ਗੈਂਗਸਟਰ ਵਿੱਕੀ ਗੌਂਡਰ ਦੀ ਸੋਸ਼ਲ ਮੀਡੀਆ 'ਤੇ ਨਵੀਂ ਪੋਸਟ, 'ਮੈਨੂੰ ਇਕ-ਦੋ ਕਤਲਾਂ ਨਾਲ ਕੋਈ ਫਰਕ ਨਹੀਂ ਪੈਂਦਾ'

07/21/2017 11:04:36 PM

ਲੁਧਿਆਣਾ (ਪੰਕਜ)-ਸੁੱਖਾ ਕਾਹਲਵਾਂ ਕਤਲ ਕਾਂਡ ਦੇ ਮੁੱਖ ਦੋਸ਼ੀ ਅਤੇ ਨਾਭਾ ਜੇਲ ਬ੍ਰੇਕ ਕਾਂਡ ਵਿਚ ਫਰਾਰ ਹੋਏ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਨੇ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਹੈ। ਇਸ ਪੋਸਟ ਵਿਚ ਉਸ ਨੇ ਉਸ ਦੇ ਨਾਂ ਦੀ ਗਲਤ ਵਰਤੋਂ ਕਰਨ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਲਿਖਿਆ ਹੈ ਕਿ ਉਸ ਨੂੰ ਇਕ-ਦੋ ਕਤਲਾਂ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਲਈ ਉਸ ਦੇ ਨਾਂ ਦੀ ਗਲਤ ਵਰਤੋਂ ਕਰਨ ਵਾਲੇ ਆਪ ਹੀ ਆਪਣੀ ਜਾਨ ਦੇ ਦੁਸ਼ਮਣ ਨਾ ਬਣਨ।
ਅਸਲ ਵਿਚ ਸਾਰਾ ਮਾਮਲਾ ਇਕ ਪੰਜਾਬੀ ਸਿੰਗਰ ਦੇ ਨਾਲ ਜੁੜਿਆ ਹੋਇਆ ਹੈ, ਜਿਸ 'ਤੇ ਪਿਛਲੇ ਸਾਲ ਇਕ ਲੜਕੀ ਨੇ ਸਰੀਰਕ ਸ਼ੋਸ਼ਣ ਕਰਨ ਵਰਗੇ ਗੰਭੀਰ ਦੋਸ਼ ਲਾਏ ਸਨ, ਜਿਸ ਵਿਚ ਦੋਸ਼ੀ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਬੀਤੇ ਦਿਨ ਮੋਹਾਲੀ ਵਿਚ ਸਰਕਾਰ ਦੇ ਇਕ ਮੰਤਰੀ ਦੇ ਕੋਲ ਗੁਹਾਰ ਲਾਉਣ ਪੁੱਜੀ ਪੀੜਤਾ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਹੁਣ ਗੈਂਗਸਟਰ ਵਿੱਕੀ ਗੌਂਡਰ ਵੱਲੋਂ ਮਾਮਲੇ ਵਿਚ ਪਿੱਛੇ ਹਟਣ ਲਈ ਧਮਕਾਇਆ ਜਾ ਰਿਹਾ ਹੈ। ਪੀੜਤਾ ਵੱਲੋਂ ਲਾਏ ਗਏ ਦੋਸ਼ਾਂ ਦਾ ਜਵਾਬ ਗੌਂਡਰ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਦਿੱਤਾ ਹੈ, ਜਿਸ ਵਿਚ ਉਸ ਨੇ ਸਪੱਸ਼ਟ ਕੀਤਾ ਹੈ ਕਿ ਉਸ ਨੇ ਲੜਕੀ ਨੂੰ ਕਦੇ ਵੀ ਕੋਈ ਧਮਕੀ ਨਹੀਂ ਦਿੱਤੀ। ਕੁਝ ਲੋਕ ਉਸ ਦੇ ਨਾਂ ਦੀ ਗਲਤ ਵਰਤੋਂ ਕਰ ਰਹੇ ਹਨ ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਇਕ-ਦੋ ਕਤਲਾਂ ਨਾਲ ਕੋਈ ਫਰਕ ਨਹੀਂ ਪੈਂਦਾ। ਉਸ ਨੇ ਲਿਖਿਆ ਹੈ 'ਆਪਦੀ ਜਾਨ ਐਵੇਂ ਗਵਾ ਲੈਣੀ ਤੁਸੀਂ, ਮੇਰਾ ਨਾਂ ਗਲਤ ਯੂਜ਼ ਕਰਨ ਵਾਲਿਓ'।
18 ਜੁਲਾਈ ਨੂੰ ਫੇਸਬੁੱਕ 'ਤੇ ਸਰਾਵਾਂ ਬੌਦਲਾ ਗਰੁੱਪ ਵੱਲੋਂ ਚਲਾਏ ਜਾ ਰਹੇ ਪੇਜ 'ਤੇ ਸਟੇਟਸ ਅਪਲੋਡ ਕਰਨ ਵਾਲੇ ਗੌਂਡਰ ਨੂੰ ਲੈ ਕੇ ਪੁਲਸ ਦੇ ਨਾਲ-ਨਾਲ ਏਜੰਸੀਆਂ ਵੀ ਇਸ ਦੁਚਿੱਤੀ ਵਿਚ ਪਈਆਂ ਹੋਈਆਂ ਹਨ ਕਿ ਉਹ ਪੰਜਾਬ ਜਾਂ ਹੋਰ ਕਿਸੇ ਰਾਜ ਵਿਚ ਲੁਕ ਕੇ ਫੇਸਬੁੱਕ 'ਤੇ ਪੋਸਟ ਅਪਲੋਡ ਕਰ ਰਿਹਾ ਹੈ ਜਾਂ ਫਿਰ ਚਰਚਾਵਾਂ ਮੁਤਾਬਕ ਦੇਸ਼ ਤੋਂ ਬਾਹਰ ਨਿਕਲ ਚੁੱਕਾ ਹੈ। ਕਿਤੇ ਅਜਿਹਾ ਤਾਂ ਨਹੀਂ ਕਿ ਉਸ ਦਾ ਫੇਸਬੁੱਕ ਪੇਜ਼ ਕੋਈ ਹੋਰ ਅਪਲੋਡ ਕਰ ਰਿਹਾ ਹੈ।


Related News