਨੂੰ ਪ੍ਰਮੁੱਖ ਤਰਜੀਹ ਦੇਣ ਦੇ ਨਿਰਦੇਸ਼ਾਂ ਤਹਿਤ ਖੇਡ ਨੀਤੀ ਵਿੱਚ ਇਸ ਗੱਲ ਉਤੇ ਜ਼ੋਰ ਦਿੱਤਾ ਜਾਵੇਗਾ ਕਿ ਖਿਡਾਰੀਆਂ ਨੂੰ ਕੌਮਾਂਤਰੀ ਮੁਕਾਬਲਿਆਂ ਦੀ ਤਿਆਰੀ ਕਰਵਾਉਣ ਉਤੇ ਧਿਆਨ ਕੇਂਦਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਓਲੰਪਿਕਸ ਦੀ ਤਿਆਰੀ ਲਈ ਅਥਲੀਟ ਅਕਸ਼ਦੀਪ ਸਿੰਘ ਨੂੰ 5 ਲੱਖ ਰੁਪਏ ਦੀ ਨਗਦ ਰਾਸ਼ੀ ਦਿੱਤੀ ਗਈ ਹੈ। ਭਵਿੱਖ ਵਿੱਚ ਹੋਰਨਾਂ ਵੱਡੇ ਮੁਕਾਬਲਿਆਂ ਦੀ ਤਿਆਰੀ ਲਈ ਵੀ ਖਿਡਾਰੀਆਂ ਨੂੰ ਨਗਦ ਰਾਸ਼ੀ ਦੇਣ ਨੂੰ ਨੀਤੀ ਦਾ ਹਿੱਸਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖਿਡਾਰੀ ਮੁਕਾਬਲੇ ਲਈ ਤਿਆਰ ਕਰਨਾ ਵੱਡੀ ਗੱਲ ਹੈ, ਤਮਗ਼ਾ ਜਿੱਤਣ ਤੋਂ ਬਾਅਦ ਤਾਂ ਹਰ ਕੋਈ ਇਨਾਮ, ਮਾਣ-ਸਨਮਾਨ ਦੇ ਦਿੰਦਾ ਹੈ ਪਰ ਲੋੜ ਹੈ ਮੁਕਾਬਲੇ ਤੋਂ ਪਹਿਲਾਂ ਤਿਆਰੀ ਲਈ ਮਦਦ ਕੀਤੀ ਜਾਵੇ।

ਇਹ ਵੀ ਪੜ੍ਹੋ : ਮੁੰਬਈ ਇੰਡੀਅਨਜ਼ ਲਈ ਰਾਹਤ ਭਰੀ ਖਬਰ, IPL 2023 ਲਈ ਉਪਲੱਬਧ ਰਹੇਗਾ ਇਹ ਤੇਜ਼ ਗੇਂਦਬਾਜ਼

PunjabKesari

ਖੇਡ ਮੰਤਰੀ ਨੇ ਦੱਸਿਆ ਕਿ ਕੌਮੀ ਪੱਧਰ ਦੇ ਸੀਨੀਅਰ ਤੇ ਜੂਨੀਅਰ ਮੁਕਾਬਲਿਆਂ ਦੇ ਤਮਗ਼ਾ ਜੇਤੂਆਂ ਨੂੰ ਹਰ ਮਹੀਨੇ ਵਜ਼ੀਫਾ ਦੇਣ ਲਈ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਵਜ਼ੀਫ਼ਾ ਸਕੀਮ ਸ਼ੁਰੂ ਕੀਤੀ ਗਈ ਹੈ। ਮੀਟਿੰਗ ਵਿੱਚ ਇਹ ਵਿਚਾਰ ਕੀਤਾ ਗਿਆ ਕਿ ਇਸ ਦਾ ਦਾਇਰਾ ਵਧਾਇਆ ਜਾਵੇ ਅਤੇ ਵਜ਼ੀਫ਼ਾ ਰਾਸ਼ੀ ਵੀ ਵਧਾਈ ਜਾਵੇ। ਖਿਡਾਰੀਆਂ ਨੂੰ ਕੌਮਾਂਤਰੀ ਮੁਕਾਬਲਿਆਂ ਦੇ ਤਮਗ਼ੇ ਅਨੁਸਾਰ ਨੌਕਰੀ ਦੇਣ ਨੂੰ ਤਰਜੀਹ ਦਿੱਤੀ ਜਾਵੇਗੀ। ਖਿਡਾਰੀਆਂ ਨੂੰ ਦਿੱਤੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੀ ਤਰਜ਼ ਉਤੇ ਕੋਚਾਂ ਲਈ ਐਵਾਰਡ ਸ਼ੁਰੂ ਕੀਤਾ ਜਾਵੇਗਾ। ਹੇਠਲੇ ਪੱਧਰ ਉਤੇ ਖਿਡਾਰੀਆਂ ਨੂੰ ਤਿਆਰ ਵਾਲੇ ਕੋਚਾਂ ਨੂੰ ਵੀ ਅਣਗੌਲਿਆ ਨਹੀਂ ਕੀਤਾ ਜਾਵੇਗਾ। ਕਾਲਜਾਂ-ਯੂਨੀਵਰਸਿਟੀਆਂ ਵਿੱਚ ਖੇਡ ਮੁਕਾਬਲਿਆਂ ਦਾ ਪੱਧਰ ਉਚਾ ਚੁੱਕਣ ਲਈ ਸੂਬੇ ਦੀਆਂ ਯੂਨੀਵਰਸਿਟੀਆਂ ਦੇ ਅੰਤਰ 'ਵਰਸਿਟੀ ਖੇਡ ਮੁਕਾਬਲੇ ਕਰਵਾਏ ਜਾਣਗੇ।

ਮੀਤ ਹੇਅਰ ਨੇ ਦੱਸਿਆ ਕਿ ਪੰਜਾਬ ਦੇ ਖਿਡਾਰੀਆਂ ਲਈ ਲੰਬੇ ਸਮੇਂ ਦੀਆਂ ਯੋਜਨਾਵਾਂ ਦਾ ਖਾਕਾ ਉਲੀਕਣ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਡ ਨੀਤੀ ਲਈ ਮਾਹਿਰਾਂ ਦੀ ਕਮੇਟੀ ਬਣਾਈ ਗਈ ਹੈ। ਉਹ ਨਿਰੰਤਰ ਇਸ ਦੀਆਂ ਮੀਟਿੰਗਾਂ ਕਰਕੇ ਇਕ-ਇਕ ਨੁਕਤੇ ਉਤੇ ਮਾਹਿਰਾਂ ਨਾਲ ਵਿਚਾਰ ਕਰ ਰਹੇ ਹਨ। ਜਲਦ ਹੀ ਨਵੀਂ ਖੇਡ ਨੀਤੀ ਜਾਰੀ ਕੀਤੀ ਜਾਵੇਗੀ। ਮੀਟਿੰਗ ਵਿੱਚ ਖੇਡ ਵਿਭਾਗ ਦੇ ਡਾਇਰੈਕਟਰ ਅਮਿਤ ਤਲਵਾੜ, ਦਰੋਣਾਚਾਰੀਆ ਐਵਾਰਡੀ ਗੁਰਬਖ਼ਸ਼ ਸਿੰਘ ਸੰਧੂ, ਮਹਾਰਾਜਾ ਭੁਪਿੰਦਰ ਸਿੰਘ ਖੇਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫਟੀਨੈਂਟ ਜਨਰਲ (ਰਿਟਾ.) ਜੇ.ਐਸ.ਚੀਮਾ, ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਡਿਪਟੀ ਡਾਇਰੈਕਟਰ ਲਲਿਤ ਲੋਹਾਨੀ, ਡਾਇਰੈਕਟਰ ਉਚੇਰੀ ਸਿੱਖਿਆ ਪਰਮਜੀਤ ਸਿੰਘ, ਡਿਪਟੀ ਡਾਇਰੈਕਟਰ (ਕਾਲਜਾਂ) ਡਾ.ਅਸ਼ਵਨੀ ਭੱਲਾ, ਡਿਪਟੀ ਡਾਇਰੈਕਟਰ (ਸਕੂਲਾਂ) ਸੁਨੀਲ ਕੁਮਾਰ ਤੇ ਜ਼ਿਲਾ ਖੇਡ ਅਫਸਰ ਗੁਰਦੀਪ ਕੌਰ ਹਾਜ਼ਰ ਸਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News