ਪਾਵਰਕਾਮ ’ਚ ਨਵੀਂ ਪਾਲਿਸੀ ਲਾਗੂ, ਇਨ੍ਹਾਂ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਮਿਲੇਗਾ ਵਿੱਤੀ ਲਾਭ
Monday, Dec 25, 2023 - 06:55 PM (IST)
ਜਲੰਧਰ (ਪੁਨੀਤ)-ਬਿਜਲੀ ਵਰਗੀਆਂ ਬੁਨਿਆਦੀ ਸੇਵਾਵਾਂ ਨਿਰਵਿਘਨ ਮੁਹੱਈਆ ਕਰਨ ਵਾਲੇ ਕਰਮਚਾਰੀਆਂ ਬਾਰੇ ਸੋਚਦਿਆਂ ਸਰਕਾਰ ਨੇ ਨਵੀਂ ਪਾਲਿਸੀ ਦਾ ਐਲਾਨ ਕੀਤਾ ਹੈ, ਜਿਸ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ। ਇਸ ਵਿਚ ਕਰੰਟ ਲੱਗਣ ਵਰਗੇ ਮਾਮਲਿਆਂ ਵਿਚ ਮਦਦ ਦਾ ਵੀ ਪ੍ਰਬੰਧ ਹੈ।
ਇਹ ਚਿੱਠੀ ਪਾਵਰਕਾਮ ਵੱਲੋਂ ਹਾਲ ਹੀ ਵਿਚ ਲਿਆਂਦੀ ਗਈ ਪਾਲਿਸੀ ਤਹਿਤ ਜਾਰੀ ਕੀਤੀ ਗਈ ਸੀ, ਜਿਸ ਤਹਿਤ ਠੇਕਾ, ਆਊਟਸੋਰਸ ਅਤੇ ਸੀ. ਐੱਚ. ਬੀ. (ਕੰਪਲੇਂਟ ਹੈਂਡਲਿੰਗ ਬਾਈਕ) ਕਰਮਚਾਰੀਆਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਵਿੱਤੀ ਲਾਭ ਦਿੱਤਾ ਜਾਵੇਗਾ। 22 ਦਸੰਬਰ ਨੂੰ ਜਾਰੀ ਚਿੱਠੀ ਵਿਚ ਮੁਆਵਜ਼ਾ ਰਾਸ਼ੀ ਤੁਰੰਤ ਪ੍ਰਭਾਵ ਨਾਲ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹ ਰਕਮ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਗਈ ਹੈ।
ਪੰਜਾਬ ਸਰਕਾਰ ਵੱਲੋਂ ਪੀ. ਐੱਸ. ਪੀ. ਸੀ. ਐੱਲ. (ਪੰਜਾਬ ਰਾਜ ਪਾਵਰ ਨਿਗਮ) ਲਈ ਲਿਆਂਦੀ ਗਈ ਇਸ ਪਾਲਿਸੀ ਰਾਹੀਂ ਹਾਦਸੇ ਅਤੇ ਐਮਰਜੈਂਸੀ ਦੀ ਸਥਿਤੀ ਵਿਚ ਤੁਰੰਤ ਪ੍ਰਭਾਵ ਨਾਲ ਵਿੱਤੀ ਸਹਾਇਤਾ ਮੁਹੱਈਆ ਕਰਨਾ ਯਕੀਨੀ ਬਣਾਇਆ ਗਿਆ ਹੈ। ਵੱਡੀ ਐਮਰਜੈਂਸੀ ਵਿਚ 3 ਲੱਖ ਰੁਪਏ ਤੱਕ ਐਡਵਾਂਸ ਵਿਚ ਮਿਲਣਗੇ ਤਾਂ ਕਿ ਇਲਾਜ ਵਿਚ ਕਿਸੇ ਤਰ੍ਹਾਂ ਦੀ ਕਮੀ ਨਾ ਰਹੇ। ਇਸ ਵਿਚ ਪਾਵਰਕਾਮ ਵੱਲੋਂ ਸਿੱਧੇ ਤੌਰ ’ਤੇ ਰੱਖੇ ਠੇਕੇਦਾਰਾਂ, ਆਊਟਸੋਰਸ ਅਤੇ ਕੰਪਨੀਆਂ ਰਾਹੀਂ ਭਰਤੀ ਕੀਤੇ ਮੁਲਾਜ਼ਮਾਂ ਨੂੰ ਕਈ ਸਹੂਲਤਾਂ ਮਿਲਣਗੀਆਂ। ਜਾਨਲੇਵਾ ਹਾਦਸਿਆਂ ਦੇ ਮਾਮਲੇ ਵਿਚ ਵੀ ਵੱਡੇ ਲਾਭ ਮਿਲ ਸਕਣਗੇ, ਜੋਕਿ ਪਹਿਲਾਂ ਨਹੀਂ ਮਿਲ ਰਹੇ ਸਨ। ਵਿਭਾਗ ਵੱਲੋਂ ਜਾਰੀ ਚਿੱਠੀ ਨੰਬਰ 7088/7613 ਵਿਚ ਕਿਹਾ ਗਿਆ ਹੈ ਕਿ ਠੇਕਾ ਕਰਮਚਾਰੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਹਾਦਸੇ ਹੋਣ ਦੀ ਸੂਰਤ ਵਿਚ ਐਕਸ-ਗ੍ਰੇਸ਼ੀਆ ਰਾਸ਼ੀ 5 ਤੋਂ ਵਧਾ ਕੇ 10 ਲੱਖ ਰੁਪਏ ਕੀਤੀ ਗਈ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਵਿਧਾਇਕ ਸ਼ੀਤਲ ਅੰਗੂਰਾਲ ਦੀ ਗੱਡੀ 'ਤੇ ਹੋਇਆ ਹਮਲਾ, ਵਾਲ-ਵਾਲ ਬੱਚਿਆ ਪਰਿਵਾਰ
ਵਿਭਾਗੀ ਜਾਣਕਾਰੀ ਅਨੁਸਾਰ 100 ਫ਼ੀਸਦੀ ਦਿਵਿਆਂਗਤਾ ਦੀ ਸੂਰਤ ਵਿਚ 10 ਲੱਖ ਰੁਪਏ ਦੀ ਰਕਮ ਦਾ ਭੁਗਤਾਨ ਕੀਤਾ ਜਾਵੇਗਾ। ਹਾਦਸਿਆਂ ਦੌਰਾਨ ਸਥਿਤੀ ਮੁਤਾਬਕ ਮੁਆਵਜ਼ਾ ਅਤੇ ਘਟਨਾ ਦੀ ਗੰਭੀਰਤਾ ਦੇ ਆਧਾਰ ’ਤੇ ਸਹਾਇਤਾ ਕਰਨਾ ਨਿਰਧਾਰਿਤ ਕੀਤਾ ਜਾਵੇਗਾ। ਕਰਮਚਾਰੀਆਂ ਨੂੰ ਬਿਹਤਰ ਸਹਾਇਤਾ ਦੇਣ ਲਈ ਜਾਨਲੇਵਾ ਹਾਦਸਿਆਂ ਲਈ ਐਕਸ-ਗ੍ਰੇਸ਼ੀਆ ਸਹਾਇਤਾ 5 ਲੱਖ ਤੋਂ ਵਧਾ ਕੇ 10 ਲੱਖ ਰੁਪਏ ਕੀਤੀ ਗਈ। ਇਸ ਤੋਂ ਇਲਾਵਾ ਕਰਮਚਾਰੀਆਂ ਲਈ ਵਿੱਤੀ ਸਹਾਇਤਾ ਨੂੰ ਵਧਾਉਂਦੇ ਸਮੂਹਿਕ ਬੀਮਾ 5 ਲੱਖ ਤੋਂ ਵਧਾ ਕੇ 10 ਲੱਖ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ 'ਚ ਵੱਡੀ ਵਾਰਦਾਤ, 4500 ਰੁਪਏ ਪਿੱਛੇ ਕੀਤਾ ਵਿਅਕਤੀ ਦਾ ਕਤਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।