ਪੰਜਾਬ ਵਿਚ ਜਲਦ ਲਾਗੂ ਹੋ ਸਕਦੈ ਨਵਾਂ ਮੋਟਰ ਵਹੀਕਲ ਐਕਟ
Wednesday, Dec 18, 2019 - 06:32 PM (IST)

ਚੰਡੀਗੜ੍ਹ : ਕੇਂਦਰ ਸਰਕਾਰ ਵਲੋਂ ਸੋਧੇ ਮੋਟਰ ਵਹੀਕਲ ਐਕਟ ਨੂੰ ਪੰਜਾਬ ਸਰਕਾਰ ਜਲਦ ਲਾਗੂ ਕਰ ਸਕਦੀ ਹੈ। ਇਹ ਜਾਣਕਾਰੀ ਆਵਾਜਾਈ ਮੰਤਰੀ ਰਜ਼ੀਆ ਸੁਲਤਾਨਾ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੈਠਕਾਂ ਦਾ ਦੌਰ ਖਤਮ ਹੋ ਚੁੱਕਾ ਹੈ ਅਤੇ ਪੰਜਾਬ ਵਿਚ ਨਵਾਂ ਮੋਟਰ ਵਹੀਕਲ ਐਕਟ 1-2 ਦਿਨ ਵਿਚ ਲਾਗੂ ਹੋ ਸਕਦਾ ਹੈ।
ਹਾਲਾਂਕਿ ਇਸ ਦੌਰਾਨ ਟਰਾਂਸਪੋਰਟ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਵਿਚ ਇਹ ਮੋਟਰ ਵਹੀਕਲ ਐਕਟ ਉਦੋਂ ਤੱਕ ਲਾਗੂ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਸੂਬਾ ਸਰਕਾਰ ਵੱਲੋਂ ਕੋਈ ਫੈਸਲਾ ਨਹੀਂ ਲਿਆ ਜਾਂਦਾ ਅਤੇ ਫਿਲਹਾਲ ਟ੍ਰੈਫਿਕ ਨਿਯਮ ਉਲੰਘਣਾ ਕਰਨ ਵਾਲਿਆਂ ਨੂੰ ਪੁਰਾਣੇ ਨਿਯਮਾਂ ਅਨੁਸਾਰ ਗੀ ਜੁਰਮਾਨਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਟ੍ਰੈਫਿਕ ਇਕ ਸੂਬਾਈ ਮੁੱਦਾ ਹੈ ਅਤੇ ਪੰਜਾਬ ਸਰਕਾਰ ਇਸ ਸਬੰਧ ਵਿਚ ਆਪਣੇ ਅਧਿਕਾਰਾਂ ਦੀ ਵਰਤੋਂ ਕਰੇਗੀ ਅਤੇ ਸੋਧੇ ਹੋਏ ਟ੍ਰੈਫਿਕ ਨਿਯਮਾਂ ਵਿਚ ਭਾਰੀ ਵਾਧੇ ਨਾਲ ਸਬੰਧਤ ਕੁਝ ਧਾਰਾਵਾਂ ਨੂੰ ਹੀ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਵਿਚ ਸਖਤ ਟ੍ਰੈਫਿਕ ਅਨੁਸ਼ਾਸਨ ਲਾਗੂ ਕਰਨ ਲਈ ਗੰਭੀਰ ਹੈ।
ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਸੜਕ ਹਾਦਸਿਆਂ ਦਾ ਮੁੱਖ ਕਾਰਨ ਹੈ, ਜਿਸ ਕਾਰਨ ਹਰ ਰੋਜ਼ ਕਈ ਲੋਕ ਮੌਤ ਦੇ ਮੂੰਹ 'ਚ ਚਲੇ ਜਾਂਦੇ ਹਨ ਪਰ ਖਜ਼ਾਨੇ ਨੂੰ ਭਰਨ ਲਈ ਜਨਤਾ 'ਤੇ ਵੱਡਾ ਬੋਝ ਨਹੀਂ ਪਾਇਆ ਜਾਣਾ ਚਾਹੀਦਾ।