ਨਵੀਂ ਪਾਲਿਸੀ : ਰਿਜ਼ਰਵ ਪ੍ਰਾਈਸ ’ਚ ਕਟੌਤੀ ਲਈ ਨਹੀਂ ਕੀਤਾ ਅਪਲਾਈ, 4-5 ਕਰੋੜ ਬਚਾਉਣ ਦੇ ਚੱਕਰ ’ਚ ਸ਼ਰਾਬ ਠੇਕੇਦਾਰ

Thursday, Mar 16, 2023 - 01:41 PM (IST)

ਜਲੰਧਰ (ਪੁਨੀਤ)–12 ਫ਼ੀਸਦੀ ਵਾਧੇ ਨਾਲ ਗਰੁੱਪਾਂ ਨੂੰ ਰੀਨਿਊ ਕਰਨ ਲਈ ਬਣਾਈ ਗਈ ਨਵੀਂ ਐਕਸਾਈਜ਼ ਪਾਲਿਸੀ ਅਧੀਨ ਪੰਜਾਬ ਦੇ 58 ਗਰੁੱਪਾਂ ਦੇ ਠੇਕੇਦਾਰਾਂ ਨੇ ਅਪਲਾਈ ਨਹੀਂ ਕੀਤਾ। ਉਕਤ ਗਰੁੱਪ ਲੈਣ ਦੇ ਚਾਹਵਾਨ ਰਿਜ਼ਰਵ ਪ੍ਰਾਈਸ ’ਚ 5 ਤੋਂ 10 ਫ਼ੀਸਦੀ ਦੀ ਕਮੀ ਚਾਹੁੰਦੇ ਹਨ, ਜਿਸ ਕਾਰਨ ਉਨ੍ਹਾਂ ਨੇ ਅਪਲਾਈ ਨਹੀਂ ਕੀਤਾ, ਜਦਕਿ ਵਿਭਾਗ ਕਿਸੇ ਵੀ ਨਿਯਮ ਤਹਿਤ 5 ਤੋਂ 10 ਫ਼ੀਸਦੀ ਤੱਕ ਕੀਮਤ ਘੱਟ ਕਰਨ ਲਈ ਪਾਬੰਦ ਨਹੀਂ ਹੈ। ਨਿਲਾਮੀ ਵਿਚ ਰੱਖੀ ਗਈ ਰਿਜ਼ਰਵ ਪ੍ਰਾਈਸ ’ਤੇ ਟੈਂਡਰ ਨਾ ਆਉਣ ਕਾਰਨ ਵਿਭਾਗ ਵੱਲੋਂ ਆਮ ਤੌਰ ’ਤੇ ਰੇਟ ਘੱਟ ਕਰ ਦਿੱਤੇ ਜਾਂਦੇ ਹਨ, ਅਜਿਹਾ ਸ਼ਰਾਬ ਦੇ ਗਰੁੱਪਾਂ ਵਿਚ ਹੋਣ ’ਤੇ ਠੇਕੇਦਾਰਾਂ ਨੂੰ ਬੇਹੱਦ ਲਾਭ ਹੋਵੇਗਾ। ਵਿਭਾਗ ਵੱਲੋਂ 10 ਫ਼ੀਸਦੀ ਦੀ ਕਮੀ ਕਰਨ ਦੀ ਆਸ ਲਗਾਈ ਬੈਠੇ ਠੇਕੇਦਾਰ ਇਕ ਹੀ ਝਟਕੇ ਵਿਚ 4-5 ਕਰੋੜ ਰੁਪਏ ਬਚਾਉਣ ਦੇ ਚੱਕਰ ਵਿਚ ਹਨ। ਪਿਛਲੀ ਐਕਸਾਈਜ਼ ਪਾਲਿਸੀ ਵਿਚ ਗਰੁੱਪਾਂ ਪ੍ਰਤੀ ਠੇਕੇਦਾਰਾਂ ਵੱਲੋਂ ਰੁਝਾਨ ਨਾ ਦਿਖਾਉਣ ’ਤੇ ਵਿਭਾਗ ਨੇ ਕਈ ਵਾਰ ਕੀਮਤਾਂ ਵਿਚ ਕਮੀ ਕੀਤੀ ਸੀ। ਇਸ ਕਾਰਨ ਠੇਕੇਦਾਰ ਇਸ ਵਾਰ ਵੀ ਕੀਮਤ ਘੱਟ ਹੋਣ ਦੀ ਉਡੀਕ ਕਰ ਰਹੇ ਹਨ।

ਇਹ ਵੀ ਪੜ੍ਹੋ : NRI ਪੰਜਾਬੀਆਂ ਲਈ ਕੈਬਨਿਟ ਮੰਤਰੀ ਧਾਲੀਵਾਲ ਨੇ ਆਖ਼ੀ ਇਹ ਗੱਲ

ਨਵੀਂ ਐਕਸਾਈਜ਼ ਪਾਲਿਸੀ ਵਿਚ ਅਜਿਹਾ ਕੋਈ ਵੀ ਕਲਾਜ਼ ਨਹੀਂ ਹੈ, ਜਿਸ ਤਹਿਤ ਵਿਭਾਗ ਨੂੰ 5 ਜਾਂ 10 ਫ਼ੀਸਦੀ ਤੱਕ ਕੀਮਤ ਘੱਟ ਕਰਨ ਲਈ ਪਾਬੰਦ ਹੋਣਾ ਪਵੇ। ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਗਰੁੱਪਾਂ ਦੇ ਬਿਨੈਪੱਤਰ ਨਹੀਂ ਮਿਲਣਗੇ, ਉਨ੍ਹਾਂ ਗਰੁੱਪਾਂ ਦੀਆਂ ਕੀਮਤਾਂ ਵਿਚ 2-3 ਫੀਸਦੀ ਦੀ ਕਮੀ ਕੀਤੀ ਜਾ ਸਕਦੀ ਹੈ ਪਰ ਇਹ ਕਮੀ ਕਰਨਾ ਵੀ ਵਿਭਾਗ ਦੀਆਂ ਆਪਣੀਆਂ ਨੀਤੀਆਂ ’ਤੇ ਨਿਰਭਰ ਕਰੇਗਾ। ਨਵੀਂ ਐਕਸਾਈਜ਼ ਪਾਲਿਸੀ 1 ਅਪ੍ਰੈਲ ਤੋਂ ਲਾਗੂ ਹੋਣੀ ਹੈ, ਜਿਸ ਕਾਰਨ ਵਿਭਾਗ ਕੋਲ ਅਜੇ ਅੱਧੇ ਮਹੀਨੇ ਦਾ ਸਮਾਂ ਬਾਕੀ ਹੈ। ਵਿਭਾਗੀ ਅਧਿਕਾਰੀ ਜ਼ਿਆਦਾ ਤੋਂ ਜ਼ਿਆਦਾ ਮਾਲੀਆ ਇਕੱਠਾ ਕਰਨ ’ਤੇ ਫੋਕਸ ਕਰ ਰਹੇ ਹਨ। ਇਸ ਕਾਰਨ ਪਹਿਲੀ ਵਾਰ 5 ਫ਼ੀਸਦੀ ਕੀਮਤ ਘੱਟ ਕਰਨਾ ਸੰਭਵ ਨਜ਼ਰ ਨਹੀਂ ਆ ਰਿਹਾ, ਜਦਕਿ ਠੇਕੇਦਾਰ 10 ਫੀਸਦੀ ਕੀਮਤ ਘੱਟ ਹੋਣ ਦੇ ਚੱਕਰ ਵਿਚ ਬੈਠੇ ਹਨ। ਠੇਕੇਦਾਰਾਂ ਦੀ ਮਰਜ਼ੀ ਮੁਤਾਬਕ ਕੀਮਤਾਂ ਹੁੰਦੀਆਂ ਤਾਂ ਇਸ ਨਾਲ ਵਿਭਾਗ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ। ਠੇਕਿਆਂ ਦਾ ਇਕ ਗਰੁੱਪ 35 ਤੋਂ 45 ਕਰੋੜ ਦੀ ਰਿਜ਼ਰਵ ਪ੍ਰਾਈਸ ’ਤੇ ਚੱਲ ਰਿਹਾ ਹੈ।

ਹਾਲੇ ਜੋ ਸਥਿਤੀ ਨਜ਼ਰ ਆ ਰਹੀ ਹੈ, ਉਸ ਮੁਤਾਬਕ ਠੇਕੇਦਾਰਾਂ ਨੂੰ 4-5 ਕਰੋੜ ਰੁਪਏ ਬਚਾਉਣ ਦੀਆਂ ਉਮੀਦਾਂ ’ਤੇ ਪਾਣੀ ਫਿਰ ਸਕਦਾ ਹੈ। ਉਥੇ ਹੀ ਇਸ ਵਿਚ ਇਕ ਮਹੱਤਵਪੂਰਨ ਗੱਲ ਇਹ ਹੈ ਕਿ ਜੇਕਰ ਦੂਜੇ ਠੇਕੇਦਾਰ ਵੱਲੋਂ ਗਰੁੱਪ ਲਈ ਅਪਲਾਈ ਕਰ ਦਿੱਤਾ ਗਿਆ ਤਾਂ ਚੰਗੇ ਗਰੁੱਪ ਹੱਥੋਂ ਨਿਕਲ ਸਕਦੇ ਹਨ। ਉਥੇ ਹੀ, ਮਾਰਚ ਮਹੀਨੇ ਦੇ ਬਾਵਜੂਦ ਠੇਕਿਆਂ ਤੋਂ ਰੌਣਕ ਗਾਇਬ ਹੈ।

ਕੱਲ੍ਹ ਟੈਂਡਰ ਖੁੱਲ੍ਹਣ ਤੋਂ ਬਾਅਦ ਸਥਿਤੀ ਸਪੱਸ਼ਟ ਹੋਵੇਗੀ : ਵਰੁਣ ਰੂਜ਼ਮ
ਐਕਸਾਈਜ਼ ਕਮਿਸ਼ਨਰ ਪੰਜਾਬ ਆਈ. ਏ. ਐੱਸ. ਅਧਿਕਾਰੀ ਵਰੁਣ ਰੂਜ਼ਮ ਨੇ ਕਿਹਾ ਕਿ ਠੇਕੇਦਾਰਾਂ ਨੂੰ ਰੀਨਿਊ ਕਰਨ ਦਾ ਬਿਹਤਰੀਨ ਮੌਕਾ ਦਿੱਤਾ ਗਿਆ ਸੀ ਅਤੇ ਹੁਣ ਸ਼ੁੱਕਰਵਾਰ ਤੱਕ ਈ-ਟੈਂਡਰ ਭਰਨ ਦਾ ਸਮਾਂ ਦਿੱਤਾ ਗਿਆ ਹੈ। ਟੈਂਡਰ ਖੁੱਲ੍ਹਣ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਸਕੇਗੀ।

ਇਹ ਵੀ ਪੜ੍ਹੋ :  ਜ਼ਿਮਨੀ ਚੋਣ ਲਈ ਟਿਕਟ ਮਿਲਣ ਮਗਰੋਂ ਜਲੰਧਰ ਪਹੁੰਚਣ 'ਤੇ ਕਰਮਜੀਤ ਕੌਰ ਚੌਧਰੀ ਦਾ ਵੱਡਾ ਬਿਆਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News