ਲੁਧਿਆਣਾ ਪਾਵਰਕਾਮ ਪੁੱਜਿਆ ਕੋਰੋਨਾ, ਕੈਸ਼ੀਅਰ ਬੀਬੀ ਦੀ ਰਿਪੋਰਟ ਪਾਜ਼ੇਟਿਵ
Thursday, Jul 23, 2020 - 12:50 PM (IST)
ਲੁਧਿਆਣਾ (ਸਲੂਜਾ) : ਪਾਵਰਕਾਮ ਦੀ ਇਕ ਡਵੀਜ਼ਨ 'ਚ ਕਾਂਟਰੈਕਟ ਸਿਸਟਮ ਤਹਿਤ ਕੈਸ਼ੀਅਰ ਦੇ ਅਹੁਦੇ 'ਤੇ ਕੰਮ ਕਰਨ ਵਾਲੀ ਬੀਬੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਉਕਤ ਬੀਬੀ ਇਸ ਸਮੇਂ ਇਲਾਜ ਅਧੀਨ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪਾਵਰਕਾਮ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਜਿਸ ਮਹਿਕਮੇ 'ਚ ਬੀਬੀ ਕੰਮ ਕਰਦੀ ਹੈ, ਉੱਥੇ ਮੀਟਰ ਟੈਸਟਿੰਗ ਲੈਬ ਵੀ ਹੈ ਅਤੇ ਇਸ ਨਾਲ ਪਾਵਰਕਾਮ ਦੇ ਕਈ ਦਫਤਰ ਵਿਭਾਗੀ ਤੌਰ 'ਤੇ ਜੁੜੇ ਹੋਏ ਹਨ।
ਮੁਲਾਜ਼ਮਾਂ ਨੇ ਦੱਸਿਆ ਕਿ ਰੋਜ਼ਾਨਾ ਹੀ ਇੱਥੇ ਵੱਡੀ ਗਿਣਤੀ 'ਚ ਬਿਜਲੀ ਖਪਤਕਾਰ ਆਪਣੇ ਬਿਜਲੀ ਬਿੱਲਾਂ ਦੀ ਦਰੁੱਸਤੀ, ਬਿਜਲੀ ਮੀਟਰਾਂ ਦੀ ਟੈਸਟਿੰਗ ਅਤੇ ਹੋਰ ਕੰਮਾਂ ਲਈ ਆਉਂਦੇ ਹਨ। ਮੁਲਾਜ਼ਮਾਂ ਨੇ ਕਿਹਾ ਕਿ ਕੋਰੋਨਾ ਦੇ ਦਸਤਕ ਦੇਣ ਦੇ ਬਾਵਜੂਦ ਡਵੀਜ਼ਨ ਨੂੰ ਬੰਦ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਉਨ੍ਹਾਂ ਦੀ ਜ਼ਿੰਦਗੀ ਖਤਰੇ 'ਚ ਆ ਸਕਦੀ ਹੈ। ਮੁਲਾਜ਼ਮਾਂ ਨੇ ਪਾਵਰਕਾਮ ਅਧਿਕਾਰੀਆਂ ਨੂੰ ਪੁਰਜ਼ੋਰ ਮੰਗ ਕੀਤੀ ਹੈ ਕਿ ਜਦੋਂ ਤੱਕ ਕੋਰੋਨਾ ਦਾ ਖਤਰਾ ਟਲ ਨਹੀਂ ਜਾਂਦਾ, ਉਸ ਸਮੇਂ ਤੱਕ ਇਸ ਡਵੀਜ਼ਨ ਨੂੰ ਬੰਦ ਰੱਖਿਆ ਜਾਵੇ।