ਜੋਧਵਾਲ ਖੇਤੀਬਾੜੀ ਸਹਿਕਾਰੀ ਸਭਾ ''ਚ ਲੱਖਾਂ ਰੁਪਏ ਦਾ ਗਬਨ?
Thursday, Mar 01, 2018 - 07:59 AM (IST)

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) - ਮਾਛੀਵਾੜਾ ਬਲਾਕ ਅਧੀਨ ਪੈਂਦੀ ਦਿ ਜੋਧਵਾਲ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਵਿਚ ਲੱਖਾਂ ਰੁਪਏ ਦੇ ਗਬਨ ਦੇ ਦੋਸ਼ ਲੱਗੇ ਹਨ ਕਿ ਸਭਾ ਦੇ ਸੇਵਾਮੁਕਤ ਸਕੱਤਰ ਨੇ ਬੇਜ਼ਮੀਨੇ ਹੋਣ ਦੇ ਬਾਵਜੂਦ ਆਪਣੇ ਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ 'ਤੇ ਲੱਖਾਂ ਰੁਪਏ ਦਾ ਕਰਜ਼ਾ ਲੈ ਲਿਆ ਤੇ ਹੋਰ ਕਈ ਬੇਨਿਯਮੀਆਂ ਕੀਤੀਆਂ ਹਨ। ਪਿੰਡ ਜੋਧਵਾਲ ਦੇ ਐਡਵੋਕੇਟ ਲਖਵਿੰਦਰ ਸਿੰਘ ਪੁੱਤਰ ਰਾਣਾ ਬਲਭੱਦਰ ਸਿੰਘ ਨੇ ਸਹਿਕਾਰੀ ਸਭਾਵਾਂ ਦੇ ਮੁੱਖ ਰਜਿਸਟਰਾਰ ਤੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਇਕ ਸ਼ਿਕਾਇਤ ਦਿੱਤੀ, ਜਿਸ ਵਿਚ ਉਸਨੇ ਦੋਸ਼ ਲਾਇਆ ਕਿ ਜੋਧਵਾਲ ਸਹਿਕਾਰੀ ਸਭਾ ਦੇ ਸੇਵਾਮੁਕਤ ਸਕੱਤਰ ਬਲਵੀਰ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਬਿਨਾਂ ਜ਼ਮੀਨ ਤੋਂ ਗੈਰ-ਕਾਨੂੰਨੀ ਢੰਗ ਨਾਲ ਆਪਣੀ ਪਤਨੀ ਸੰਤੋਸ਼ ਰਾਣੀ, ਵਿਕਰਮ ਸਿੰਘ, ਵਰਿੰਦਰ ਸਿੰਘ (ਦੋਵੇਂ ਸਪੁੱਤਰ) ਲਖਵੀਰ ਸਿੰਘ ਤੇ ਸੁਰਜੀਤ ਸਿੰਘ (ਦੋਵੇਂ ਭਰਾ) ਤੇ ਨੂੰਹ ਗੁਰਜਿੰਦਰਪਾਲ ਤੇ ਭਰਜਾਈ ਮੀਨਾ ਰਾਣੀ ਦੇ ਨਾਂ 'ਤੇ ਤਕਰੀਬਨ 24 ਲੱਖ ਤੋਂ ਵੱਧ ਦਾ ਕਰਜ਼ਾ ਤੇ ਮਾਈ ਭਾਗੋ ਯੋਜਨਾ ਤਹਿਤ ਲੋਨ ਲਿਆ, ਜੋ ਕਿ ਉਸਨੇ ਵਾਪਿਸ ਨਾ ਕੀਤਾ। ਇਸ ਤੋਂ ਇਲਾਵਾ ਸੇਵਾਮੁਕਤ ਸਕੱਤਰ ਨੇ ਆਪਣੇ ਹੀ ਪੁੱਤਰ ਵਿਕਰਮ ਸਿੰਘ ਨੂੰ ਬਿਨਾਂ ਸਹਿਕਾਰਤਾ ਵਿਭਾਗ ਦੀ ਮਨਜ਼ੂਰੀ ਤੋਂ ਸਭਾ ਵਿਚ ਸੇਵਾਦਾਰ ਵਜੋਂ ਭਰਤੀ ਕਰ ਲਿਆ ਤੇ ਸਭਾ ਦੇ ਖਾਤੇ 'ਚੋਂ ਉਸਨੂੰ ਤਨਖਾਹ ਵੀ ਦਿੱਤੀ ਜਾ ਰਹੀ ਹੈ, ਜੋ ਕਿ ਬਿਲਕੁਲ ਗੈਰ-ਕਾਨੂੰਨੀ ਹੈ।
ਐਡਵੋਕੇਟ ਲਖਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਜਦੋਂ ਸੇਵਾਮੁਕਤ ਸਕੱਤਰ ਖਿਲਾਫ ਇਨ੍ਹਾਂ ਬੇਨਿਯਮੀਆਂ ਦੀ ਜਾਂਚ ਚੱਲ ਰਹੀ ਸੀ ਤਾਂ ਉਸਦੇ ਬਾਵਜੂਦ ਵੀ ਸਭਾ ਦੇ ਪ੍ਰਧਾਨ, ਪ੍ਰਬੰਧਕ ਕਮੇਟੀ ਤੇ ਨਿਰੀਖਕ ਵਲੋਂ ਗਰੈਚੁਟੀ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ। ਇਸ ਤੋਂ ਇਲਾਵਾ ਐਡਵੋਕੇਟ ਲਖਵਿੰਦਰ ਸਿੰਘ ਨੇ ਕਿਹਾ ਕਿ ਜੋ ਸਭਾ ਦੇ ਗੁਦਾਮ ਵਿਚ ਖਾਦ ਦਾ ਸਟਾਕ ਪਿਆ ਹੈ, ਉਸ ਵਿਚ ਵੀ ਲੱਖਾਂ ਰੁਪਏ ਦਾ ਗਬਨ ਹੋਣ ਦੀ ਸੰਭਾਵਨਾ ਹੈ, ਜਿਸ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ।
ਲਖਵਿੰਦਰ ਸਿੰਘ ਦੇ ਸਾਰੇ ਦੋਸ਼ਾਂ ਦੀ ਸੰਯੁਕਤ ਰਜਿਸਟਰਾਰ-1 ਸਹਿਕਾਰੀ ਸਭਾਵਾਂ ਪੰਜਾਬ ਕੌਰ ਸਿੰਘ ਵਲੋਂ ਜਾਂਚ ਕੀਤੀ ਗਈ ਤੇ ਉਸਨੇ ਜੋ ਪੜਤਾਲੀਆ ਰਿਪੋਰਟ ਪੇਸ਼ ਕੀਤੀ, ਉਸ ਵਿਚ ਇਹ ਦੋਸ਼ ਸਿੱਧ ਪਾਇਆ ਗਿਆ ਕਿ ਸੇਵਾਮੁਕਤ ਸਕੱਤਰ ਬਲਵੀਰ ਸਿੰਘ ਨੇ ਜੋ ਆਪਣੇ ਸਪੁੱਤਰ ਵਿਕਰਮ ਸਿੰਘ ਨੂੰ ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਤੋਂ ਬਿਨਾਂ ਮਨਜ਼ੂਰੀ ਦੇ ਭਰਤੀ ਕੀਤਾ ਹੈ, ਉਹ ਗੈਰ-ਕਾਨੂੰਨੀ ਹੈ। ਇਸ ਲਈ ਪੰਜਾਬ ਕੋਆਪਰੇਟਿਵ ਸੁਸਾਇਟੀ ਐਕਟ-54 ਤਹਿਤ ਸਭਾ ਦੇ ਪ੍ਰਬੰਧਕਾਂ ਵਿਰੁੱਧ ਸਰਚਾਰਜ ਕੇਸ ਤਹਿਤ ਕਾਰਵਾਈ ਕਰਨੀ ਬਣਦੀ ਹੈ।
ਸਹਿਕਾਰਤਾ ਵਿਭਾਗ ਦੇ ਉੱਚ ਅਧਿਕਾਰੀ ਵਲੋਂ ਜਾਂਚ ਦੌਰਾਨ ਇਹ ਵੀ ਰਿਪੋਰਟ ਪੇਸ਼ ਕੀਤੀ ਗਈ ਕਿ ਸੇਵਾਮੁਕਤ ਸਕੱਤਰ ਬਲਵੀਰ ਸਿੰਘ ਨੇ ਆਪਣੇ ਤੇ ਆਪਣੇ ਪਰਿਵਾਰ ਦੇ ਨਾਂ ਉਪਰ ਬੇਜ਼ਮੀਨੇ ਹੋਣ ਦੇ ਬਾਵਜੂਦ ਵੀ ਜੋ ਲੱਖਾਂ ਰੁਪਏ ਦਾ ਕਰਜ਼ਾ ਸਭਾ ਤੋਂ ਲਿਆ ਹੈ, ਗੰਭੀਰ ਕਿਸਮ ਦਾ ਮਾਮਲਾ ਹੈ। ਸਾਬਕਾ ਸਕੱਤਰ ਵਲੋਂ ਲਏ ਗਏ ਗਲਤ ਕਰਜ਼ੇ ਸਰਕਾਰ ਵਲੋਂ ਆਉਣ ਵਾਲੇ ਸਮੇਂ ਵਿਚ ਕਰਜ਼ਾ ਮੁਆਫੀ ਸਕੀਮ ਦੌਰਾਨ ਮੁਆਫ ਕਰਵਾਉਣ ਦੇ ਲਏ ਗਏ ਇਰਾਦੇ ਨਾਲ ਹੋ ਸਕਦੇ ਹਨ ਤੇ ਹੁਣ ਸਾਰੇ ਵਿਅਕਤੀ ਡਿਫਾਲਟਰ ਸੂਚੀ ਵਿਚ ਆ ਚੁੱਕੇ ਹਨ।
ਇਸ ਤੋਂ ਇਲਾਵਾ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸਭਾ ਦੀ ਪ੍ਰਬੰਧਕ ਕਮੇਟੀ ਵਲੋਂ ਜੋ ਸੇਵਾਮੁਕਤ ਸਕੱਤਰ ਨੂੰ ਢਾਈ-ਢਾਈ ਲੱਖ ਰੁਪਏ ਦੀ 2 ਵਾਰ ਗਰੈਚੁਟੀ ਦਿੱਤੀ ਗਈ ਹੈ, ਉਹ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦਿਆਂ ਗਲਤ ਅਦਾਇਗੀ ਕੀਤੀ ਹੈ, ਕਿਉਂਕਿ ਸਭਾ ਦੇ ਸਕੱਤਰ ਤੇ ਉਸਦੇ ਪਰਿਵਾਰ ਵੱਲ ਗਬਨ ਤੇ ਕਰਜ਼ਾ ਲੈਣ ਯੋਗ ਰਕਮ ਬਕਾਇਆ ਖੜ੍ਹੀ ਹੈ, ਇਸ ਲਈ ਇਹ ਗਰੈਚੁਟੀ ਨਹੀਂ ਦਿੱਤੀ ਜਾ ਸਕਦੀ। ਖਾਦ ਦੇ ਸਟਾਕ ਦੀ ਜਾਂਚ ਦੌਰਾਨ ਵੀ ਇਹ ਸਾਹਮਣੇ ਆਇਆ ਕਿ ਸਭਾ ਦੇ ਸਕੱਤਰ ਬਲਵੀਰ ਸਿੰਘ ਵਲੋਂ ਲੋੜ ਨਾਲੋਂ ਵੱਧ ਖਾਦ ਦਾ ਸਟਾਕ ਖਰੀਦਿਆ ਗਿਆ ਹੈ।
ਸਹਿਕਾਰਤਾ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਸਭਾ ਨਾਲ ਸਬੰਧਤ ਉਸ ਸਮੇਂ ਦੇ ਇੰਸਪੈਕਟਰ ਦੀ ਵੀ ਜਵਾਬ-ਤਲਬੀ ਕਰ ਲਈ ਹੈ ਕਿ ਐਡਵੋਕੇਟ ਲਖਵਿੰਦਰ ਸਿੰਘ ਨੇ 7 ਮਹੀਨੇ ਪਹਿਲਾਂ ਜਦੋਂ ਇਸ ਸਭਾ ਵਿਚ ਗਬਨ ਸਬੰਧੀ ਕਥਿਤ ਦੋਸ਼ਾਂ ਦੀ ਸ਼ਿਕਾਇਤ ਦਿੱਤੀ ਸੀ ਤਾਂ ਉਸਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਵਲੋਂ ਸੰਯੁਕਤ ਰਜਿਸਟਰਾਰ ਨੂੰ ਕਾਰਵਾਈ ਲਈ ਨਿਰਦੇਸ਼
ਸਹਿਕਾਰੀ ਸਭਾ ਵਿਚ ਸਾਬਕਾ ਸਕੱਤਰ ਵਲੋਂ ਆਪਣੇ ਅਹੁਦੇ ਦੀ ਦੁਰਵਰਤੋਂ ਤੇ ਘਪਲੇ ਸਬੰਧੀ ਮਾਮਲੇ ਵਿਚ ਰਜਿਸਟਰਾਰ ਸਹਿਕਾਰੀ ਸਭਾਵਾਂ ਕਰਜ਼ਾ ਬਰਾਂਚ-2 ਵਲੋਂ ਇਕ ਪੱਤਰ ਸੰਯੁਕਤ ਰਜਿਸਟਰਾਰ ਸਹਿਕਾਰੀ ਸਭਾਵਾਂ ਪਟਿਆਲਾ ਨੂੰ ਜਾਰੀ ਕੀਤਾ ਗਿਆ, ਜਿਸ ਵਿਚ ਨਿਰਦੇਸ਼ ਦਿੱਤੇ ਗਏ ਕਿ ਸਾਬਕਾ ਸਕੱਤਰ ਬਲਵੀਰ ਸਿੰਘ ਨੇ ਆਪਣੇ ਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ 'ਤੇ ਗਲਤ ਹੱਦ ਕਰਜ਼ੇ, ਜਿਨ੍ਹਾਂ ਦੇ ਉਹ ਡਿਫਾਲਟਰ ਹੋ ਚੁੱਕੇ ਹਨ, ਦੀ ਤੁਰੰਤ ਰਿਕਵਰੀ ਤੇ ਕਾਰਵਾਈ ਲਈ ਕੇਸ ਤਿਆਰ ਕੀਤੇ ਜਾਣ ਤੇ ਜੋ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਇਸ ਵਿਚ ਸ਼ਮੂਲੀਅਤ ਹੈ ਉਨ੍ਹਾਂ ਖਿਲਾਫ ਵੀ ਐਕਟ ਤਹਿਤ ਲੋੜੀਂਦੀ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਸੇਵਾਮੁਕਤ ਸਕੱਤਰ ਨੇ ਆਪਣੇ ਲੜਕੇ ਦੀ ਜੋ ਗੈਰ-ਕਾਨੂੰਨੀ ਢੰਗ ਨਾਲ ਕਾਰਵਾਈ ਕੀਤੀ ਹੈ, ਉਸ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਸਭਾ 'ਤੇ ਘਰ ਵਾਂਗ ਹੀ ਕਬਜ਼ਾ ਕੀਤਾ ਹੋਇਆ ਹੈ : ਸ਼ਿਕਾਇਤਕਰਤਾ
ਸ਼ਿਕਾਇਤਕਰਤਾ ਐਡੋਵੇਕਟ ਲਖਵਿੰਦਰ ਸਿੰਘ ਨੇ ਦੱਸਿਆ ਕਿ ਜੋਧਵਾਲ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ 'ਤੇ ਸੇਵਾਮੁਕਤ ਸਕੱਤਰ ਨੇ ਘਰ ਵਾਂਗ ਹੀ ਕਬਜ਼ਾ ਕੀਤਾ ਹੈ। ਉਸਨੇ ਦੱਸਿਆ ਕਿ ਜੋਧਵਾਲ ਸਭਾ 'ਚ ਪਹਿਲਾਂ ਬਲਵੀਰ ਸਿੰਘ ਦਾ ਪਿਤਾ ਸਕੱਤਰ ਰਿਹਾ, ਫਿਰ ਉਹ ਆਪ ਬਤੌਰ ਸਕੱਤਰ ਇਸੇ ਸੁਸਾਇਟੀ 'ਚ ਨਿਯੁਕਤ ਹੋ ਕੇ ਸੇਵਾਮੁਕਤ ਹੋਇਆ ਤੇ ਹੁਣ ਉਸਨੇ ਆਪਣੇ ਸਪੁੱਤਰ ਨੂੰ ਵੀ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਭਰਤੀ ਕੀਤਾ। ਸ਼ਿਕਾਇਤਕਰਤਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਸਹਿਕਾਰਤਾ ਵਿਭਾਗ ਦੇ ਉੱਚ ਅਧਿਕਾਰੀ ਦੇ ਨਿਰਦੇਸ਼ਾਂ ਦੀ ਹੇਠਲੇ ਅਧਿਕਾਰੀ ਪਾਲਣਾ ਨਹੀਂ ਕਰ ਰਹੇ ਤੇ ਇਸ ਮਾਮਲੇ ਨੂੰ ਲਟਕਾ ਰਹੇ ਹਨ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸਭਾ ਵਿਚ ਗਬਨ ਕਰਨ ਵਾਲੇ ਤੇ ਨਿਯਮਾਂ ਦੇ ਉਲਟ ਜਾ ਕੇ ਕੰਮ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਜਾਵੇ।
ਸੇਵਾਮੁਕਤ ਸਕੱਤਰ ਨੇ ਸਾਰੇ ਦੋਸ਼ ਨਕਾਰੇ
ਜਦੋਂ ਇਸ ਸਬੰਧੀ ਜੋਧਵਾਲ ਖੇਤੀਬਾੜੀ ਸਹਿਕਾਰੀ ਸਭਾ ਦੇ ਸੇਵਾਮੁਕਤ ਸਕੱਤਰ ਬਲਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਾਰੇ ਦੋਸ਼ ਨਕਾਰਦਿਆਂ ਕਿਹਾ ਕਿ ਸ਼ਿਕਾਇਤਕਰਤਾ ਐਡਵੋਕੇਟ ਲਖਵਿੰਦਰ ਸਿੰਘ ਦੇ ਪਰਿਵਾਰ ਨਾਲ ਉਨ੍ਹਾਂ ਦੀ ਪੁਰਾਣੀ ਰੰਜਿਸ਼ ਹੈ, ਜਿਸ ਸਬੰਧੀ 2 ਹੋਰ ਮਾਮਲੇ ਵੀ ਅਦਾਲਤ ਵਿਚ ਚੱਲਦੇ ਹਨ।ਉਨ੍ਹਾਂ ਦੱਸਿਆ ਕਿ ਉਹ ਤੇ ਉਨ੍ਹਾਂ ਦਾ ਪਰਿਵਾਰ 100 ਏਕੜ ਜ਼ਮੀਨ ਦੀ ਖੇਤੀ ਕਰਦੇ ਰਹੇ ਹਨ ਤੇ ਜੋ ਉਨ੍ਹਾਂ ਨੇ ਹੱਦ ਕਰਜ਼ੇ ਲਏ ਹਨ, ਉਹ ਪ੍ਰਬੰਧਕ ਕਮੇਟੀ ਵਲੋਂ ਨਿਯਮਾਂ ਅਨੁਸਾਰ ਪਾਸ ਕੀਤੇ ਗਏ ਸਨ, ਤਾਂ ਹੀ ਉਨ੍ਹਾਂ ਨੂੰ ਇਹ ਕਰਜ਼ਾ ਮਿਲਿਆ। ਉਨ੍ਹਾਂ ਦੱਸਿਆ ਕਿ ਆਪਣੇ ਸਪੁੱਤਰ ਵਿਕਰਮ ਸਿੰਘ ਨੂੰ ਵੀ ਪ੍ਰਬੰਧਕ ਕਮੇਟੀ ਵਲੋਂ ਮਤਾ ਪਾਸ ਕਰਨ ਉਪਰੰਤ ਉਨ੍ਹਾਂ ਸਭਾ ਵਿਚ ਭਰਤੀ ਕੀਤਾ, ਇਸ ਸਬੰਧੀ ਮਤੇ ਦੀ ਕਾਪੀ ਵੀ ਸਹਿਕਾਰਤਾ ਵਿਭਾਗ ਨੂੰ ਭੇਜੀ ਗਈ ਸੀ। ਸੇਵਾਮੁਕਤੀ ਤੋਂ ਬਾਅਦ ਗਰੈਚੁਟੀ ਦੀ ਰਕਮ ਲੈਣ ਬਾਰੇ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਹੱਕ ਹੈ ਤੇ ਪ੍ਰਬੰਧਕ ਕਮੇਟੀ ਵਲੋਂ ਨਿਯਮਾਂ ਅਨੁਸਾਰ ਜੋ ਬਣਦੀ ਰਾਸ਼ੀ ਹੈ ਉਨ੍ਹਾਂ ਨੂੰ ਦਿੱਤੀ ਗਈ ਹੈ। ਖਾਦ ਸਟਾਕ ਦੇ ਘਪਲੇ ਵਾਲੇ ਦੋਸ਼ਾਂ ਨੂੰ ਨਕਾਰਦਿਆਂ ਉਨ੍ਹਾਂ ਕਿਹਾ ਕਿ ਸਭਾ ਦੇ ਗੋਦਾਮ ਵਿਚ ਜੋ ਵੀ ਖਾਦ ਉਹ ਛੱਡ ਕੇ ਆਏ ਸਨ ਉਹ ਪੂਰੀ ਸੀ ਤੇ ਜੋ ਖਾਦ ਵੇਚੀ ਗਈ ਸੀ, ਉਸਦੇ ਬਾਕਾਇਦਾ ਚੈੱਕ ਲਏ ਗਏ ਸਨ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਦੀ ਜਾਂਚ ਦੀ ਗਲਤ ਪੜਤਾਲ ਹੋਈ ਹੈ, ਜਿਸ ਸਬੰਧੀ ਉਹ ਉੱਚ ਅਧਿਕਾਰੀਆਂ ਕੋਲ ਆਪਣੀ ਅਪੀਲ ਪਾਉਣਗੇ ਕਿਉਂਕਿ ਉਹ ਬਿਲਕੁਲ ਨਿਰਦੋਸ਼ ਹਨ।