ਸੱਤਾ ਧਿਰ ਨੂੰ ਝਟਕਾ : ਨਿਗਮ ਚੋਣਾਂ ਤੋਂ ਪਹਿਲਾਂ ਸ਼ਹਿਰ ’ਚ ਨਹੀਂ ਬਣ ਸਕਣਗੀਆਂ ਕਰੋੜਾਂ ਰੁਪਏ ਦੀਆਂ ਨਵੀਆਂ ਸੜਕਾਂ
Wednesday, Jun 14, 2023 - 12:19 PM (IST)

ਜਲੰਧਰ (ਖੁਰਾਣਾ) : ਜਲੰਧਰ ਨਗਰ ਨਿਗਮ ਦੀਆਂ ਚੋਣਾਂ ਕੁਝ ਹੀ ਹਫਤਿਆਂ ਬਾਅਦ ਹੋਣ ਜਾ ਰਹੀਆਂ ਹਨ। ਅਜਿਹੇ ਵਿਚ ਆਮ ਆਦਮੀ ਪਾਰਟੀ ਦੀ ਇੱਛਾ ਹੈ ਕਿ ਨਿਗਮ ਚੋਣਾਂ ਤੋਂ ਪਹਿਲਾਂ ਸ਼ਹਿਰ ਦੀਆਂ ਸਾਰੀਆਂ ਸੜਕਾਂ ਨੂੰ ਬਣਾ ਲਿਆ ਜਾਵੇ ਤਾਂ ਕਿ ਲੋਕ ਸੱਤਾ ਧਿਰ ਨੂੰ ਆਲੋਚਨਾ ਦਾ ਕੇਂਦਰ ਨਾ ਬਣਾਉਣ ਪਰ ਨਿਗਮ ਚੋਣਾਂ ਤੋਂ ਠੀਕ ਪਹਿਲਾਂ ਸੱਤਾ ਧਿਰ ਨੂੰ ਕਰਾਰਾ ਝਟਕਾ ਲੱਗਾ ਹੈ। ਜ਼ਿਕਰਯੋਗ ਹੈ ਕਿ ਨਿਗਮ ਚੋਣਾਂ ਤੋਂ ਪਹਿਲਾਂ ਸ਼ਹਿਰ ਵਿਚ ਕਰੋੜਾਂ ਰੁਪਏ ਦੀ ਲਾਗਤ ਵਾਲੀਆਂ ਨਵੀਆਂ ਸੜਕਾਂ ਨਹੀਂ ਬਣ ਸਕਣਗੀਆਂ ਕਿਉਂਕਿ ਨਗਰ ਨਿਗਮ ਨੂੰ ਕਈ ਸੜਕਾਂ ਦੇ ਟੈਂਡਰ ਦੁਬਾਰਾ ਰੀ-ਕਾਲ ਕਰਨੇ ਪੈਣਗੇ। ਅਜਿਹੀ ਨੌਬਤ ਇਸ ਲਈ ਆਈ ਹੈ ਕਿਉਂਕਿ ਪਿਛਲੀ ਵਾਰ ਹੋਏ ਟੈਂਡਰਾਂ ਵਿਚ ਨਗਰ ਨਿਗਮ ਦੇ ਠੇਕੇਦਾਰਾਂ ਨੇ 40-40 ਫੀਸਦੀ ਡਿਸਕਾਊਂਟ ਭਰ ਕੇ ਸੜਕ ਨਿਰਮਾਣ ਦੇ ਵਧੇਰੇ ਕੰਮ ਹਥਿਆ ਲਏ ਸਨ। ਇਸ ਬਾਰੇ ‘ਜਗ ਬਾਣੀ’ ਵਿਚ ਵਿਸਥਾਰ ਨਾਲ ਖਬਰ ਛਪਣ ਤੋਂ ਬਾਅਦ ਲੋਕਲ ਬਾਡੀਜ਼ ਵਿਭਾਗ ਹਰਕਤ ਵਿਚ ਆਇਆ। ਚੰਡੀਗੜ੍ਹ ਵਿਚ ਚੀਫ ਇੰਜੀਨੀਅਰ ਅਤੇ ਹੋਰ ਪੱਧਰ ਦੇ ਅਧਿਕਾਰੀਆਂ ਨੇ ਜਿਥੇ ਇੰਨੇ ਭਾਰੀ ਡਿਸਕਾਊਂਟ ਨੂੰ ਗਲਤ ਠਹਿਰਾਇਆ, ਉਥੇ ਹੀ ਜਲੰਧਰ ਨਗਰ ਨਿਗਮ ਦੇ ਅਧਿਕਾਰੀਆਂ ਨੇ ਵੀ ਅਜਿਹੇ ਠੇਕੇਦਾਰਾਂ ਨੂੰ ਨੋਟਿਸ ਜਾਰੀ ਕਰ ਕੇ ਜ਼ਿਆਦਾ ਡਿਸਕਾਊਂਟ ਕਰਨ ਬਾਰੇ ਸਪੱਸ਼ਟੀਕਰਨ ਮੰਗਿਆ। ਅਜਿਹੇ ਵਿਚ ਉਹ ਨਿਰਧਾਰਿਤ ਕੰਮ ਨੂੰ ਕਿਵੇਂ ਪੂਰਾ ਕਰ ਸਕਣਗੇ। ਪਤਾ ਲੱਗਾ ਹੈ ਕਿ ਵਧੇਰੇ ਠੇਕੇਦਾਰ ਜ਼ਿਆਦਾ ਡਿਸਕਾਊਂਟ ਨੂੰ ਜਸਟੀਫਾਈ ਨਹੀਂ ਕਰ ਸਕੇ, ਜਿਸ ਕਾਰਨ ਨਿਗਮ ਕਮਿਸ਼ਨਰ ਨੇ ਅੱਜ ਬੀ. ਐਂਡ ਆਰ. ਵਿਭਾਗ ਦੀ ਇਕ ਮੀਟਿੰਗ ਸੱਦੀ, ਜਿਸ ਦੌਰਾਨ ਫੈਸਲਾ ਲਿਆ ਗਿਆ ਕਿ ਜ਼ਿਆਦਾ ਡਿਸਕਾਊਂਟ ਵਾਲੇ ਟੈਂਡਰਾਂ ਨੂੰ ਦੁਬਾਰਾ ਕਾਲ ਕੀਤਾ ਜਾਵੇ। ਕਿਉਂਕਿ ਇਸ ਪ੍ਰਕਿਰਿਆ ਵਿਚ ਕਾਫੀ ਸਮਾਂ ਲੱਗ ਸਕਦਾ ਹੈ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਨਵੀਆਂ ਸੜਕਾਂ ਦਾ ਨਿਰਮਾਣ ਕੁਝ ਸਮੇਂ ਲਈ ਲਟਕ ਜਾਵੇਗਾ। ਖਾਸ ਗੱਲ ਇਹ ਹੈ ਕਿ ਨਿਗਮ ਚੋਣਾਂ ਤੋਂ ਪਹਿਲਾਂ ਕੋਡ ਆਫ ਕੰਡਕਟ ਵੀ ਲਾਗੂ ਹੋ ਜਾਵੇਗਾ, ਜਿਸ ਕਾਰਨ ਸੜਕ ਦੇ ਨਿਰਮਾਣ ਕਾਰਜ ਵਿਚ ਦੇਰੀ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਵੈਟ ਵਾਧੇ ’ਤੇ ਸਰਕਾਰ ਨੂੰ ਸਵਾਲ ਕਰਨ ਦਾ ਭਾਜਪਾ ਨੂੰ ਕੋਈ ਨੈਤਿਕ ਆਧਾਰ ਨਹੀਂ : ‘ਆਪ’
ਠੇਕੇਦਾਰਾਂ ਨੇ ਦਿੱਤੇ ਗੋਲ-ਮੋਲ ਜਵਾਬ
ਜ਼ਿਆਦਾ ਡਿਸਕਾਊਂਟ ਆਫਰ ਕਰਨ ਵਾਲੇ ਠੇਕੇਦਾਰਾਂ ਨੂੰ ਨਿਗਮ ਨੇ ਜਦੋਂ ਨੋਟਿਸ ਜਾਰੀ ਕਰ ਕੇ ਕੰਮਾਂ ਸਬੰਧੀ ਸਪੱਸ਼ਟੀਕਰਨ ਮੰਗਿਆ ਤਾਂ ਕਈ ਠੇਕੇਦਾਰਾਂ ਨੇ ਬਹੁਤ ਗੋਲ-ਮੋਲ ਜਵਾਬ ਦਿੱਤੇ। ਕੁਝ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਆਪਣੀ ਡਿੱਚ ਮਸ਼ੀਨ ਹੈ, ਜਿਸ ਕਾਰਨ ਬਾਹਰੀ ਗੱਡੀ ਦਾ ਕਿਰਾਇਆ ਘੱਟ ਲੱਗੇਗਾ। 1-2 ਠੇਕੇਦਾਰਾਂ ਦਾ ਇਹ ਵੀ ਕਹਿਣਾ ਸੀ ਕਿ ਉਨ੍ਹਾਂ ਕੋਲ ਪੱਕੀ ਲੇਬਰ ਹੈ, ਜਿਸ ਨਾਲ ਉਨ੍ਹਾਂ ਦਾ ਖਰਚਾ ਬਚੇਗਾ। ਨਿਗਮ ਅਧਿਕਾਰੀ ਅਜਿਹੇ ਪੁੱਠੇ-ਸਿੱਧੇ ਜਵਾਬਾਂ ਨਾਲ ਸਹਿਮਤ ਨਹੀਂ ਹੋਏ, ਜਿਸ ਕਾਰਨ ਦੁਬਾਰਾ ਟੈਂਡਰ ਲਾਉਣ ਦਾ ਫੈਸਲਾ ਲਿਆ ਗਿਆ।
ਇਹ ਵੀ ਪੜ੍ਹੋ : ਸਮੱਗਲਰ ਸੋਨੂੰ ਟੈਂਕਰ 343 ਪੇਟੀਆਂ ਸ਼ਰਾਬ ਸਮੇਤ ਗ੍ਰਿਫ਼ਤਾਰ, ਸਾਥੀ ਵੀ ਚੜ੍ਹਿਆ ਪੁਲਸ ਦੇ ਹੱਥੇ
ਇਨ੍ਹਾਂ ਸੜਕਾਂ ਦਾ ਲਟਕ ਜਾਵੇਗਾ ਕੰਮ
► ਦਸਮੇਸ਼ ਨਗਰ ਵਿਚ ਸੀ. ਸੀ. ਫਲੋਰਿੰਗ ਸੜਕਾਂ ਦਾ ਨਿਰਮਾਣ
► ਨਿਊ ਰਸੀਲਾ ਨਗਰ ਵਿਚ ਸੀ. ਸੀ. ਫਲੋਰਿੰਗ ਸੜਕਾਂ ਦਾ ਨਿਰਮਾਣ
► ਜੈਨਾ ਨਗਰ ਵਿਚ ਸੀ. ਸੀ. ਫਲੋਰਿੰਗ ਸੜਕਾਂ ਦਾ ਨਿਰਮਾਣ
► ਵਿਜੇ ਨਗਰ ਵਿਚ ਸੀ. ਸੀ. ਫਲੋਰਿੰਗ ਸੜਕਾਂ ਦਾ ਨਿਰਮਾਣ
► ਸੰਸਾਰਪੁਰ ਤੇ ਸੋਫੀ ਪਿੰਡ ਵਿਚ ਇੰਟਰਲਾਕਿੰਗ ਟਾਈਲਾਂ ਨਾਲ ਸੜਕਾਂ ਦਾ ਨਿਰਮਾਣ
► ਕਬੀਰ ਵਿਹਾਰ ਬੈਂਕ ਕਾਲੋਨੀ ਵਿਚ ਸੀ. ਸੀ. ਫਲੋਰਿੰਗ ਸੜਕਾਂ ਦਾ ਨਿਰਮਾਣ
► ਪਿੰਡ ਦਕੋਹਾ ਵਿਚ ਇੰਟਰਲਾਕਿੰਗ ਟਾਈਲਾਂ ਨਾਲ ਸੜਕਾਂ ਦਾ ਨਿਰਮਾਣ
► ਇਸਲਾਮਗੰਜ ਵਿਚ ਸੀਮੈਂਟ ਦੀਆਂ ਸੜਕਾਂ ਦਾ ਨਿਰਮਾਣ
► ਸ਼ਹਿਨਾਈ ਪੈਲੇਸ ਨੇੜੇ ਸੀਮੈਂਟ ਦੀਆਂ ਸੜਕਾਂ ਦਾ ਨਿਰਮਾਣ
► ਗੁਰੂ ਨਾਨਕਪੁਰਾ ਏਕਤਾ ਨਗਰ ਵਿਚ ਇੰਟਰਲਾਕਿੰਗ ਟਾਈਲਾਂ ਨਾਲ ਸੜਕ ਦਾ ਨਿਰਮਾਣ
► ਆਦਰਸ਼ ਨਗਰ ਪਾਰਟ-1 ਵਿਚ ਫੁੱਟਪਾਥ ਦਾ ਨਿਰਮਾਣ
► ਗਦਾਈਪੁਰ ਵਿਚ ਗੁਰਦੁਆਰੇ ਨੇਡ਼ੇ ਸੀ. ਸੀ. ਫਲੋਰਿੰਗ ਸੜਕਾਂ ਦਾ ਨਿਰਮਾਣ
► ਲੰਮਾ ਪਿੰਡ ਵਿਚ ਸੀ. ਸੀ. ਫਲੋਰਿੰਗ ਸੜਕਾਂ ਦਾ ਨਿਰਮਾਣ
► ਕਿਸ਼ਨਪੁਰਾ ’ਚ ਸੀ. ਸੀ. ਫਲੋਰਿੰਗ ਗਲੀਆਂ ਦਾ ਨਿਰਮਾਣ
► ਸੰਤ ਨਗਰ ਵਿਚ ਇੰਟਰਲਾਕਿੰਗ ਟਾਈਲਾਂ ਨਾਲ ਸੜਕ ਦਾ ਨਿਰਮਾਣ
► ਗੌਤਮ ਨਗਰ ਿਵਚ ਸੀਮੈਂਟ ਦੀਆਂ ਸੜਕਾਂ ਦਾ ਨਿਰਮਾਣ
► ਕਬੀਰ ਵਿਹਾਰ ਵਿਚ ਸੀਮੈਂਟ ਦੀਆਂ ਸੜਕਾਂ ਦਾ ਨਿਰਮਾਣ
► ਆਦਰਸ਼ ਨਗਰ ਪਾਰਟ-2 ਵਿਚ ਫੁੱਟਪਾਥ ਦਾ ਨਿਰਮਾਣ
► ਗੋਪਾਲ ਨਗਰ ਵਿਚ ਸੀਮੈਂਟ ਦੀਆਂ ਸੜਕਾਂ ਦਾ ਨਿਰਮਾਣ
► ਇੰਪੀਰੀਅਲ ਮੈਨਰ ਦੇ ਪਿੱਛੇ ਇੰਟਰਲਾਕਿੰਗ ਟਾਈਲਾਂ ਵਾਲੀ ਸੜਕ ਦਾ ਨਿਰਮਾਣ
► ਅਟਾਰੀ ਬਾਜ਼ਾਰ ਬੱਤਖ ਵਾਲਾ ਚੌਕ ਵਿਚ ਗਲੀਆਂ ਦਾ ਨਿਰਮਾਣ
► ਲਕਸ਼ਮੀਪੁਰਾ ਵਿਚ ਸੀਮੈਂਟ ਦੀਆਂ ਸੜਕਾਂ ਦਾ ਨਿਰਮਾਣ
► ਨਾਗਰਾ ਪਿੰਡ ਵਿਚ ਸੀਮੈਂਟ ਦੀਆਂ ਸੜਕਾਂ ਦਾ ਨਿਰਮਾਣ
► ਭਾਰਗੋ ਕੈਂਪ ਮੇਨ ਬਾਜ਼ਾਰ ਵਿਚ ਇੰਟਰਲਾਕਿੰਗ ਟਾਈਲਾਂ ਵਾਲੀ ਸੜਕ ਦਾ ਨਿਰਮਾਣ
► ਦਿਓਲ ਨਗਰ ਵਿਚ ਸੀਮੈਂਟ ਦੀਆਂ ਸੜਕਾਂ ਦਾ ਨਿਰਮਾਣ
ਇਹ ਵੀ ਪੜ੍ਹੋ : 9 ਸਾਲ ਬੇਮਿਸਾਲ ਪ੍ਰੋਗਰਾਮ ਅਧੀਨ ਭਾਜਪਾ ਨੇ ਗਿਣਵਾਈਆਂ ਮੋਦੀ ਸਰਕਾਰ ਦੀਆਂ ਉਪਲਬਧੀਆਂ, ਕੀਤਾ ਵੱਡਾ ਦਾਅਵਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।