ਨਵੀਂ ਬਣੀ ਸੜਕ ’ਤੇ ਵਰਤੇ ਘਟੀਆ ਮਟੀਰੀਅਲ ਦੀ ਵਿਜੀਲੈਂਸ ਜਾਂਚ ਹੋਵੇ : ਕਾਮਰੇਡ

Friday, Jun 19, 2020 - 03:59 PM (IST)

ਮਾਛੀਵਾੜਾ ਸਾਹਿਬ (ਟੱਕਰ,ਸਚਦੇਵਾ) : ਦੁਰਗਾ ਸ਼ਕਤੀ ਮੰਦਰ ਨੇੜੇ ਇੱਕ ਮੁਹੱਲੇ ਨੂੰ ਜਾਂਦੀ ਛੋਟੀ ਜਿਹੀ ਨਵੀਂ ਬਣਾਈ ਗਲੀ ’ਚ ਇੰਟਰਲਾਕ ਟਾਇਲ ਦੱਬ ਗਈ, ਜਿਸ ਕਾਰਨ ਉਸਦੀ ਗੁਣਵੱਤਾ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ, ਜਿਸ ਦੀ ਵਿਜੀਲੈਂਸ ਜਾਂਚ ਦੀ ਮੰਗ ਹੋ ਰਹੀ ਹੈ। ਵਾਰਡ ਨੰ-6 ਦੇ ਵਾਸੀ ਤੇ ਸੀ. ਪੀ. ਆਈ. ਆਗੂ ਕਾਮਰੇਡ ਜਗਦੀਸ਼ ਰਾਏ ਬੌਬੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਦੁਰਗਾ ਸ਼ਕਤੀ ਮੰਦਰ ਨੇੜੇ ਇੱਕ ਠੇਕੇਦਾਰ ਨੂੰ ਸੀ. ਸੀ. ਫਲੋਰਿੰਗ ਸੜਕ ਪੁੱਟ ਕੇ ਇੰਟਰਲਾਕ ਟਾਇਲਾਂ ਅਤੇ ਨਾਲੀਆਂ ਦੀ ਜਗ੍ਹਾ ਸੀਵਰੇਜ਼ ਪਾਈਪਾਂ ਤੇ ਹੋਦੀਆਂ ਬਣਾਉਣ ਦਾ ਕੰਮ ਦਿੱਤਾ ਸੀ।

ਉਸਨੇ ਦੱਸਿਆ ਕਿ ਸੀ. ਸੀ. ਫਲੋਰਿੰਗ ਸੜਕ ਬਿਲਕੁਲ ਠੀਕ ਸੀ, ਜਿਸ ਨੂੰ ਪੁੱਟ ਕੇ ਇੰਟਰਲਾਕ ਟਾਇਲਾਂ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਹ ਟਾਇਲਾਂ ਲਗਾਉਣ ਦਾ ਕੰਮ ਕੁੱਝ ਦਿਨ ਪਹਿਲਾਂ ਹੀ ਠੇਕੇਦਾਰ ਵੱਲੋਂ ਮੁਕੰਮਲ ਕੀਤਾ ਸੀ ਕਿ ਤਿੰਨ ਦਿਨ ਪਹਿਲਾਂ ਸਿਰਫ਼ ਅੱਧਾ ਘੰਟਾ ਪਏ ਮੀਂਹ ਕਾਰਨ ਇਹ ਸੜਕ ਦੱਬਣੀ ਸ਼ੁਰੂ ਹੋ ਗਈ। ਇਸ ਤੋਂ ਇਲਾਵਾ ਜੋ ਇਸ ਸੜਕ ’ਚ 25 ਤੋਂ ਵੱਧ ਹੋਦੀਆਂ ਬਣਾਈਆਂ ਹਨ, ਉਸ ’ਚ ਨਵੀਂ ਇੱਟ ਦੀ ਜਗ੍ਹਾ ਠੇਕੇਦਾਰ ਵੱਲੋਂ ਪੁਰਾਣੀ ਇੱਟ ਵਰਤੀ ਗਈ ਹੈ, ਜੋ ਕਿ ਨਿਯਮਾਂ ਦੀ ਉਲੰਘਣਾ ਹੈ। ਇਸ ਤੋਂ ਇਲਾਵਾ ਇੰਟਰਲਾਕ ਟਾਈਲਾਂ ਹੇਠ ਵੀ ਗੁਣਵੱਤਾ ਅਨੁਸਾਰ ਰੋੜੀ ਤੇ ਸੀਮਿੰਟ ਨਹੀਂ ਪਾਇਆ ਗਿਆ। ਕਾਮਰੇਡ ਬੌਬੀ ਨੇ ਕਿਹਾ ਕਿ ਇਸ ਸੜਕ ਦੀ ਗੁਣਵੱਤਾ ਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ, ਜਿਸ ਸਬੰਧੀ ਉਨ੍ਹਾਂ ਵੱਲੋਂ ਮਹਿਕਮੇ ਨੂੰ ਲਿਖਤੀ ਸ਼ਿਕਾਇਤ ਵੀ ਭੇਜੀ ਜਾਵੇਗੀ।
 ਕਾਮਰੇਡ ਬੌਬੀ ਅਨੁਸਾਰ ਵਾਰਡ ਨੰਬਰ-6 ਸ਼ਹਿਰ ਦੇ ਨਗਰ ਕੌਂਸਲ ਪ੍ਰਧਾਨ ਦਾ ਆਪਣਾ ਵਾਰਡ ਹੈ ਅਤੇ ਉਸ ਦੇ ਹੀ ਵਿਕਾਸ ਕਾਰਜਾਂ ’ਚ ਘਟੀਆ ਮਟੀਰੀਅਲ ਵਰਤ ਕੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਅਤੇ ਜੇਕਰ ਨਗਰ ਕੌਂਸਲ ਅਧਿਕਾਰੀ ਵਿਕਾਸ ਕਾਰਜਾਂ ਦੀ ਨਿਗਰਾਨੀ ਕਰਨ ਤਾਂ ਕਦੇ ਵੀ ਕੁਤਾਹੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ’ਚ ਜੋ ਪੈਸਾ ਲੱਗਦਾ ਹੈ, ਉਹ ਲੋਕਾਂ ਦੀ ਮਿਹਨਤ ਦੀ ਕਮਾਈ ਹੈ, ਜੋ ਟੈਕਸ ਦੇ ਰੂਪ ’ਚ ਅਦਾ ਕਰਦੇ ਹਨ, ਇਸ ਲਈ ਸ਼ਹਿਰ ’ਚ ਕਿਤੇ ਵੀ ਵਿਕਾਸ ਕਾਰਜਾਂ ਦੌਰਾਨ ਘਟੀਆ ਮਟੀਰੀਅਲ ਦੀ ਵਰਤੋ ਹੋਈ ਤਾਂ ਸੀ. ਪੀ. ਆਈ ਇਸ ਦੀ ਵਿਜੀਲੈਂਸ ਜਾਂਚ ਕਰਵਾਏਗੀ।

ਕੀ ਕਹਿਣਾ ਹੈ ਨਗਰ ਕੌਂਸਲ ਅਧਿਕਾਰੀ ਦਾ

ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਜੇ. ਈ. ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੜਕ ’ਤੇ ਲੱਗੇ ਮਟੀਰੀਅਲ ਦੀ ਗੁਣਵੱਤਾ ਜਾਂਚੀ ਜਾਵੇਗੀ ਅਤੇ ਜਿੱਥੋਂ ਸੜਕ ਖ਼ਰਾਬ ਹੋਈ ਹੈ, ਉਸ ਦਾ ਮੁੜ ਠੇਕੇਦਾਰ ਤੋਂ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਘਟੀਆ ਮਟੀਰੀਅਲ ਵਰਤੋਂ ’ਚ ਪਾਇਆ ਗਿਆ ਤਾਂ ਸਬੰਧਿਤ ਠੇਕੇਦਾਰ ਖਿਲਾਫ਼ ਕਾਰਵਾਈ ਵੀ ਹੋਵੇਗੀ। ਜ਼ਿਕਰਯੋਗ ਹੈ ਕਿ ਇਹ ਸੜਕ ਸਿਰਫ਼ 5 ਫੁੱਟ ਚੌੜੀ ਹੈ, ਜਿਸ ਉਪਰੋਂ ਸਾਈਕਲ ਤੇ ਮੋਟਰਸਾਈਕਲ ਹੀ ਲੰਘਦੇ ਹਨ ਪਰ ਫਿਰ ਵੀ ਇਸ ਸੜਕ ਦਾ ਦੱਬ ਜਾਣਾ ਸਿੱਧੇ ਤੌਰ ’ਤੇ ਸੰਕੇਤ ਹੈ ਕਿ ਇਸ ’ਚ ਘਟੀਆ ਮਟੀਰੀਅਲ ਵਰਤਿਆ ਗਿਆ ਹੈ। 


Babita

Content Editor

Related News