ਪਾਰਲੀਮੈਂਟ ਸੈਸ਼ਨ ’ਚ ਹੀ ਤਿੰਨੇ ਨਵੇਂ ਖ਼ੇਤੀ ਕਾਨੂੰਨ ਰੱਦ ਕੀਤੇ ਜਾਣ : ਭਗਵੰਤ ਮਾਨ
Saturday, Jan 30, 2021 - 11:16 PM (IST)
ਚੰਡੀਗੜ੍ਹ (ਰਮਨਜੀਤ) : ਕੇਂਦਰ ਸਰਕਾਰ ਵਲੋਂ ਅੱਜ ਆਨਲਾਈਨ ਬੁਲਾਈ ਗਈ ਸਰਬ ਪਾਰਟੀ ਮੀਟਿੰਗ ’ਚ ਆਮ ਆਦਮੀ ਪਾਰਟੀ ਵਲੋਂ ਲੋਕ ਸਭਾ ਮੈਂਬਰ ਅਤੇ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕੇਂਦਰੀ ਖ਼ੇਤੀ ਬਾਰੇ ਨਵੇਂ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਦਾ ਮਸਲਾ ਉਠਾਇਆ। 26 ਜਨਵਰੀ ਨੂੰ ਲਾਲ ਕਿਲ੍ਹੇ ’ਤੇ ਵਾਪਰੀ ਘਟਨਾ ’ਤੇ ਗੱਲ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਜੋ ਹੋਇਆ ਉਹ ਬਹੁਤ ਹੀ ਮੰਦਭਾਗੀ ਘਟਨਾ ਹੈ। ਅੰਦੋਲਨ ਕਰ ਰਹੇ ਸਾਰੇ ਕਿਸਾਨਾਂ ਨੂੰ ਇਸ ਘਟਨਾ ਨਾਲ ਜੋੜ ਕੇ ਨਾ ਦੇਖਿਆ ਜਾਵੇ। ਕਿਸਾਨਾਂ ’ਤੇ ਦਰਜ ਕੀਤੇ ਜਾ ਰਹੇ ਪਰਚਿਆਂ ਨਾਲ ਅੰਦੋਲਨ ਹੋਰ ਭਖੇਗਾ।
ਇਹ ਵੀ ਪੜ੍ਹੋ : ਕਿਸਾਨ ਸੰਘਰਸ਼ ਨੂੰ ਕੇਸਰੀ ਨਿਸ਼ਾਨ ਦਾ ਮੁੱਦਾ ਬਣਾਉਣਾ ਮੰਦਭਾਗਾ : ਬੀਬੀ ਜਗੀਰ ਕੌਰ
ਉਨ੍ਹਾਂ ਕਿਹਾ ਕਿ ਲਾਲ ਕਿਲ੍ਹੇ ’ਤੇ ਆਮ ਦਿਨਾਂ ’ਚ ਪੂਰੀ ਸੁਰੱਖਿਆ ਹੁੰਦੀ ਹੈ ਪਰ ਹੈਰਾਨੀ ਵਾਲੀ ਗੱਲ ਹੈ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਵਾਲੇ ਦਿਨ ਲਾਲ ਕਿਲ੍ਹੇ ਨੂੰ ਸੁਰੱਖਿਆ ਪੱਖੋਂ ਕਿਉਂ ਖੁੱਲ੍ਹਾ ਛੱਡ ਦਿੱਤਾ ਗਿਆ। ਉਨ੍ਹਾਂ ਮੀਟਿੰਗ ’ਚ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਚਾਲੂ ਮੌਜੂਦਾ ਪਾਰਲੀਮੈਂਟ ਸੈਸ਼ਨ ’ਚ ਖ਼ੇਤੀ ਬਾਰੇ ਨਵੇਂ ਕੇਂਦਰੀ ਕਾਨੂੰਨਾਂ ਨੂੰ ਰੱਦ ਕਰਕੇ ਦੇਸ਼ ਦੇ ਕਿਸਾਨਾਂ ਨੂੰ ਇਕ ਤੋਹਫਾ ਦੇਣ। ਭਗਵੰਤ ਮਾਨ ਨੇ ਇਹ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੇ ਮੀਟਿੰਗ ਵਿਚ ਇਹ ਵੀ ਕਿਹਾ ਕਿ ਖੇਤੀਬਾੜੀ ਮੰਤਰੀ ਵਲੋਂ ਕਿਸਾਨਾਂ ਨੂੰ ਜੋ ਪ੍ਰਸਤਾਵ ਦਿੱਤਾ ਗਿਆ ਸੀ, ਸਰਕਾਰ ਅੱਜ ਵੀ ਉਸ ’ਤੇ ਖੜ੍ਹੀ ਹੈ।
ਇਹ ਵੀ ਪੜ੍ਹੋ : ਅਗਲੇ ਪੜ੍ਹਾਅ ’ਚ ਫਰੰਟ ਲਾਈਨ ਵਾਰੀਅਰਜ਼ ਦਾ ਕੀਤਾ ਜਾਵੇਗਾ ਕੋਰੋਨਾ ਟੀਕਾਕਰਨ: ਬਲਬੀਰ ਸਿੱਧੂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?