2 ਹਫ਼ਤਿਆਂ ਬਾਅਦ ਲਾਗੂ ਹੋਵੇਗੀ ਅਧਿਆਪਕਾਂ ਦੀ ਨਵੀਂ ਆਨਲਾਈਨ ਤਬਾਦਲਾ ਨੀਤੀ

Tuesday, Aug 30, 2022 - 12:53 AM (IST)

2 ਹਫ਼ਤਿਆਂ ਬਾਅਦ ਲਾਗੂ ਹੋਵੇਗੀ ਅਧਿਆਪਕਾਂ ਦੀ ਨਵੀਂ ਆਨਲਾਈਨ ਤਬਾਦਲਾ ਨੀਤੀ

ਜਲੰਧਰ, (ਨਰਿੰਦਰ ਮੋਹਨ) : ਪੰਜਾਬ ਸਰਕਾਰ ਜਲਦ ਹੀ ਅਧਿਆਪਕਾਂ ਦੀ ਨਵੀਂ ਤਬਾਦਲਾ ਨੀਤੀ ਲਾਗੂ ਕਰਨ ਜਾ ਰਹੀ ਹੈ। ਪਿਛਲੀ ਕੈਪਟਨ ਸਰਕਾਰ ਵੇਲੇ ਅਧਿਆਪਕਾਂ ਦੇ ਆਨਲਾਈਨ ਤਬਾਦਲੇ ਦੀ ਨੀਤੀ ਜਾਰੀ ਕੀਤੀ ਗਈ ਸੀ, ਜੋ ਬਹੁਤ ਸਫ਼ਲ ਰਹੀ। ਮੌਜੂਦਾ ਸਰਕਾਰ ਹੁਣ ਇਸ 'ਚ ਬਦਲਾਅ ਕਰਨ ਜਾ ਰਹੀ ਹੈ। ਹੁਣ ਪਤਨੀ-ਪਤਨੀ, ਫੌਜੀਆਂ ਦੀਆਂ ਪਤਨੀਆਂ ਆਦਿ ਨੂੰ ਵੀ ਆਪਣੀ ਪਸੰਦ ਦੇ ਸਟੇਸ਼ਨ ਮਿਲ ਸਕਣਗੇ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਨੁਸਾਰ ਨਵੀਂ ਤਬਾਦਲਾ ਨੀਤੀ ਅਗਲੇ 2 ਹਫ਼ਤਿਆਂ ਬਾਅਦ ਕਿਸੇ ਵੀ ਦਿਨ ਲਾਗੂ ਹੋ ਜਾਵੇਗੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਕੀਤੀ ਸ਼ੁਰੂਆਤ

ਇਸ ਤੋਂ ਪਹਿਲਾਂ ਮਾਰਚ 2018 ਵਿੱਚ ਤਤਕਾਲੀ ਸਰਕਾਰ ਨੇ ਅਧਿਆਪਕਾਂ ਲਈ ਤਬਾਦਲਾ ਨੀਤੀ ਲਾਗੂ ਕੀਤੀ ਸੀ, ਜਿਸ ਅਨੁਸਾਰ ਕਿਸੇ ਵੀ ਅਧਿਆਪਕ ਨੂੰ ਸੱਤ ਸਾਲ ਤੋਂ ਵੱਧ ਸਮੇਂ ਤੱਕ ਇੱਕੋ ਥਾਂ ’ਤੇ ਰਹਿਣ ਅਤੇ ਤਿੰਨ ਸਾਲ ਤੋਂ ਪਹਿਲਾਂ ਅਧਿਆਪਕਾਂ ਦੀ ਬਦਲੀ ਕਰਨ ਦੀ ਮਨਾਹੀ ਸੀ। ਆਮ ਤਬਾਦਲੇ ਸਾਲ ਵਿੱਚ ਸਿਰਫ਼ ਇੱਕ ਵਾਰ ਕਰਨ ਦਾ ਫੈਸਲਾ ਕੀਤਾ ਗਿਆ ਸੀ ਅਤੇ ਸੰਭਾਵੀ ਖਾਲੀ ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀਆਂ ਗਈਆਂ ਸਨ। ਤਬਾਦਲੇ ਦਾ ਸਮਾਂ 15 ਜਨਵਰੀ ਤੋਂ 15 ਫਰਵਰੀ ਤੱਕ ਨਿਸ਼ਚਿਤ ਕੀਤਾ ਗਿਆ ਸੀ ਅਤੇ ਮਾਰਚ ਦੇ ਅੰਤ ਵਿੱਚ ਤਬਾਦਲੇ ਦੇ ਹੁਕਮ ਜਾਰੀ ਕੀਤੇ ਗਏ ਸਨ ਅਤੇ ਨਵੀਂ ਜਗ੍ਹਾ 'ਤੇ ਨਿਯੁਕਤੀ ਅਪ੍ਰੈਲ ਦੇ ਪਹਿਲੇ ਹਫ਼ਤੇ ਰੱਖੀ ਗਈ ਸੀ। ਅਜਿਹਾ ਇਸ ਲਈ ਕੀਤਾ ਗਿਆ ਸੀ ਤਾਂ ਜੋ ਸੈਸ਼ਨ ਦੌਰਾਨ ਤਬਾਦਲੇ ਕਾਰਨ ਪੜ੍ਹਾਈ ਵਿੱਚ ਕੋਈ ਵਿਘਨ ਨਾ ਪਵੇ। ਜਿਨ੍ਹਾਂ ਅਧਿਆਪਕਾਂ ਤੇ ਅਧਿਆਪਕਾਵਾਂ ਨੂੰ ਤਬਾਦਲਾ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਉਨ੍ਹਾਂ ਦੇ ਕੈਂਸਰ, ਹੈਪੇਟਾਈਟਸ-ਬੀ, ਹੈਪੇਟਾਈਟਸ-ਸੀ, ਅਨੀਮੀਆ, ਥੈਲੇਸੀਮੀਆ ਜਾਂ ਡਾਇਲਸਿਸ ਤੋਂ ਪੀੜਤ ਹੋਣ, 60 ਫੀਸਦੀ ਤੱਕ ਦਿਵਿਆਂਗ, ਤਲਾਕਸ਼ੁਦਾ ਹੋਣ ਅਤੇ ਜਿਨ੍ਹਾਂ ਦੇ ਵਿਸ਼ੇਸ਼ ਬੱਚੇ ਹਨ ਨੂੰ ਆਨਲਾਈਨ ਤਬਾਦਲਿਆਂ ਵਿੱਚ ਤਰਜੀਹ ਦਿੱਤੀ ਗਈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਉਸਾਰੀ ਕਿਰਤੀਆਂ ਨੂੰ ਭਲਾਈ ਸਕੀਮਾਂ ਅਧੀਨ 45 ਕਰੋੜ ਰੁਪਏ ਦੀ ਵੰਡ

ਤਬਾਦਲਾ ਨੀਤੀ ਅਨੁਸਾਰ ਅਧਿਆਪਕਾਂ ਦੇ ਤਬਾਦਲੇ ਲਈ ਅੰਕ ਨਿਰਧਾਰਿਤ ਕਰਕੇ ਇਸ ਨੀਤੀ ਵਿੱਚ ਮਾਪਦੰਡ ਜੋੜੇ ਗਏ ਸਨ। ਵੱਖ-ਵੱਖ ਜ਼ੋਨਾਂ ਵਿੱਚ ਨਿਭਾਏ ਕਾਰਜਕਾਲ ਲਈ 50 ਅੰਕ ਅਤੇ ਜ਼ੋਨ-5 ਭਾਵ ਪੱਛੜੇ ਖੇਤਰਾਂ ਵਿੱਚ ਸੇਵਾ ਨਿਭਾ ਰਹੇ ਅਧਿਆਪਕਾਂ ਲਈ ਸਭ ਤੋਂ ਜ਼ਿਆਦਾ ਅੰਕ ਰੱਖੇ ਗਏ ਹਨ। ਇਸੇ ਤਰ੍ਹਾਂ ਕਾਰਜਕਾਲ ਦੇ ਅਨੁਕੂਲ 25 ਅੰਕ ਰੱਖੇ ਗਏ ਹਨ। ਔਰਤਾਂ ਨੂੰ 5 ਅੰਕ, ਵਿਧਵਾ/ਤਲਾਕਸ਼ੁਦਾ/ਅਣਵਿਆਹੀਆਂ ਲੜਕੀਆਂ ਨੂੰ 10 ਅੰਕ, ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ 10 ਅੰਕ ਅਤੇ ਵਿਸ਼ੇਸ਼ ਲੋੜਾਂ ਵਾਲੇ ਤੇ ਬੌਧਿਕ ਤੌਰ 'ਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਮਾਪਿਆਂ ਲਈ 10 ਅੰਕ ਰੱਖੇ ਗਏ ਸਨ।

ਇਸੇ ਤਰ੍ਹਾਂ ਵਧੀਆ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਲਈ 25 ਅੰਕ ਅਤੇ 15 ਅੰਕ ਉਨ੍ਹਾਂ ਅਧਿਆਪਕਾਂ ਲਈ ਰਾਖਵੇਂ ਰੱਖੇ ਗਏ ਹਨ ਜੋ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣਗੇ। ਹਾਲਾਂਕਿ ਸਰਕਾਰ ਦੀ ਕੋਸ਼ਿਸ਼ ਸੀ ਕਿ ਅਧਿਆਪਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਪਰ ਇਸ ਦਾ ਬਹੁਤਾ ਅਸਰ ਨਹੀਂ ਹੋਇਆ। ਪਿਛਲੇ ਸਾਲ 2021 ਵਿੱਚ 10 ਹਜ਼ਾਰ ਤੋਂ ਵੱਧ ਅਧਿਆਪਕਾਂ ਦੇ ਆਨਲਾਈਨ ਤਬਾਦਲੇ ਹੋਏ ਸਨ। ਜਦਕਿ ਬਦਲੀਆਂ ਲਈ ਅਪਲਾਈ ਕਰਨ ਵਾਲੇ ਅਧਿਆਪਕਾਂ ਦੀ ਗਿਣਤੀ 35 ਹਜ਼ਾਰ ਤੋਂ ਵੱਧ ਸੀ।

ਇਹ ਵੀ ਪੜ੍ਹੋ : ‘ਖੇਡਾਂ ਵਤਨ ਪੰਜਾਬ ਦੀਆਂ’ ਦੌਰਾਨ ਬੋਲੇ ਮੀਤ ਹੇਅਰ, CM ਮਾਨ ਖੇਡਾਂ ’ਚ ਪੰਜਾਬ ਦਾ ਪੱਧਰ ਉੱਪਰ ਲੈ ਕੇ ਜਾਣਗੇ

ਸਿੱਖਿਆ ਮੰਤਰੀ ਨੇ ਕਿਹਾ ਕਿ ਫਿਲਹਾਲ ਤਬਾਦਲੇ ਬੰਦ ਹਨ ਕਿਉਂਕਿ ਨਵੀਂ ਤਬਾਦਲਾ ਨੀਤੀ 2 ਹਫ਼ਤਿਆਂ ਤੱਕ ਆ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮੌਜੂਦਾ ਤਬਾਦਲਾ ਨੀਤੀ ਵਿੱਚ ਬਿਹਤਰ ਬਦਲਾਅ ਕੀਤੇ ਜਾ ਰਹੇ ਹਨ, ਜਿਸ ਅਨੁਸਾਰ ਹੁਣ ਪਤੀ ਜਾਂ ਪਤਨੀ ਦੀ ਬੀਮਾਰੀ ਦੀ ਹਾਲਤ ਵਿੱਚ ਵੀ ਤਬਾਦਲੇ ਲਈ ਅੰਕ ਦਿੱਤੇ ਜਾਣਗੇ। ਇਸ ਦੇ ਨਾਲ ਹੀ ਬੱਚਿਆਂ ਦੀ ਬੀਮਾਰੀ, ਨਵ-ਵਿਆਹੇ, ਵਿਧਵਾ, ਨੇਤਰਹੀਣ, ਦਿਵਿਆਂਗ ਅਤੇ ਖਾਸ ਕਰਕੇ ਫੌਜੀ ਪਰਿਵਾਰਾਂ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਰਸੇ ਬਾਅਦ ਫੌਜੀ ਛੁੱਟੀ ਲੈ ਕੇ ਆਉਂਦੇ ਹਨ। ਅਜਿਹੇ 'ਚ ਜੇਕਰ ਉਨ੍ਹਾਂ ਦੀ ਅਧਿਆਪਕਾ ਪਤਨੀ ਜਾਂ ਮਾਂ ਕਿਤੇ ਦੂਰ ਹੋਵੇ ਤਾਂ ਇਹ ਠੀਕ ਨਹੀਂ ਹੋਵੇਗਾ। ਪਿਛਲੀ ਤਬਾਦਲਾ ਨੀਤੀ ਹਰਿਆਣਾ ਅਤੇ ਕਰਨਾਟਕ ਦੀ ਤਬਾਦਲਾ ਨੀਤੀ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੀ ਗਈ ਸੀ ਪਰ ਇਸ ਨੀਤੀ ਵਿਚ ਤਜਰਬੇ ਦੇ ਆਧਾਰ 'ਤੇ ਬਦਲਾਅ ਕੀਤੇ ਜਾ ਰਹੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News