ਛੋਟੇ ਉਦਯੋਗਾਂ ਤੇ ਵਪਾਰ ਲਈ ਬਣਾਇਆ ਜਾਵੇਗਾ ਨਵਾਂ ਮੰਤਰਾਲਾ: ਸੁਖਬੀਰ ਬਾਦਲ

Sunday, Nov 28, 2021 - 08:14 PM (IST)

ਛੋਟੇ ਉਦਯੋਗਾਂ ਤੇ ਵਪਾਰ ਲਈ ਬਣਾਇਆ ਜਾਵੇਗਾ ਨਵਾਂ ਮੰਤਰਾਲਾ: ਸੁਖਬੀਰ ਬਾਦਲ

ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਅਕਾਲੀ ਦਲ ਤੇ ਬਸਪਾ ਗਠਜੋੜ ਦਾ 13 ਨੁਕਾਤੀ ‘ਪੰਜਾਬ ਵਿਕਸਤ ਕਰੋ, ਪੰਜਾਬੀਆਂ ਨੁੰ ਉਤਸ਼ਾਹਿਤ ਕਰੋ’ ਪ੍ਰੋਗਰਾਮ ਦਿੱਤਾ ਜਿਸ ਤਹਿਤ ਛੋਟੇ ਉਦਯੋਗਾਂ ਤੇ ਵਪਾਰੀਆਂ ਲਈ ਨਵਾਂ ਮੰਤਰਾਲਾ ਸਥਾਪਿਤ ਕਰਨਾ, ਈ ਡੀ ਸੀ ਤੇ ਰਜਿਸਟਰੀ ਫੀਸ ਵਿਚ 50 ਫੀਸਦੀ ਦੀ ਕਟੋਤੀ ਕਰਨਾ, ਛੋਟੇ ਵਪਾਰੀਆਂ ਲਈ ਜੀਵਨ, ਸਿਹਤ ਤੇ ਅਗਜ਼ਨੀ ਬੀਮੇ ਦੇ ਨਾਲ ਨਾਲ ਪੈਨਸ਼ਨ ਸਕੀਮ ਤੇ ਨਵੇਂ ਉਦਮੀਆਂ ਲਈ 5 ਲੱਖ ਰੁਪਏ ਤੱਕ ਵਿਆਜ਼ ਮੁਕਤ ਕਰਜ਼ਾ ਪ੍ਰਦਾਨ ਕਰਨਾ, ਇੰਡਸਟਰੀ ਲਈ 5 ਰੁਪਏ ਪ੍ਰਤੀ ਯੁਨਿਟ ਦੀ ਦਰ ਨਾਲ ਬਿਜਲੀ ਸਪਲਾਈ ਕਰਨਾ ਅਤੇ ਸਕਿੱਲ ਯੂਨੀਵਰਸਿਟੀ ਸਥਾਪਿਤ ਕਰ ਕੇ ਮੁਹਾਰਤੀ ਨੌਜਵਾਨ ਤਿਆਰ ਕਰਨ ਸਮੇਤ ਅਨੇਕਾਂ ਪ੍ਰੋਗਰਾਮ ਸ਼ਾਮਲ ਹਨ।
ਇਥੇ ਉਦਯੋਗ ਤੇ ਵਪਾਰ ਦੀ ਵੱਡੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਬਹੁਤ ਸਪਸ਼ਟ ਹੈ ਕਿ ਪੰਜਾਬ ਤਾਂ ਹੀ ਅਗਲੇ ਪੜਾਅ ਤੱਕ ਤਰੱਕੀ ਕਰ ਸਕਦਾ ਹੈ ਜੇਕਰ ਅਸੀਂ ਅਸੀਂ ਵਪਾਰ ਤੇ ਉਦਯੋਗਿਕ ਖੇਤਰ ਨੂੰ ਹੁਲਾਰਾ ਦੇਵਾਂਗੇ। ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬੀਆਂ ਦੀ ਉਦਮਤਾ ਵਾਲੀ ਭਾਵਨਾ ਨੁੰ ਘਰੇਲੂ ਉਦਯੋਗ ਨੁੰ ਪ੍ਰਫੁੱਲਤ ਕਰ ਕੇ ਅਤੇ ਇਸਦੇ ਰਾਹ ਵਿਚਲੀਆਂ ਰੁਕਾਵਟਾਂ ਦੂਰ ਕਰ ਕੇ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ। 

ਇਹ ਵੀ ਪੜ੍ਹੋ- ਮੇਰੇ ਘਰ ’ਚੋਂ ਸਿਰਫ 37 ਲੱਖ ਰੁਪਏ ਬਰਾਮਦ ਹੋਏ, ਕੋਈ ਗੈਰ-ਕਾਨੂੰਨੀ ਦਸਤਾਵੇਜ਼ ਨਹੀਂ ਮਿਲੇ : ਵਿਧਾਇਕ ਇਆਲੀ
ਸਰਦਾਰ ਬਾਦਲ ਨੇ ਕਿਹਾ ਕਿ ਹਿਹ ਸੂਬੇ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਵੇਗਾ ਕਿ ਉਦਯੋਗਿਕ ਤੇ ਵਪਾਰ ਖੇਤਰ ਨੁੰ ਆਪਣੀਆਂ ਹੀ ਨੀਤੀਆਂ ਉਲੀਕਣ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਇਕ ਸਲਾਹਕਾਰ ਬੋਰਡ ਸਥਾਪਿਤ ਕੀਤਾ ਜਾਵੇਗਾ ਜੋ ਨਵੇਂ ਛੋਟੇ ਵਪਾਰੀਆਂ ਤੇ ਐਮ ਐਸ ਐਮ ਈ ਸੈਕਟਰ ਲਈ ਨਵੇਂ ਮੰਤਰਾਲੇ ਦੀਆਂ ਨੀਤੀਆਂ ਘੜੇਗਾ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਹੈ ਕਿ ਇਕ ਵਾਰ ਅਕਾਲੀ ਦਲ ਤੇ ਬਸਪਾ ਸਰਕਾਰ ਬਣ ਜਾਵੇ ਤਾਂ ਅਸੀਂ ਲਾਲ ਫੀਤਾਸ਼ਾਹੀ ਖਤਮ ਕਰਾਂਗੇ ਤੇ ਸਿਰਫ ਸਵੈ ਘੋਸ਼ਣਾ ਪੱਤਰ ’ਤੇ ਨਿਰਭਰ ਕਰਾਂਗੇ। ਉਨ੍ਹਾਂ ਐਲਾਨ ਕੀਤਾ ਕਿ ਵਪਾਰ ਤੇ ਉਦਯੋਗ ਨੂੰ 25 ਲੱਖ ਦੀ ਟਰਨਓਵਰ ਲਈ ਕੋਈ ਕਿਤਾਬਾਂ ਨਹੀਂ ਰੱਖਣੀਆਂ ਪੈਣਗੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਤੋਂ ਸਿਰਫ ਛੋਟੀ ਜਿਹੀ ਇਕਮੁਸ਼ਤ ਰਕਮ ਲਈ ਜਾਵੇਗੀ। 
ਇਕ ਹੋਰ ਇਤਿਹਾਸਕ ਫੈਸਲੇ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ ਬਿਲਡ ਪੰਜਾਬ ਏਜੰਸੀ ਬਣਾਈ ਜਾਵੇਗੀ ਜੋ ਨਾ ਸਿਰਫ ਰੀਅਸਲ ਅਸਟੇਟ ਸੈਕਟਰ ਦੇ ਕੰਮਕਾਜ ਨੂੰ ਨਿਯਮਿਤ ਕਰੇਗੀ ਬਲਕਿ ਹਿਹ 45 ਦਿਨਾਂ ਦੇ ਨਿਸ਼ਚਿਤ ਸਮੇਂ ਦੇ ਅੰਦਰ ਅੰਦਰ ਸਾਰੀਆਂ ਪ੍ਰਵਾਨਗੀਆਂ ਮਿਲਣੀਆਂ ਯਕੀਨੀ ਬਣਾਏਗੀ।
 ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਬਾਹਰੀ ਵਿਕਾਸ ਚਾਰਜਿਜ਼ (ਈ ਡੀ ਸੀ) ਅਤੇ ਰਜਿਸਟਰੀ ਫੀਸ ਵੀ ਅੱਧੀ ਕਰ ਦਿੱਤੀ ਜਾਵੇਗੀ ਤਾਂ ਜੋ ਰੀਅਲ ਅਸਟੇਟ ਕਾਰੋਬਾਰ ਨੁੰ ਪ੍ਰਫੁੱਲਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਈ ਡੀ ਸੀ ਚਾਰਜ ਰਜਿਸਟਰੀ ਦੇ ਆਧਾਰ ’ਤੇ ਪ੍ਰਤੀ ਵਰਗ ਫੁੱਅ ਦੇ ਹਿਸਾਬ ਨਾਲ ਲਏ ਜਾਣਗੇ ਤਾਂ ਜੋ ਉਸਾਰੀ ਗਤੀਵਿਧੀਆਂ ਨੁੰ ਹੁਲਾਰਾ ਮਿਲ ਸਕੇ। ਉਨ੍ਹਾਂ ਕਿਹਾ ਕਿ ਅਸੀਂ ਇੰਡਸਟਰੀ ਨੁੰ ਇੰਡਸਟਰੀਅਲ ਅਸਟੇਟ ਤੇ ਫੋਕਲ ਪੁਆਇੰਟਾਂ ਦਾ ਰੱਖ ਰੱਖਾਅ ਕਰਨ ਦੇਵਾਂਗੇ ਤੇ ਸਰਕਾਰ ਇਸ ਪਹਿਲਕਦਮੀ ਲਈ ਫੰਡ ਦੇਵੇਗੀ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਇੰਡਸਟਰੀ ਕਮਾਂਡ ਸੰਭਾਲੇ ਤੇ ਇੰਸਡਟਰੀਅਲ ਅਸਟੇਟਾਂ ਦੇ ਵਿਕਾਸ ਵਾਸਤੇ ਲੋੜੀਂਦੇ ਫੈਸਲੇ ਲਵੇ। 
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਛੋਟੇ ਵਪਾਰੀਆਂ, ਜਿਹਨਾਂ ਨਾਲ ਉਹਨੇ ਹਾਲ ਹੀ ਵਿਚ ਸ਼ਹਿਰੀ ਮਿਲਣੀ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿਚ ਮੁਲਾਕਾਤ ਕੀਤੀ, ਦੀ ਪੀੜ੍ਹਾ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਛੋਟੇ ਵਪਾਰੀਆਂ ਦੇ ਬਿਲਕੁਲ ਸੂਖਮ ਵਪਾਰੀਆਂ ਤੇ ਛੋਟੇ ਉਦਯੋਗਾਂ ਲਈ 10 ਲੱਖ ਰੁਪਏ ਦੀ ਜੀਵਨ ਬੀਮਾ ਨੀਤੀ, ਸਿਹਤ ਸੀਮਾ ਤੇ ਅਗਜ਼ਨੀ ਦੀਆਂ ਘਟਨਾਵਾਂ ਵਿਰੁੱਧ ਬੀਮਾ ਸਕੀਮ ਸ਼ੁਰੂ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਛੋਟੇ ਵਪਾਰੀਆਂ ਲਈ ਪੈਨਸ਼ਨ ਸਕੀਮ ਸ਼ੁਰੂ ਕਰਾਂਗੇ ਤੇ ਸਰਕਾਰ ਇਸ ਲਈ ਯੋਗਦਾਨ ਪਾਵੇਗੀ। 
ਸਰਦਾਰ ਬਾਦਲ ਨੇ ਕਿਹਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਕੋਰੋਨਾ ਕਾਲ ਵਿਚ ਸੰਕਟ ਵਿਚੋਂ ਲੰਘੇ ਉਦਯੋਗਿਕ ਖੇਤਰ ਨੁੰ ਰਾਹਤ ਦੇਣ ਲਈ ਦ੍ਰਿੜ੍ਹ ਸੰਕਲਪ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਬੈਂਕਾਂ ਦੇ ਵਿਆਜ਼ ’ਤੇ 5 ਫੀਸਦੀ ਸਬਸਿਡੀ ਦੇਵੇਗੀ ਅਤੇ 50 ਲੱਖ ਤੱਕ ਦੀ ਕੰਮਕਾਜੀ ਲਿਮਟ ਯਾਨੀ ਵਰਕਿੰਗ ਕੈਪੀਟਲ ’ਤੇ 5 ਫੀਸਦੀ ਵਿਆਜ਼ ਦਾ ਖਰਚ ਚੁੱਕੇਗੀ। ਉਨ੍ਹਾਂ ਕਿਹਾ ਕਿ ਨਵੇਂ ਉਦਮੀਆਂ ਖਾਸ ਤੌਰ ’ਤੇ ਮਹਿਲਾਵਾਂ ਤੇ ਨੌਜਵਾਨਾਂ, ਜੋ ਬਿਊਟੀ ਪਾਰਲਰ  ਜਾਂ ਬੂਟੀਕ ਵਰਗੇ ਨਵੇਂ ਵਪਾਰ ਸ਼ੁਰੂ ਕਰਨਾ ਚਾਹੁੰਦੇ ਹਨ, ਨੂੰ 5 ਲੱਖ ਰੁਪਏ ਤੱਕ ਦਾ ਵਿਆਜ਼ ਮੁਕਤ ਕਰਜ਼ਾ ਦਿੱਤਾ ਜਾਵੇਗਾ। 
ਇੰਡਸਟਰੀ ਦੇ ਪ੍ਰਤੀਨਿਧਾਂ ਵੱਲੋਂ ਸ਼ਲਾਘਾ ਕੀਤੇ ਜਾਣ ਦੀਆਂ ਤਾੜੀਆਂ ਦੇ ਵਿਚਾਲੇ ਹੀ ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਇੰਡਸਟਰੀ ਖੇਤਰ ਲਈ ਤੇ ਛੋਟੇ ਵਪਾਰੀਆਂ ਲਈ ਬਿਜਲੀ 5 ਰੁਪਏ ਪ੍ਰਤੀ ਯੂਨਿਟ ਮਿਲਣੀ ਯਕੀਨੀ ਬਣਾਏਗੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਵੱਡੇ ਉਦਯੋਗ ਤੇ ਫੋਕਲ ਪੁਆਇੰਟ ਐਸੋਸੀਏਸ਼ਨਾਂ ਨੁੰ ਆਪਣੇ ਸੋਲਰ ਬਿਜਲੀ ਪਲਾਂਟ ਲਾਉਣ ਦੀ ਆਗਿਆ ਦਿੱਤੀ ਜਾਵੇਗੀ ਤਾਂ ਜੋ ਉਹ ਹੋਰ ਮੁਕਾਬਲੇ ਵਾਲੀ ਸਮਰਥਾ ਵਿਚ ਆ ਸਕਣ। ਉਨ੍ਹਾਂ ਕਿਹਾ ਕਿ ਉਦਯੋਗਿਕ ਸੈਕਟਰ ਨੁੰ ਵਿਸਥਾਰ ਵਾਸਤੇ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। 

ਇਹ ਵੀ ਪੜ੍ਹੋ- GNA ਯੂਨੀਵਰਸਿਟੀ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਕਰ ਰਹੀ ਸ਼ਾਨਦਾਰ ਕੰਮ : CM ਚੰਨੀ
ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਇਸ ਸਨਅੱਤੀ ਕੇਂਦਰ ਵਿਚ 200 ਏਕੜ ਜ਼ਮੀਨ ’ਤੇ ਸਕਿੱਲ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਇਕ ਵਾਰ ਵਿਚ 25 ਹਜ਼ਾਰ ਲੋਕਾਂ ਨੂੰ ਮੁਹਾਰਤੀ ਸਿਖਲਾਈ ਦੇਣਾ ਹੈ। ਉਨ੍ਹਾਂ ਕਿਹਾ ਕਿ ਇਸਨੁੰ ਅਸਲੀਅਤ ਵਿਚ ਬਦਲਣ ਵਾਸਤੇ ਅਸੀਂ ਮੋਟਰ ਸਾਈਲ, ਸਾਈਕਲ ਤੇ ਹੋਜ਼ਰੀ ਸਮੇਤ ਵੱਖ ਵੱਖ ਉਦਯੋਗਾਂ ਨਾਲ ਤਾਲਮੇਲ ਕਰਾਂਗੇ ਤਾਂ ਜੋ ਖਿੱਤੇ ਵਿਚ ਇਹਨਾਂ ਲਈ ਵਰਕਰਾਂ ਨੂੰ ਸਿਖਲਾਈ ਦਿੱਤੀ ਜਾ ਸਕੇ।
ਅੱਜ ਦੀ ਮੀਟਿੰਗ ਅਕਾਲੀ ਦਲ ਦੇ ਵਪਾਰ ਤੇ ਉਦਯੋਗ ਵਿੰਗ ਦੇ ਪ੍ਰਧਾਨ ਸ੍ਰੀ ਐਨ ਕੇ ਸ਼ਰਮਾ ਵੱਲੋਂ ਪੰਜਾਬ ਡਾਇੰਗ ਇੰਡਸਟਰੀਜ਼ ਦੇ ਪ੍ਰਧਾਨ ਅਸ਼ੋਕ ਮੱਕੜ ਤੇ ਅਕਾਲੀ ਦਲ ਪ੍ਰਧਾਨ ਦੇ ਸਨਅਤੀ ਸਲਾਹਕਾਰ ਗੁਰਮੀਤ ਕੁਲਾਰ ਦੀ ਮਦਦ ਨਾਲ ਆਯੋਜਿਤ ਕੀਤੀ ਗਈ ਸੀ। 
ਤਿੰਨ ਘੰਟੇ ਦੀ ਮੀਟਿੰਗ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਨਾ ਸਿਰਫ ਵਪਾਰੀਆਂ ਤੇ ਉਦਯੋਗਪਤੀਆਂ ਵੱਲੋਂ ਪੁੱਛੇ ਦਰਜਨਾਂ ਸਵਾਲਾਂ ਦੇ ਜਵਾਬ ਦਿੱਤੇ ਬਲਕਿ ਉਨ੍ਹਾਂ ਨੂੰ ਸੂਬੇ ਦੇ ਸਰਵ ਪੱਖੀ ਵਿਕਾਸ ਵਾਸਤੇ ਆਪਣੀ ਸੋਚ ਤੋਂ ਵੀ ਜਾਣੂ ਕਰਵਾਇਆ। ਇਸ ਪ੍ਰੋਗਰਾਮ ਵਿਚ ਹੋਰਨਾਂ ਤੋਂ ਇਲਾਵਾ ਸ੍ਰੀ ਅਨਿਲ ਜੋਸ਼ੀ ਵੀ ਹਾਜ਼ਰ ਸਨ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਹੀਰਾ ਸਿੰਘ ਗਾਬੜ੍ਹੀਆ, ਮਹੇਸ਼ ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਹਰੀਸ਼ ਰਾਏ ਢਾਂਡਾ, ਪ੍ਰਿਤਪਾਲ ਸਿੰਘ ਪਾਲੀ, ਆਰ ਡੀ ਸ਼ਰਮਾ ਤੇ ਕਮਲ ਚੇਤਲੀ ਵੀ ਹਾਜ਼ਰ ਸਨ। 
ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਲੁਧਿਆਣਾ ਵਿਚ ਪੰਜਾਬ ਵਿਕਸਤ ਕਰੋ, ਪੰਜਾਬੀਆਂ ਨੁੰ ਉਤਸ਼ਾਹਿਤ ਕਰੋ ਤਹਿਤ ਦਿੱਤਾ 13 ਨੁਕਾਤੀ ਪ੍ਰੋਗਰਾਮ
ਛੋਟੇ ਉਦਯੋਗਾਂ ਤੇ ਵਪਾਰ ਲਈ ਨਵਾਂ ਮੰਤਰਾਲਾ ਬਣੇਗਾ
ਈ ਡੀ ਸੀ ਤੇ ਰਜਿਸਟਰੀ ਫੀਸ ਵਿਚ 50 ਫੀਸਦੀ ਕਟੌਤੀ ਕੀਤੀ ਜਾਵੇਗੀ
ਛੋਟੇ ਵਪਾਰੀਆਂ ਲਈ 10 ਲੱਖ ਰੁਪਏ ਦਾ ਜੀਵਨ, ਸਿਹਤ ਤੇ ਅਗਜ਼ਨੀ ਬੀਮਾ ਹੋਵੇਗਾ
ਛੋਟੇ ਵਪਾਰੀਆਂ ਲਈ ਪੈਨਸ਼ਨ ਸਕੀਮ ਸ਼ੁਰੂ ਹੋਵੇਗੀ ਤੇ ਸੂਬਾ ਸਰਕਾਰ ਇਸ ਵਿਚ ਯੋਗਦਾਨ ਪਾਵੇਗੀ
ਨੌਜਵਾਨ ਉਦਮੀਆਂ ਵਿਸ਼ੇਸ਼ ਤੌਰ ’ਤੇ ਮਹਿਲਾਵਾਂ ਨੂੰ ਨਵਾਂ ਕੰਮ ਸ਼ੁਰੂ ਕਰਨ ਵਾਸਤੇ 5 ਲੱਖ ਰੁਪਏ ਤੱਕ ਵਿਆਜ਼ ਮੁਕਤ ਕਰਜ਼ਾ ਦਿੱਤਾ ਜਾਵੇਗਾ
ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੁਨਿਟ ਦੀ ਦਰ ਨਾਲ ਬਿਜਲੀ ਸਪਲਾਈ ਕੀਤੀ ਜਾਵੇਗੀ
 ਸੂਬੇ ਦੇ ਨੌਜਵਾਨਾਂ ਨੂੰ ਸਿਖਲਾਈ ਦੇਣ ਵਾਸਤੇ ਸਕਿੱਲ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ
 25 ਲੱਖਰੁਪਏ ਤੱਕ ਦੀ ਟਰਨਓਵਰ ਵਾਸਤੇ ਕੋਈ ਕਿਤਾਬਾਂ ਰੱਖਣ ਦੀ ਜ਼ਰੂਰਤ ਨਹੀਂ, ਸਿਰਫ ਛੋਟੀ ਜਿਹੀ ਰਾਸ਼ੀ ਯਕਮੁਸ਼ਤ ਲਈ ਜਾਵੇਗੀ
ਬਿਲਡ ਪੰਜਾਬ ਏਜੰਸੀ ਰਾਹੀਂ ਰੀਅਲ ਅਸਟੇਟ ਸੈਕਟਰ ਲਈ ਨਿਸ਼ਚਿਤ ਸਮੇਂ ਅੰਦਰ ਪ੍ਰਵਾਨਗੀਆਂ ਦਿੱਤੀਆਂ ਜਾਣਗੀਆਂ
  ਸਰਕਾਰ ਬੈਂਕਾਂ ਦੇ ਵਿਆਜ਼ ’ਤੇ 5 ਫੀਸਦੀ ਸਬਸਿਡੀ ਦੇਵੇਗੀ ਤੇ 50 ਫੀਸਦੀ ਤੱਕ ਵਰਕਿੰਗ ਕੈਪੀਟਨ ਲਿਮਟ ’ਤੇ 5 ਫੀਸਦੀ ਵਿਆਜ਼ ਦਾ ਖਰਚ ਚੁੱਕੇਗੀ
 ਵਿਸਥਾਰ ਵਾਸਤੇ ਇੰਡਸਟਰੀ ਨੂੰ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ
 ਇੰਡਸਟਰੀ ਅਸਟੇਟ ਤੇ ਫੋਕਲ ਪੁਆਇੰਟਾਂ ਦਾ ਰੱਖ ਰਖਾਅ ਇੰਡਸਟਰੀ ਐਸੋਸੀਏਸ਼ਨਾਂ ਕਰਨਗੀਆਂ ਜਿਸ ਵਾਸਤੇ ਸਰਕਾਰ ਫੰਡ ਵੀ ਦੇਵੇਗੀ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


author

Bharat Thapa

Content Editor

Related News