ਪੰਜਾਬ ਲਈ ਖ਼ਤਰੇ ਦੀ ਘੰਟੀ! ਖ਼ਤਰਨਾਕ ਗੈਂਗਸਟਰਾਂ ਦੀ ਨਵੀਂ ਖੇਡ ਬਣੀ ਵੱਡੀ ਚਿੰਤਾ, ਪੜ੍ਹੋ ਪੂਰੀ ਖ਼ਬਰ

Monday, Oct 16, 2023 - 12:24 PM (IST)

ਪੰਜਾਬ ਲਈ ਖ਼ਤਰੇ ਦੀ ਘੰਟੀ! ਖ਼ਤਰਨਾਕ ਗੈਂਗਸਟਰਾਂ ਦੀ ਨਵੀਂ ਖੇਡ ਬਣੀ ਵੱਡੀ ਚਿੰਤਾ, ਪੜ੍ਹੋ ਪੂਰੀ ਖ਼ਬਰ

ਲੁਧਿਆਣਾ (ਭਾਖੜੀ) : ਜੇਲ੍ਹਾਂ ’ਚ ਬੰਦ ਅਤੇ ਬਾਹਰ ਬੈਠੇ ਨਾਮੀ ਗੈਂਗਸਟਰਾਂ ਦੀ ਬੁੱਕੀਆਂ ਨਾਲ ਵੱਧ ਰਹੀ ਨੇੜਤਾ ਆਉਣ ਵਾਲੇ ਦਿਨਾਂ ’ਚ ਸੂਬੇ ਲਈ ਖ਼ਤਰਾ ਬਣ ਸਕਦੀ ਹੈ। ਗੈਂਗਸਟਰਾਂ ਨੇ ਬੁੱਕੀਆਂ ਦੇ ਨਾਲ ਮਿਲ ਕੇ ਆਪਣੀ ਆਮਦਨ ਦੇ ਸਰੋਤ ਵਧਾ ਲਏ ਹਨ। ਇਲਾਕੇ ’ਚ ਬੁੱਕ ਲਵਾਉਣ, ਬੁੱਕ ’ਚ ਆਪਣੇ ਸ਼ੇਅਰ ਪਾਉਣ ਅਤੇ ਹਾਰਨ ਵਾਲੇ ਜੁਆਰੀਆਂ ਤੋਂ ਬੁੱਕੀਆਂ ਦੇ ਪੈਸੇ ਕਢਵਾਉਣ ਦੇ ਕੰਮ ਕਰ ਕੇ ਲੱਖਾਂ ਰੁਪਏ ਕਮਾਏ ਜਾ ਰਹੇ ਹਨ। ਬੁੱਕੀਆਂ ਤੋਂ ਹੋਣ ਵਾਲੀ ਕਮਾਈ ਨਾਲ ਗੈਂਗਸਟਰ ਆਪਣੇ ਗੈਂਗ ਨੂੰ ਮਜ਼ਬੂਤ ਕਰ ਰਹੇ ਹਨ ਅਤੇ ਇਨ੍ਹਾਂ ਹੀ ਰੁਪਿਆਂ ਨਾਲ ਆਪਣੇ ਗੈਂਗ ਲਈ ਹਥਿਆਰ ਵੀ ਖ਼ਰੀਦ ਰਹੇ ਹਨ। ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਹੈ ਅਤੇ ਜੂਆ ਖੇਡਣ ਦੇ ਸ਼ੌਕੀਨਾਂ ਦੀ ਗਿਣਤੀ ਵੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ।  ਜੁਆਰੀਆਂ ਨੂੰ ਜੂਆ ਖਿਡਵਾਉਣ ਲਈ ਬੁੱਕੀ ਵੀ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੇ ਹਨ। ਇਹ ਚਿੰਤਾ ਦਾ ਵਿਸ਼ਾ ਇਸ ਲਈ ਬਣ ਗਿਆ ਹੈ ਕਿਉਂਕਿ ਹੁਣ ਪੰਜਾਬ ਦੇ ਨਾਮੀ ਗੈਂਗਸਟਰ ਵੀ ਇਸ ਖੇਡ ’ਚ ਸ਼ਾਮਲ ਹੋ ਕੇ ਲੱਖਾਂ-ਕਰੋੜਾਂ ਰੁਪਏ ਕਮਾ ਰਹੇ ਹਨ, ਜੋ ਸੂਬੇ ਲਈ ਖ਼ਤਰੇ ਦੀ ਗੱਲ ਹੈ। ਇਨ੍ਹਾਂ ਗੈਂਗਸਟਰਾਂ ਨੇ ਬੁੱਕੀਆਂ ਨਾਲ ਪੂਰੀ ਤਰ੍ਹਾਂ ਨੇੜਤਾ ਵਧਾ ਲਈ ਹੈ। ਪੰਜਾਬ ਦੇ ਕਿਸ ਸ਼ਹਿਰ ’ਚ ਕਿਹੜੇ ਬੁੱਕੀ ਦੀ ਬੁੱਕ ਲੱਗੇਗੀ, ਇਹ ਹੁਣ ਗੈਂਗਸਟਰ ਤੈਅ ਕਰਦੇ ਹਨ। ਜਿਹੜਾ ਬੁੱਕੀ ਗੈਂਗਸਟਰਾਂ ਦੀ ਮਰਜ਼ੀ ਤੋਂ ਬਿਨਾਂ ਬੁੱਕ ਲਾਉਂਦਾ ਹੈ, ਉਸ ਨੂੰ ਅਗਲੇ ਦਿਨ ਧਮਕੀ ਭਰਿਆ ਫੋਨ ਆ ਜਾਂਦਾ ਹੈ। ਲੁਧਿਆਣਾ ਮਹਾਨਾਗਰ ’ਚ ਹੀ ਜੇਲ੍ਹ ਤੋਂ ਬਾਹਰ ਬੈਠੇ ਵੱਡੇ ਗੈਂਗਸਟਰ ਰੋਜ਼ਾਨਾ ਵੱਖ-ਵੱਖ ਇਲਾਕਿਆਂ ’ਚ ਬੁੱਕ ਦੇ ਮਾਧਿਅਮ ਰਾਹੀਂ ਕਰੋੜਾਂ ਰੁਪਿਆਂ ਦਾ ਜੂਆ ਖਿਡਵਾ ਰਹੇ ਹਨ, ਜਿੱਥੇ ਲੁਧਿਆਣਾ ਦੇ ਜੁਆਰੀਆਂ ਤੋਂ ਇਲਾਵਾ ਜਲੰਧਰ, ਅੰਮ੍ਰਿਤਸਰ, ਦਿੱਲੀ, ਮੋਹਾਲੀ ਤੇ ਪਟਿਆਲਾ ਤੋਂ ਜੁਆਰੀ ਜੂਆ ਖੇਡਣ ਆਉਂਦੇ ਹਨ।

ਇਹ ਵੀ ਪੜ੍ਹੋ : CM ਭਗਵੰਤ ਮਾਨ ਦੀ ਖੁੱਲ੍ਹੀ ਬਹਿਸ ਲਈ ਸੁਖਬੀਰ ਬਾਦਲ ਤਿਆਰ, ਨਾਲ ਹੀ ਰੱਖੀ ਇਹ ਸ਼ਰਤ
ਗੈਂਗਸਟਰਾਂ ਦੀ ਮੁਖ਼ਬਰੀ ਨਾਲ ਚੱਲ ਰਿਹਾ ਹੈ ਇਹ ਗੋਰਖ ਧੰਦਾ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੇਲ੍ਹਾਂ ਤੋਂ ਬਾਹਰ ਬੈਠੇ ਗੈਂਗਸਟਰ ਪੁਲਸ ਅਧਿਕਾਰੀਆਂ ਨੂੰ ਦੂਜੇ ਗੈਂਗ ਦੇ ਲੋਕਾਂ ਦੀ ਮੁਖ਼ਬਰੀ ਕਰ ਕੇ ਉਨ੍ਹਾਂ ਨੂੰ ਕੰਮ ਦੇ ਰਹੇ ਹਨ, ਜਿਸ ਨਾਲ ਇਨ੍ਹਾਂ ਦੀ ਅਧਿਕਾਰੀ ਨਾਲ ਨੇੜਤਾ ਵੱਧ ਜਾਂਦੀ ਹੈ। ਅਧਿਕਾਰੀਆਂ ਨੂੰ ਕੰਮ ਦੇਣ ਬਦਲੇ ਇਹ ਉਨ੍ਹਾਂ ਦੇ ਇਲਾਕੇ ’ਚ ਜੂਏ ਦੀ ਗੇਮ ਕਰਵਾਉਣੀ ਸ਼ੁਰੂ ਕਰਵਾ ਦਿੰਦੇ ਹਨ। ਇਸ ਨਾਲ ਇਹ ਮੋਟਾ ਰੁਪਿਆ ਕਮਾ ਰਹੇ ਹਨ ਅਤੇ ਉਸ ਵਿਚੋਂ ਕੁਝ ਹਿੱਸਾ ਪੁਲਸ ਕੋਲ ਵੀ ਪਹੁੰਚਾ ਦਿੰਦੇ ਹਨ, ਜਿਸ ਕਾਰਨ ਬੁੱਕੀ ਤੇ ਜੁਆਰੀ ਉਸ ਇਲਾਕੇ ’ਚ ਪੂਰੀ ਤਰ੍ਹਾਂ ਮਹਿਫੂਜ਼ ਹੋ ਜਾਂਦੇ ਹਨ।
ਗੈਂਗਸਟਰਾਂ ਨੂੰ ਇੰਝ ਹੋ ਰਹੀ ਹੈ ਕਰੋੜਾਂ ਦੀ ਆਮਦਨ
ਗੈਂਗਸਟਰ ਬੁੱਕੀਆਂ ਨਾਲ ਨੇੜਤਾ ਵਧਾ ਕੇ ਬਦਲੇ ’ਚ ਉਨ੍ਹਾਂ ਨੂੰ ਮਹਿਫੂਜ਼ ਰੱਖਣ ਲਈ ਇਲਾਕੇ ’ਚ ਬੁੱਕ ਲਾਉਣ ਲਈ ਘਰ ਲੈ ਕੇ ਦਿੰਦੇ ਹਨ, ਜਿਸ ਦੇ ਬੁੱਕੀ ਨੂੰ ਰੋਜ਼ਾਨਾ ਦੇ ਹਿਸਾਬ ਨਾਲ ਗੈਂਗਸਟਰ ਨੂੰ ਪੈਸੇ ਦੇਣੇ ਪੈਂਦੇ ਹਨ। ਦੂਜਾ, ਇਹ ਗੈਂਗਸਟਰ ਬੁੱਕੀਆਂ ਦੀ ਲੱਗਣ ਵਾਲੀ ਰੋਜ਼ਾਨਾ ਦੀ ਬੁੱਕ ’ਚ 25 ਪੈਸੇ ਆਪਣਾ ਸ਼ੇਅਰ ਪਾ ਲੈਂਦੇ ਹਨ। ਰੋਜ਼ਾਨਾ ਇਕ ਬੁੱਕ ’ਤੇ 25 ਲੱਖ ਤੋਂ ਲੈ ਕੇ 40 ਲੱਖ ਰੁਪਏ ਦੀ ਹਾਰ-ਜਿੱਤ ਹੁੰਦੀ ਹੈ। ਤੀਜਾ, ਗੈਂਗਸਟਰਾਂ ਨੂੰ ਉਸ ਵੇਲੇ ਸਭ ਤੋਂ ਵੱਧ ਮੁਨਾਫ਼ਾ ਹੁੰਦਾ ਹੈ। ਜਦੋਂ ਜੁਆਰੀ ਬੁੱਕ ’ਤੇ ਸਭ ਕੁੱਝ ਹਾਰ ਜਾਂਦਾ ਹੈ ਅਤੇ ਉਹ ਉਧਾਰ ’ਚ ਜੂਆ ਖੇਡਣ ਦੀ ਫਰਮਾਇਸ਼ ਕਰਦਾ ਹੈ। ਜਦੋਂ ਜੁਆਰੀ ਦੇ ਸਿਰ ’ਤੇ ਉਧਾਰ ਦੇ ਵੀ ਲੱਖਾਂ ਰੁਪਏ ਹੋ ਜਾਂਦੇ ਹਨ ਅਤੇ ਉਹ ਦੇਣ ਦੇ ਲਾਇਕ ਨਹੀਂ ਰਹਿੰਦਾ ਤਾਂ ਬੁੱਕੀ ਗੈਂਗਸਟਰਾਂ ਦੀ ਮਦਦ ਨਾਲ ਹਾਰੇ ਹੋਏ ਜੁਆਰੀ ਤੋਂ ਆਪਣੇ ਰੁਪਏ ਕਢਵਾਉਂਦੇ ਹਨ, ਜਿਨ੍ਹਾਂ ਵਿਚੋਂ 40 ਫ਼ੀਸਦੀ ਹਿੱਸਾ ਗੈਂਗਸਟਰ ਲੈ ਜਾਂਦੇ ਹਨ।
ਬੁੱਕੀਆਂ ਨੇ ਮਹਾਨਗਰ ਦੇ ਚੰਗੇ ਹੋਟਲ ਇਕ ਮਹੀਨੇ ਲਈ ਐਡਵਾਂਸ ’ਚ ਕਰਵਾਏ  ਬੁੱਕ
ਲੁਧਿਆਣਾ ਦੇ ਬੁੱਕੀਆਂ ਨੇ ਇਕ ਮਹੀਨੇ ਦਾ ਐਡਵਾਂਸ ਦੇ ਕੇ ਮਸ਼ਹੂਰ ਹੋਟਲਾਂ ਦੇ ਸਵੀਟਸ ਰੂਮ ਬੁੱਕ ਕਰਵਾਏ ਹੋਏ ਹਨ। ਇਨ੍ਹਾਂ ਹੋਟਲਾਂ ਦੇ ਕਮਰੇ ਦਾ ਇਕ ਦਿਨ ਦਾ ਕਿਰਾਇਆ ਆਮ ਵਿਅਕਤੀ ਦੀ ਇਕ ਮਹੀਨੇ ਦੀ ਤਨਖ਼ਾਹ ਨਾਲੋਂ ਵੀ ਵੱਧ ਹੈ। ਦੂਜੇ ਸ਼ਹਿਰਾਂ ਤੋਂ ਜਿਹੜੇ ਜੁਆਰੀ ਜੂਆ ਖੇਡਣ ਆਉਂਦੇ ਹਨ, ਉਨ੍ਹਾਂ ਨੂੰ ਰਾਤ ਰੁਕਣ ਲਈ ਇਹ ਕਮਰੇ ਮੁਫ਼ਤ ’ਚ ਦਿੱਤੇ ਜਾਂਦੇ ਹਨ। ਜੇ ਕੋਈ ਜੁਆਰੀ ਕੁੜੀ ਦੀ ਫਰਮਾਇਸ਼ ਕਰਦਾ ਹੈ ਤਾਂ ਬੁੱਕੀ ਉਸ ਨੂੰ ਵੀ ਮੁਹੱਈਆ ਕਰਵਾਉਂਦੇ ਹਨ।

ਇਹ ਵੀ ਪੜ੍ਹੋ : ਹਵਸ ਦੇ ਭੁੱਖੇ ਨੇ 7 ਸਾਲਾ ਬੱਚੀ ਨਾਲ ਟੱਪੀਆਂ ਹੱਦਾਂ, ਕੱਪੜੇ ਉਤਾਰ ਕੀਤੀ ਸ਼ਰਮਨਾਕ ਕਰਤੂਤ
ਮਹੀਨੇ ’ਚ ਇਕ ਵਾਰ ਇਕ ਬੁੱਕੀ ਨੂੰ ਇੰਝ ਵੀ ਲੁੱਟਦੇ ਹਨ ਇਹ ਗੈਂਗਸਟਰ
ਗੈਂਗਸਟਰ ਨਾ ਸਿਰਫ ਬੁੱਕੀਆਂ ਨੂੰ ਜੂਆ ਖੇਡਣ ਲਈ ਜਗ੍ਹਾ ਲੈ ਕੇ ਦਿੰਦੇ ਹਨ, ਸਗੋਂ ਮਹੀਨੇ ’ਚ ਇਕ ਵਾਰ ਇਹ ਗੈਂਗਸਟਰ ਖ਼ੁਦ ਹੀ ਉਸ ਬੁੱਕ ’ਤੇ ਬੈਠ ਕੇ 25 ਤੋਂ 30 ਲੱਖ ਰੁਪਏ ਦੇ ਮੋਟੇ ਦਾਅ ਲਾਉਂਦੇ ਹਨ। ਉਨ੍ਹਾਂ ਦੇ ਖ਼ੌਫ ਕਾਰਨ ਬੁੱਕੀ ਨੂੰ ਉਨ੍ਹਾਂ ਦਾ ਦਾਅ ਲਵਾਉਣਾ ਪੈਂਦਾ ਹੈ। ਜੇ ਗੈਂਗਸਟਰ ਨੂੰ ਦਾਅ ਆ ਗਿਆ ਅਤੇ ਉਹ ਜਿੱਤ ਗਿਆ ਤਾਂ ਉਹ ਰੁਪਏ ਲੈ ਕੇ ਚਲਾ ਜਾਂਦਾ ਹੈ। ਜੇ ਗੈਂਗਸਟਰ ਹਾਰ ਗਿਆ ਤਾਂ ਬੁੱਕੀ ਨੂੰ ਇਹ ਕਹਿ ਕੇ ਰੁਪਏ ਦੇਣ ਤੋਂ ਮਨ੍ਹਾਂ ਕਰ ਦਿੰਦਾ ਹੈ ਕਿ ਉਸ ਨੇ ਉਸ ਦੇ ਨਾਲ ਦਾਅ ਲਾਉਣ ਵੇਲੇ ਹੇਰਾਫੇਰੀ ਕੀਤੀ ਹੈ, ਇਸ ਲਈ ਹੁਣ ਉਹ ਪੈਸੇ ਨਹੀਂ ਦੇਵੇਗਾ।
ਦੂਜੇ ਵੱਡੇ ਗੈਂਗ ਦੇ ਨਿਸ਼ਾਨੇ ’ਤੇ ਵੀ ਹਨ ਇਹ ਬੁੱਕੀ
ਜਿਹੜੇ ਗੈਂਗਸਟਰ ਬੁੱਕੀਆਂ ਨਾਲ ਦੋਸਤੀ ਕਰ ਕੇ ਅਮੀਰ ਬਣ ਕੇ ਐਸ਼ੋ-ਆਰਾਮ ਭਰਿਆ ਜੀਵਨ ਬਿਤਾ ਰਹੇ ਹਨ, ਉਨ੍ਹਾਂ ਦੀ ਨੇੜਤਾ ਹੁਣ ਬੁੱਕੀਆਂ ਲਈ ਆਫ਼ਤ ਵੀ ਬਣ ਰਹੀ ਹੈ। ਜੇਲ੍ਹਾਂ ’ਚ ਬੰਦ ਗੈਂਗਸਟਰ ਉਨ੍ਹਾਂ ਬੁੱਕੀਆਂ ਦਾ ਬਾਹਰ ਬੈਠੇ ਆਪਣੇ ਗੁਰਗਿਆਂ ਰਾਹੀਂ ਪਤਾ ਲਵਾ ਰਹੇ ਹਨ, ਜੋ ਗੈਂਗਸਟਰਾਂ ਨੂੰ ਮੋਟੀ ਕਮਾਈ ਕਰਵਾ ਕੇ ਦੇ ਰਹੇ ਹਨ। ਜੇਲ੍ਹ ’ਚ ਬੈਠੇ ਗੈਂਗਸਟਰ ਇਨ੍ਹਾਂ ਬੁੱਕੀਆਂ ਨੂੰ ਫੋਨ ਕਰ ਕੇ ਲੱਖਾਂ ਰੁਪਏ ਫ਼ਿਰੌਤੀ ਦੇ ਮੰਗ ਰਹੇ ਹਨ ਅਤੇ ਨਾ ਦੇਣ ਦੀ ਹਾਲਤ ’ਚ ਅੰਜਾਮ ਭੁਗਤਣ ਦੀਆਂ ਧਮਕੀਆਂ ਦੇ ਰਹੇ ਹਨ। ਜੂਏ ਦਾ ਗੈਰ-ਕਾਨੂੰਨੀ ਧੰਦਾ ਹੋਣ ਕਾਰਨ ਬੁੱਕੀਆਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਆਪਣੀ ਜਾਨ ਬਚਾਉਣ ਲਈ ਕਿੱਥੇ ਜਾਣ। ਜੇ ਉਹ ਪੁਲਸ ਕੋਲ ਜਾਂਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਪੋਲ ਖੁੱਲ੍ਹਣ ਦਾ ਡਰ ਹੈ। ਮਜਬੂਰੀ ਵਿਚ ਉਨ੍ਹਾਂ ਨੂੰ ਗੈਂਗਸਟਰਾਂ ਦੀ ਹੀ ਸ਼ਰਨ ’ਚ ਜਾਣਾ ਪੈ ਰਿਹਾ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News