ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-9)

05/17/2020 9:59:48 AM

ਗੁਰਤੇਜ ਸਿੰਘ ਕੱਟੂ
98155 94197

ਜਦੋਂ ਪਾਰਟੀ ਦੀਆਂ ਜ਼ਿੰਮੇਵਾਰੀਆਂ ਪਰਿਵਾਰ ’ਤੇ ਭਾਰੀ ਪੈਣ ਲੱਗੀਆਂ

ਸਰਕਾਰ ਦਿਨ-ਬ-ਦਿਨ ਆਪਣੀ ਚਾਲ ਚਲਦੀ ਹੀ ਜਾ ਰਹੀ ਸੀ। ਹੁਣ ਨੈਸ਼ਨਲਿਸਟ ਪਾਰਟੀ ਦੇ ਮੈਂਬਰਾਂ ਦੀ ਬਹੁਗਿਣਤੀ ਵਾਲੀ ਪਾਰਲੀਮੈਂਟ ਨੇ ‘ਬਾਂਟੁੰ ਐਜੂਕੇਸ਼ਨ ਐਕਟ’ ਪਾਸ ਕਰ ਦਿੱਤਾ। ਇਹ ਬਹੁਤ ਹੀ ਕੱਟੜ ਤੇ ਨਾਜੀ ਪਾਰਟੀ ਦੀ ਸਮਰਥਕ ਸਰਕਾਰ ਸੀ। ਇਹ ਚਾਹੁੰਦੀ ਸੀ ਕਿ ਹੁਣ ਅਫ਼ਰੀਕਾ ਦਾ ਵਿਦਿਅਕ ਢਾਂਚਾ ਵੀ ਖ਼ਰਾਬ ਕੀਤਾ ਜਾਵੇ। ਇਸ ਲਈ ਇਸ ਸਰਕਾਰ ਨੇ ਇਹ ਐਕਟ ਪਾਸ ਕੀਤਾ।

ਇਸ ਐਕਟ ਵਿਚ ਅਫ਼ਰੀਕੀ ਸਿੱਖਿਆ ’ਤੇ ਵੀ ਰੰਗ ਭੇਦ ਦੀ ਨੀਤੀ ਦਾ ਰੰਗ ਚਾੜ੍ਹਨ ਦੀ ਕੋਸ਼ਿਸ਼ ਕੀਤੀ ਗਈ। ਇਸ ਕਾਨੂੰਨ ਸਦਕਾ ਅਫ਼ਰੀਕੀ ਸਿੱਖਿਆ ਦਾ ਕੰਟਰੋਲ ਸਿੱਖਿਆ ਵਿਭਾਗ ਤੋਂ ਲੈ ਕੇ ‘ਮੂਲ ਨਿਵਾਸੀ ਮਾਮਲੇ’ ਵਿਭਾਗ ਨੂੰ ਸੌਂਪ ਦਿੱਤਾ। ਇਹ ਵਿਭਾਗ ਅਫ਼ਰੀਕੀਆਂ ਵਿਚ ਪਹਿਲਾਂ ਤੋਂ ਹੀ ਬਦਨਾਮ ਸੀ।

ਇਹ ਵਿਦਿਆ ਹੀ ਹੈ, ਜਿਸ ਸਦਕਾ ਇਕ ਇਨਸਾਨ ਦੀ ਧੀ ਡਾਕਟਰ, ਮਜ਼ਦੂਰ ਦਾ ਬੇਟਾ ਖਾਣ ਦਾ ਸਭ ਤੋਂ ਵੱਡਾ ਅਫ਼ਸਰ ਜਾਂ ਖੇਤ ਮਜ਼ਦੂਰ ਦਾ ਪੁੱਤਰ ਕਿਸੇ ਮਹਾਨ ਦੇਸ਼ ਦਾ ਰਾਸ਼ਟਰਪਤੀ ਬਣ ਸਕਦਾ ਹੈ। ਵਿਦਿਆ ਹੀ ਮਨੁੱਖ ਦਾ ਤੀਸਰਾ ਨੇਤਰ ਹੈ ਪਰ ਸੱਤਾ (ਨੈਸ਼ਨਲਿਸਟ ਪਾਰਟੀ) ਹੁਣ ਇਸ ਤੀਸਰੇ ਨੇਤਰ ਵਿਚ ਟੀਰ ਪੈਦਾ ਕਰਨਾ ਚਾਹੁੰਦੀ ਸੀ ਤਾਂਕਿ ਉਹ ਲੰਮੇ ਸਮੇਂ ਤੱਕ ਅਫ਼ਰੀਕਾ ਵਿਚ ਆਪਣੇ ਧੌਂਸ ਜਮਾਈ ਰੱਖੇ।

ਏ.ਐੱਨ.ਸੀ. ਇਹ ਗੱਲ ਚੰਗੀ ਤਰ੍ਹਾਂ ਸਮਝ ਗਈ ਸੀ ਕਿ ਇਹ ਕਾਨੂੰਨ ਅਫ਼ਰੀਕੀਆਂ ਦੀ ਤਰੱਕੀ ਦੀ ਰਫ਼ਤਾਰ ਨੂੰ ਸੁਸਤ ਕਰਨ ਦੀ ਕੋਝੀ ਸਾਜ਼ਿਸ਼ ਸੀ ਅਤੇ ਇਸਦੇ ਲਾਗੂ ਹੋਣ ਨਾਲ ਇਹ ਅਫ਼ਰੀਕੀਆਂ ਦੇ ਆਜ਼ਾਦੀ ਦੇ ਸੰਘਰਸ਼ ਨੂੰ ਢਾਹ ਲੱਗੇਗੀ।

ਇਸ ਲਈ ਇਸ ਕਾਨੂੰਨ ਨੂੰ ਫੇਲ ਕਰਨ ਲਈ ਏ.ਐੱਨ.ਸੀ. ਦੀ ਕਾਰਜਕਾਰਨੀ ਨੇ ਇਸ ਦੇ ਵਿਰੋਧ ਵਜੋਂ ਰੋਸ ਪ੍ਰਗਟ ਕਰਨ ਦੀ ਨੀਤੀ ਅਪਣਾਈ ਅਤੇ ਸਕੂਲਾਂ ਦਾ ਪੱਕੇ ਤੌਰ ’ਤੇ ਬਾਈਕਾਟ ਕਰਨ ਦਾ ਸੱਦਾ ਦਿੱਤਾ। ਅਸਲ ਵਿਚ ਬਾਂਟੁੰ ਐਜੂਕੇਸ਼ਨ ਐਕਟ ਇਕ ਅਜਿਹਾ ਜ਼ਹਿਰ ਸੀ, ਜਿਸਨੂੰ ਪੀਣ ਨਾਲੋਂ ਪਿਆਸੇ ਮਰਨਾ ਚੰਗਾ ਸੀ। ਲੋਕ ਇਕ ਵਾਰ ਫਿਰ ਤੋਂ ਸਰਕਾਰ ਨਾਲ ਦੋ ਹੱਥ ਕਰਨ ਲਈ ਤਿਆਰ ਹੋ ਰਹੇ ਸਨ।

ਪਰ ਨੈਲਸਨ ਦਾ ਵਿਚਾਰ ਸੀ ਕਿ, “ਅਸੀਂ ਜੋ ਵੀ ਕਰੀਏ, ਸਥਿਤੀ ਦੀ ਹਕੀਕਤ ਨੂੰ ਧਿਆਨ ਵਿਚ ਰੱਖ ਕੇ ਹੀ ਕਰੀਏ। ਅਸੀਂ ਹਾਲੇ ਏਨੇ ਵੱਡੇ ਪੱਧਰ ’ਤੇ ਸਰਕਾਰ ਨਾਲ ਟੱਕਰ ਲੈਣ ਦੇ ਯੋਗ ਨਹੀਂ ਸੀ ਹੋਏ। ਹਾਲੇ ਸੰਭਵ ਨਹੀਂ ਸੀ ਕਿ ਅਸੀਂ ਇਕ ਦਮ ਆਪਣੇ ਏਨੇ ਸਕੂਲ ਖੋਲ੍ਹ ਲਈਏ ਅਤੇ ਲੱਖਾਂ ਅਫ਼ਰੀਕੀ ਬੱਚਿਆਂ ਨੂੰ ਉਥੇ ਪੜ੍ਹਾ ਸਕੀਏ। ਇਸ ਲਈ ਬਾਕੀਆਂ ਵਾਂਗ ਮੈਂ ਵੀ ਇਹੀ ਸੁਝਾਅ ਦਿੱਤਾ ਕਿ ਕੇਵਲ ਇਕ ਹਫਤੇ ਤੱਕ ਹੀ ਬਾਈਕਾਟ ਕੀਤਾ ਜਾਵੇ।”

ਓਧਰ ਡਾਕਟਰ ਵਰਵੋਇਰਡ (ਸਿੱਖਿਆ ਮੰਤਰੀ) ਨੇ ਵੀ ਧਮਕੀ ਦੇ ਦਿੱਤੀ ਕਿ ਜਿਹਨਾਂ ਸਕੂਲਾਂ ਨੇ ਬਾਈਕਾਟ ਕੀਤਾ ਸਰਕਾਰ ਉਨ੍ਹਾਂ ਨੂੰ ਪੱਕੇ ਤੌਰ ’ਤੇ ਹੀ ਬੰਦ ਕਰ ਦੇਵੇਗੀ। ਆਖ਼ਰ ਇਕ ਅਪ੍ਰੈਲ ਨੂੰ ਬਾਈਕਾਟ ਸ਼ੁਰੂ ਹੋ ਗਿਆ ਪਰ ਇਸਦੇ ਨਤੀਜੇ ਜ਼ਿਆਦਾ ਚੰਗੇ ਨਹੀਂ ਨਿਕਲੇ। ਜਿਸ ਬਾਰੇ ਨੈਲਸਨ ਲਿਖਦਾ ਹੈ ਕਿ:

“ਕਿਸੇ ਵੀ ਮੁਹਿੰਮ ਜਾਂ ਸੰਘਰਸ਼ ਨੂੰ ਦੋ ਦ੍ਰਿਸ਼ਟੀਕੋਣਾਂ ਤੋਂ ਦੇਖਿਆ ਜਾਣਾ ਚਾਹੀਦਾ ਹੈ: ਘੱਟੋ ਘੱਟ ਕਿੰਨੀ ਸਫ਼ਲਤਾ ਮਿਲ ਸਕੀ, ਅਤੇ ਕਿੰਨੇ ਕੁ ਲੋਕਾਂ ਦਾ ਰਾਜਨੀਤੀਕਰਨ ਹੋਇਆ ਅਤੇ ਇਹ ਲੋਕ ਸੰਘਰਸ਼ ਕਰਨ ਲਈ ਤਿਆਰ ਹਨ ਜਾਂ ਨਹੀਂ। ਸਾਡੀ ਮੁਹਿੰਮ ਪਹਿਲੇ ਦ੍ਰਿਸ਼ਟੀਕੋਣ ਦੇ ਪੱਖ ਤੋਂ ਤਾਂ ਪੂਰੀ ਤਰ੍ਹਾਂ ਫੇਲ੍ਹ ਹੋ ਰਹੀ ਸੀ। ਨਾ ਤ ਅਸੀਂ ਦੇਸ਼ ਭਰ ’ਚ ਅਫ਼ਰੀਕੀ ਸਕੂਲ ਹੀ ਬੰਦ ਕਰਵਾ ਸਕੇ ਸਾਂ ਅਤੇ ਨਾ ਹੀ ਅਸੀਂ ਬਾਂਟੂੰ ਸਿੱਖਿਆ ਕਾਨੂੰਨ ਤੋਂ ਹੀ ਬਚ ਸਕੇ ਸਾਂ। ਜਿਹੋ ਜਿਹੀ ਵੀ ਸਿਖਿਆ ਸਰਕਾਰ ਸਾਡੇ ਬੱਚਿਆਂ ਨੂੰ ਦੇਣਾ ਚਾਹੁੰਦੀ ਸੀ, ਅਸੀਂ ਉਸ ਨੂੰ ਸਵੀਕਾਰ ਕਰਨ ਲਈ ਮਜ਼ਬੂਰ ਸਾਂ।”

ਪੜ੍ਹੋ ਇਹ ਵੀ ਖਬਰ - ‘ਨੈਲਸਨ ਮੰਡੇਲਾ’ ਦੀ ਜੀਵਨੀ ਦੀਆਂ ਸਾਰੀਆਂ ਕਿਸ਼ਤਾਂ ਪੜ੍ਹਨ ਲਈ ਇਸ ਲਿੰਕ ’ਤੇ ਕਰੋ ਕਲਿੱਕ

ਪੜ੍ਹੋ ਇਹ ਵੀ ਖਬਰ - ਕੀ ਅਸੀਂ ਲੋਕ ਮੂਰਖ ਹਾਂ ਜਾਂ ਗੱਲ-ਗੱਲ ਤੇ ਸਾਨੂੰ ਮੂਰਖ ਬਣਾਇਆ ਜਾਂਦਾ ਹੈ?

ਪਰ ਸਰਕਾਰ ਦੀ ਇਸ ਬਾਂਟੂੰ ਸਿਖਿਆ ਨੀਤੀ ਦਾ ਸਰਕਾਰ ਨੂੰ ਕਈ ਤਰ੍ਹਾਂ ਨਾਲ ਖ਼ਾਮਿਆਜਾ ਵੀ ਭੁਗਤਣਾ ਪਿਆ ਸੀ। 1970 ਵਿਆਂ ਵਿਚ ਇਸੇ ਬਾਂਟੂੰ ਸਿਖਿਆ ਨੀਤੀ ਸਦਕਾ ਅਫ਼ਰੀਕੀ ਨੌਜਵਾਨਾਂ ਦੀ ਹੁਣ ਤੱਕ ਦੀ ਸਭ ਤੋਂ ਰੋਹ ਭਰਪੂਰ ਅਤੇ ਬਾਗੀ ਨਸਲ ਹੋਂਦ ਵਿਚ ਆਈ ਸੀ। ਬਾਂਟੂੰ ਸਿਖਿਆ ਨੀਤੀ ਅਧੀਨ ਪੜ੍ਹੇ ਇਨ੍ਹਾਂ ਬੱਚਿਆਂ (ਵਿਦਿਆਰਥੀਆਂ) ਨੇ ਜਦੋਂ ਜਵਾਨੀ ਵਿਚ ਕਦਮ ਰੱਖਿਆ ਸੀ ਤਾਂ ਇਹ ਸਰਕਾਰ ਦੇ ਖ਼ਿਲਾਫ਼ ਬੜੇ ਜੋਸ਼ ਨਾਲ ਉੱਠੇ ਸਨ।

ਮੁਖੀਆ ਲੁਥੂਲੀ ਦੇ ਏ.ਐੱਨ.ਸੀ. ਦੇ ਪ੍ਰਧਾਨ ਬਣਨ ਦੇ ਕਈ ਮਹੀਨੇ ਬਾਅਦ ਪ੍ਰੋ. ਜ਼ੈੱਡ. ਕੇ. ਮੈਥਿਊਜ਼ ਦੱਖਣੀ ਅਫ਼ਰੀਕਾ ਵਾਪਿਸ ਪਹੁੰਚਿਆ। ਏ.ਐੱਨ.ਸੀ. ਦੀ ਕੇਪ ’ਚ ਹੋਣ ਵਾਲੀ ਸਲਾਨਾ ਕਾਨਫਰੰਸ ਵਿਚ ਪ੍ਰੋ. ਮੈਥਿਊਜ਼ ਨੇ ਇਹ ਵਿਚਾਰ ਪੇਸ਼ ਕੀਤਾ ਕਿ, “ਮੈਂ ਸੋਚਦਾ ਹਾਂ ਕਿ ਵਕਤ ਆ ਗਿਆ ਹੈ ਕਿ ਏ.ਐੱਨ.ਸੀ. ਇਸ ਗੱਲ ’ਤੇ ਵਿਚਾਰ ਕਰੇ ਕਿ ਇਕ ਰਾਸ਼ਟਰੀ ਪੱਧਰ ਦਾ ਸੰਮੇਲਨ ਬੁਲਾਇਆ ਜਾਵੇ, ਸਾਰੇ ਲੋਕਾਂ ਦੀ ਇਕ ਕਾਂਗਰਸ, ਜਿਸ ਵਿਚ ਇਸ ਦੇਸ਼ ਵਿਚ ਵਸਦੇ ਸਾਰੇ ਲੋਕਾਂ ਦੀ ਨੁਮਾਇੰਦਗੀ ਹੋਵੇ ਅਤੇ ਇਸ ਵਿਚ ਭਵਿੱਖ ਦੇ ਲੋਕਤੰਤਰੀ ਦੱਖਣੀ ਅਫ਼ਰੀਕਾ ਵਾਸਤੇ ਇਕ ਆਜ਼ਾਦੀ ਦਾ ਡਾਕੂਮੈਂਟ ਤਿਆਰ ਕੀਤਾ ਜਾਵੇ।”

ਕੁਝ ਹੀ ਮਹੀਨਿਆਂ ਵਿਚ ਏ.ਐੱਨ.ਸੀ. ਨੇ ਇਸ ਸੁਝਾਓ ਨੂੰ ਸਵੀਕਾਰ ਕਰਦੇ ਹੋਏ ਸਾਰੇ ਲੋਕਾਂ ਦੀ ਜਨ ਕਾਂਗਰਸ ਦੀ ਇਕ ਸਥਿਤੀ ਦਾ ਸੰਗਠਨ ਕਰ ਦਿੱਤਾ। ਮੁਖੀਆ ਲੁਥੂਲੀ ਇਸ ਦਾ ਪ੍ਰਧਾਨ ਅਤੇ ਸਿਸੁਲੂ ਤੇ ਯੂਸੁਫ਼ ਕਾਚਾਲੀਆ ਨੂੰ ਇਸ ਦੇ ਸਾਂਝੇ ਸਕੱਤਰ ਬਣਾਇਆ ਗਿਆ।

ਇਸ ਜਨਤਕ ਕਾਂਗਰਸ ਨੇ ਇਕ ਨਵੇਂ ਦੱਖਣੀ ਅਫ਼ਰੀਕਾ ਦਾ ਆਧਾਰ ਬਣਨ ਵਾਲੇ ਸਿਧਾਂਤਾਂ ਦਾ ਇਕ ਖਾਕਾ ਤਿਆਰ ਕਰਨਾ ਸੀ। ਲੋਕਾਂ ਵਲੋਂ ਇਕ ਨਵਾਂ ਸਵਿਧਾਨ ਤਿਆਰ ਕਰਨ ਲਈ ਸੁਝਾਅ ਮੰਗੇ ਗਏ। ਆਮ ਲੋਕਾਂ ਕੋਲੋਂ ਇਸ ਪ੍ਰਤੀ ਉਹਨਾਂ ਦੇ ਸੁਝਾਅ ਲਿਖਤੀ ਰੂਪ ਵਿਚ ਇਕੱਠੇ ਕੀਤੇ ਗਏ।

ਨੈਲਸਨ ਇਸ ਬਾਰੇ ਕਹਿੰਦਾ ਹੈ:
“ਜਨ ਕਾਂਗਰਸ ਬਾਰੇ ਸਾਡਾ ਸੁਪਨਾ ਸੀ ਕਿ ਇਸਦਾ ਗਠਨ ਦੱਖਣੀ ਅਫ਼ਰੀਕਾ ਦੀ ਆਜ਼ਾਦੀ ਦੀ ਲੜਾਈ ਵਿਚ ਇਕ ਮੀਲ ਪੱਥਰ ਸਾਬਤ ਹੋਵੇਗਾ।”
ਇਸ ਜਨ ਕਾਂਗਰਸ ਦੇ ਪਹਿਲੇ ਸੰਮੇਲਨ ਵਿਚ ਕਾਲੇ, ਗੋਰੇ, ਭਾਰਤੀ ਮੂਲ ਅਤੇ ‘ਰੰਗਦਾਰ’ ਲੋਕਾਂ ਦੀਆਂ ਕਈ ਨੌ ਸੌ ਜਥੇਬੰਦੀਆਂ ਨੇ ਭਾਗ ਲਿਆ।
ਸਾਰੀਆਂ ਜਥੇਬੰਦੀਆਂ ਨੂੰ ਮਿਲਾ ਕੇ ਬਣਾਈ ਗਈ ਰਾਸ਼ਟਰੀ ਐਕਸ਼ਨ ਸਮਿਤੀ ਨੇ ਸਾਰੀਆਂ ਸ਼ਾਮਲ ਜਥੇਬੰਦੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਆਜ਼ਾਦੀ ਦੇ ਅਧਿਕਾਰ ਪੱਤਰ ਵਾਸਤੇ ਆਪਣੇ-ਆਪਣੇ ਸੁਝਾਅ ਭੇਜਣ ਦੀ ਅਪੀਲ ਕੀਤੀ। ਦੇਸ਼ ਭਰ ਦੇ ਸ਼ਹਿਰਾਂ ਤੇ ਪਿੰਡਾਂ ਵਿਚ ਇਸ ਸੰਬੰਧੀ ਸੰਦੇਸ਼ ਭੇਜੇ ਗਏ:
“ਅਸੀਂ ਦੱਖਣੀ ਅਫ਼ਰੀਕਾ ਦੇ ਸਾਰੇ ਲੋਕਾਂ, ਕਾਲਿਆਂ ਅਤੇ ਗੋਰਿਆਂ ਨੂੰ ਸੱਦਾ ਦਿੰਦੇ ਹਾਂ - ਆਓ ਰਲ ਕੇ ਆਜ਼ਾਦੀ ਦੀ ਗੱਲ ਕਰੀਏ। ਆਓ, ਇਸ ਨੂੰ ਯਕੀਨੀ ਬਣਾਈਏ ਕਿ ਸਾਰੇ ਲੋਕਾਂ ਦੀ ਆਵਾਜ਼ ਸੁਣੀ ਜਾ ਸਕੇ। ਲੋਕਾਂ ਦੀ ਹਰ ਉਸ ਜ਼ਰੂਰਤ ਵੱਲ ਧਿਆਨ ਕੀਤਾ ਜਾ ਸਕੇ, ਜਿਸ ਨਾਲ ਉਨ੍ਹਾਂ ਨੂੰ ਆਜ਼ਾਦੀ ਦਾ ਅਹਿਸਾਸ ਹੋਵੇ। ਆਓ, ਆਪਣੀ ਸਾਰੀਆਂ ਮੰਗਾਂ ਨੂੰ ਆਜ਼ਾਦੀ ਦੇ ਇਕ ਮਹਾਨ ਅਧਿਕਾਰ ਡਾਕੂਮੈਂਟ ਦਾ ਰੂਪ ਦੇ ਦਈਏ।”

ਇਸ ਕੰਮ ਲਈ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਸਭ ਤੋਂ ਵੱਧ ਜਿਸ ਅਧਿਕਾਰ ਦਾ ਸੁਝਾਅ ਆਇਆ, ਉਹ ਸੀ, “ਇਕ ਵਿਅਕਤੀ ਇਕ ਵੋਟ”। ਆਮ ਲੋਕ ਇਸ ਗੱਲ ਦੇ ਹਾਮੀ ਸਨ ਕਿ ਇਹ ਦੇਸ਼ ਉਨ੍ਹਾਂ ਸਾਰੇ ਲੋਕਾਂ ਦਾ ਹੈ ਜਿਹੜੇ ਏਥੇ ਵਸ ਰਹੇ ਹਨ।

ਹੋਰਾਂ ਇਤਿਹਾਸਕ ਦਸਤਾਵੇਜ਼ਾਂ ਜਿਵੇਂ “ਅਮਰੀਕਾ ਦੀ ਆਜ਼ਾਦੀ ਦਾ ਘੋਸ਼ਣਾ ਪੱਤਰ, ਫਰਾਂਸ ਦਾ ਮਾਨਵੀ ਅਧਿਕਾਰਾਂ ਦਾ ਪੱਤਰ ’ਤੇ ‘ਕਮਿਊਨਿਸਟ ਮੈਨੀਫੈਸਟੋ’ ਵਾਂਗ ਹੀ ਇਹ ਆਜ਼ਾਦੀ ਦਾ ਅਧਿਕਾਰ ਪੱਤਰ ਵੀ ਸਾਕਾਰਾਤਮਕ ਮਨੋਰਥ ਅਤੇ ਕਾਵਿਕ ਭਾਸ਼ਾ ਦਾ ਮਿਸ਼ਰਣ ਸੀ। ਇਸ ਵਿਚ ਨਸਲੀ ਵਿਤਕਰੇ ਦੇ ਖ਼ਾਤਮੇ ਬਾਰੇ ਸੰਦੇਸ਼ ਸੀ ਅਤੇ ਸਾਰਿਆਂ ਲਈ ਬਿਨਾ ਕਿਸੇ ਭੇਦ ਭਾਵ ਦੇ ਬਰਾਬਰ ਅਧਿਕਾਰਾਂ ਦੀ ਗੱਲ ਕੀਤੀ ਗਈ। ਇਹ ਉਨ੍ਹਾਂ ਸਭ ਦਾ ਹਾਮੀ ਸੀ, ਜੋ ਦੱਖਣੀ ਅਫ਼ਰੀਕਾ ਨੂੰ ਇਕ ਨਸਲੀ ਭੇਦ ਰਹਿਤ ਲੋਕਤੰਤਰ ਬਣਾਉਣ ਦੇ ਇੱਛੁਕ ਸੀ। ਇਸ ਤਰ੍ਹਾਂ ਇਹ ਆਜ਼ਾਦੀ ਦੇ ਸੰਗਰਾਮ ਅਤੇ ਰਾਸ਼ਟਰ ਦੇ ਭਵਿੱਖ ਨੂੰ ਦਰਸਾਉਣ ਵਾਲਾ ਇਕ ਇਤਿਹਾਸਕ ਦਸਤਾਵੇਜ਼ ਸੀ। ਇਸ ਦੀ ਪ੍ਰਸਤਾਵਨਾ ਇਉਂ ਸੀ:

“ਅਸੀਂ ਦੱਖਣੀ ਅਫ਼ਰੀਕਾ ਦੇ ਲੋਕ ਆਪਣੇ ਸਾਰੇ ਦੇਸ਼ਵਾਸੀਆਂ ਅਤੇ ਪੂਰੀ ਦੁਨੀਆ ਦੀ ਜਾਣਕਾਰੀ ਲਈ ਐਲਾਨ ਕਰਦੇ ਹਾਂ ਕਿ- 

- ਦੱਖਣੀ ਅਫ਼ਰੀਕਾ ਉਨ੍ਹਾਂ ਸਾਰੇ ਲੋਕਾਂ ਦਾ ਸਾਂਝਾ ਦੇਸ਼ ਹੈ ਜੋ ਇਸ ਵਿਚ ਵਸਦੇ ਹਨ। ਕਾਲੇ ਜਾਂ ਗੋਰੇ ਅਤੇ ਕੋਈ ਵੀ ਸਰਕਾਰ ਉਨੀ ਦੇਰ ਉਚਿਤ ਸੱਤਾ ਦਾ ਦਾਅਵਾ ਨਹੀਂ ਕਰ ਸਕਦੀ ਜਦੋਂ ਤੱਕ ਇਹ ਇਨ੍ਹਾਂ ਲੋਕਾਂ ਦੀ ਸਹਿਮਤੀ ਤੇ ਆਧਾਰਿਤ ਨਾ ਹੋਵੇ।
- ਸਾਡੇ ਲੋਕਾਂ ਨੂੰ ਉਨ੍ਹਾਂ ਦੇ ਆਪਣੀ ਭੂਮੀ ਤੇ ਆਜ਼ਾਦੀ ਅਤੇ ਸ਼ਾਂਤਮਈ ਜ਼ਿੰਦਗੀ ਜੀਉਣ ਦੇ ਜਨਮ ਸਿੱਧ ਅਧਿਕਾਰ ਤੋਂ ਇਕ ਅਜਿਹੀ ਸਰਕਾਰ ਨੇ ਵਾਂਝਿਆਂ ਕਰ ਰੱਖਿਆ ਹੈ ਜੋ ਬੇਇਨਸਾਫ਼ੀ ਅਤੇ ਅਸਮਾਨਤਾ ਤੇ ਆਧਾਰਿਤ ਹੈ
- ਸਾਡੇ ਦੇਸ਼ ਉਨ੍ਹੀ ਦੇਰ ਤੱਕ ਆਜ਼ਾਦ ਅਤੇ ਖ਼ੁਸ਼ਹਾਲ ਨਹੀਂ ਹੋ ਸਕਦਾ, ਜਦੋਂ ਤੱਕ ਸਾਡੇ ਸਾਰੇ ਲੋਕ ਇਕ ਭਾਈਚਾਰੇ ਦੇ ਤੌਰ ’ਤੇ ਨਹੀਂ ਵੱਸਦੇ ਅਤੇ ਉਨ੍ਹਾਂ ਨੂੰ ਬਰਾਬਰ ਦੇ ਹੱਕ ਅਤੇ ਮੌਕੇ ਨਹੀਂ ਦਿੱਤੇ ਜਾਂਦੇ।
- ਕੇਵਲ ਇਕ ਅਜਿਹਾ ਲੋਕਤੰਤਰੀ ਰਾਜ ਹੀ ਲੋਕਾਂ ਦੇ ਜਨਮ ਸਿੱਧ ਅਧਿਕਾਰ, ਬਿਨਾਂ ਰੰਗ, ਨਸਲ, ਲਿੰਗ ਅਤੇ ਧਾਰਮਿਕ ਭੇਦਭਾਵ, ਪ੍ਰਦਾਨ ਕਰਵਾ ਸਕਦਾ ਹੈ, ਜਿਸ ਦਾ ਆਧਾਰ ਇਸ ਵਿਚ ਵੱਸਣ ਵਾਲੇ ਲੋਕਾਂ ਦੀ ਸਹਿਮਤੀ ਹੋਵੇ।

ਇਸ ਲਈ ਅਸੀਂ ਦੱਖਣੀ ਅਫ਼ਰੀਕਾ ਦੇ ਸਾਰੇ ਲੋਕ, ਕਾਲੇ ਅਤੇ ਗੋਰੇ ਮਿਲ ਕੇ, ਸਮਾਨਤਾ ਪੂਰਵਕ,ਦੇਸ਼ ਵਾਸੀ ਅਤੇ ਭਰਾਤਰੀਵਾਦ ਵਿਚ ਇਸ ਆਜ਼ਾਦੀ ਦੇ ਅਧਿਕਾਰ ਪੱਤਰ ਨੂੰ ਗ੍ਰਹਿਣ ਕਰਦੇ ਹਾਂ ਅਤੇ ਆਪਣੇ ਆਪ ਨਾਲ ਵਾਅਦਾ ਕਰਦੇ ਹਾਂ ਕਿ ਉਦੋਂ ਤੱਕ ਆਪਸ ਵਿਚ ਮਿਲ ਕੇ ਪੂਰੀ ਸ਼ਕਤੀ ਅਤੇ ਹੌਂਸਲੇ ਨਾਲ ਯਤਨ ਕਰਦੇ ਰਹਾਂਗੇ, ਜਦੋਂ ਤੱਕ ਅੱਜ ਏਥੇ ਤੈਅ ਕੀਤੀਆਂ ਗਈਆਂ ਲੋਕਤੰਤਰੀ ਤਬਦੀਲੀਆਂ ਹਾਸਿਲ ਨਹੀਂ ਕਰ ਲਈਆਂ ਜਾਂਦੀਆਂ।

- ਇਸ ਅਧਿਕਾਰ ਪੱਤਰ ਵਿਚ ਇਕ ਆਜ਼ਾਦ ਅਤੇ ਲੋਕਤੰਤਰੀ ਦੱਖਣੀ ਅਫ਼ਰੀਕਾ ਦਾ ਖ਼ਾਕਾ ਦਿੱਤਾ ਗਿਆ। 
- ਇਥੇ ਲੋਕ ਰਾਜ ਹੋਵੇਗਾ।
- ਹਰ ਆਦਮੀ ਅਤੇ ਔਰਤ ਨੂੰ ਬਾਲਗਮੱਤ ਅਧਿਕਾਰ ਹੋਵੇਗਾ ਅਤੇ ਉਹ ਕਾਨੂੰਨ ਨਿਰਮਾਣ ਕਰਨ ਵਾਲੀਆਂ ਸੰਸਥਾਵਾਂ ਲਈ ਚੋਣ ਲੜ ਸਕਣਗੇ।
- ਸਾਰੇ ਲੋਕਾਂ ਨੂੰ ਦੇਸ਼ ਦੇ ਪ੍ਰਸ਼ਾਸਨ ਵਿਚ ਹਿੱਸਾ ਲੈਣ ਦਾ ਹੱਕ ਹੋਵੇਗਾ।
- ਸਾਰੇ ਲੋਕਾਂ ਨੂੰ ਨਸਲ, ਰੰਗ ਅਤੇ ਲਿੰਗ ਦੇ ਭੇਦ ਭਾਵ ਬਿਨਾਂ ਬਰਾਬਰ ਦੇ ਅਧਿਕਾਰ ਹੋਣਗੇ।
- ਘੱਟ ਗਿਣਤੀ ਸਰਕਾਰ ਦੀਆਂ ਸਾਰੀਆਂ ਸੰਸਥਾਵਾਂ, ਸਲਾਹਕਾਰ ਸਮਿਤੀਆਂ, ਅਤੇ ਅਧਿਕਾਰੀਆਂ ਦੀ ਜਗ੍ਹਾ ਲੋਕਤੰਤਰੀ ਸ੍ਵੈ-ਸ਼ਾਸਨ ਵਾਲੀਆਂ ਸੰਸਥਾਵਾਂ ਲੈ ਲੈਣਗੀਆਂ।
- ਸਾਰੇ ਰਾਸ਼ਟਰੀ ਸਮੂਹਾਂ ਨੂੰ ਬਰਾਬਰ ਦੇ ਹੱਕ ਹੋਣਗੇ।
- ਸਾਰੀਆਂ ਕੌਮਾਂ ਅਤੇ ਨਸਲਾਂ ਨੂੰ ਰਾਜ ਦੀਆਂ ਸੰਸਥਾਵਾਂ ਅਦਾਲਤਾਂ ਅਤੇ ਸਕੂਲਾਂ ਆਦਿ ਵਿਚ ਬਰਾਬਰ ਰੁਤਬਾ ਹਾਸਿਲ ਹੋਵੇਗਾ।
- ਸਾਰੀਆਂ ਕੌਮਾਂ ਨੂੰ ਉਨ੍ਹਾਂ ਦੇ ਨਸਲੀ ਅਤੇ ਕੌਮੀ ਵਕਾਰ ਨੂੰ ਵੰਗਾਰਣ ਤੋਂ ਰੋਕਣ ਲਈ ਕਾਨੂੰਨੀ ਸੁਰੱਖਿਆ ਹਾਸਿਲ ਹੋਵੇਗੀ।
- ਸਾਰੇ ਲੋਕਾਂ ਨੂੰ ਆਪਣੀ ਬੋਲੀ, ਆਪਣਾ ਸਭਿਆਚਾਰ ਅਤੇ ਰਵਾਇਤਾਂ ਨੂੰ ਬਰਕਰਾਰ ਰੱਖਣ ਦਾ ਅਧਿਕਾਰ ਹੋਵੇਗਾ।
- ਹਰ ਕਿਸਮ ਦੇ ਕੌਮੀ, ਨਸਲੀ ਜਾਂ ਰੰਗ ਆਧਾਰਿਤ ਭੇਦਭਾਵ ਜਾਂ ਨਫ਼ਰਤ ਦੀ ਭਾਵਨਾ ਫੈਲਾਉਣਾ? ਸਜ਼ਾਯਾਫ਼ਤਾ ਅਪਰਾਧ ਹੋਵੇਗਾ।
- ਰੰਗ ਭੇਦ ਆਧਾਰਿਤ ਸਾਰੇ ਕਾਨੂੰਨ ਤੇ ਵਿਧੀਆਂ ਸਮਾਪਤ ਕਰ ਦਿੱਤੀਆਂ ਜਾਣਗੀਆਂ। 
- ਸਾਰੇ ਲੋਕਾਂ ਦਾ ਦੇਸ਼ ਦੀ ਸੰਪਤੀ ਵਿਚ ਬਰਾਬਰ ਦਾ ਹਿੱਸਾ ਹੋਵੇਗਾ।
- ਸਾਡੇ ਦੇਸ਼ ਦੀ ਕੌਮੀ ਸੰਪਤੀ, ਸਾਡੇ ਦੱਖਣੀ ਅਫ਼ਰੀਕੀਆਂ ਦੀ ਸ਼ਾਨ, ਲੋਕਾਂ ਨੂੰ ਮੁੜ ਹਾਸਿਲ ਕਰਵਾਈ ਜਾਏਗੀ।
- ਧਰਤੀ ਹੇਠਲੀ ਖਣਿੱਜ ਸੰਪਤੀ, ਬੈਂਕਾਂ ਅਤੇ ਇਕ ਅਧਿਕਾਰ ਉਦਯੋਗਾਂ ਨੂੰ ਲੋਕਾਂ ਦੀ ਸਮੁੱਚੀ ਮਾਲਕੀਅਤ ਵਿਚ ਕਰ ਦਿੱਤੇ ਜਾਣਗੇ, ਦੂਸਰੇ ਸਾਰੇ ਉਦਯੋਗ ਅਤੇ ਵਪਾਰ ਆਦਿ ਨੂੰ ਇਸ ਤਰ੍ਹਾਂ ਨਿਯੰਤ੍ਰਿਤ ਕੀਤਾ ਜਾਵੇਗਾ ਕਿ ਸਾਰੇ ਲੋਕਾਂ ਦੀ ਭਲਾਈ ਹੋ ਸਕਦੇ।
- ਲੋਕਾਂ ਨੂੰ ਵਪਾਰ ਦੇ ਬਰਾਬਰ ਮੌਕੇ ਮਿਲਣਗੇ, ਉਨ੍ਹਾਂ ਨੂੰ ਚੀਜ਼ਾਂ ਨਿਰਮਾਣ ਕਰਨ ਦਾ, ਜਿੱਥੇ ਵੀ ਉਹ ਚਾਹੁਣ, ਅਧਿਕਾਰ ਹੋਵੇਗਾ ਤੇ ਉਹ ਆਪਣੀ ਮਨ ਮਰਜ਼ੀ ਦਾ ਪੇਸ਼ਾ, ਧੰਦਾ ਅਤੇ ਵਪਾਰ ਕਰ ਸਕਣਗੇ।
- ਭੂਮੀ, ਵਾਹਕਾਂ ਵਿਚ ਵੰਡ ਦਿੱਤੀ ਜਾਵੇਗੀ।
- ਨਸਲੀ ਆਧਾਰ ਤੇ ਭੂਮੀ ਮਾਲਕੀਅਤ ਉੱਪਰ ਲੱਗੀਆਂ ਰੋਕਾਂ ਅਤੇ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ ਅਤੇ ਸਾਰ ਭੂਮੀ ਇਸ ਨੂੰ ਵਾਹੁਣ ਵਾਲਿਆਂ ਵਿਚ ਵੰਡ ਦਿੱਤੀ ਜਾਵੇਗੀ ਤਾਂ ਕਿ ਭੁੱਖ ਅਤੇ ਕਾਲ ਦਾ ਮੁਕਾਬਲਾ ਕੀਤਾ ਜਾ ਸਕੇ।”

ਪਰ ਏ.ਐਨ.ਸੀ. ਦੇ ਕੁਝ ਮੈਂਬਰਾਂ ਤੋਂ ਇਲਾਵਾ ਕਮਿਊਨਿਸਟਾਂ ਤੇ ਗੋਰਿਆਂ ਨੇ ਇਸ ਅਧਿਕਾਰ ਪੱਤਰ ’ਤੇ ਇਤਰਾਜ਼ ਜਤਾਇਆ। ਉਹਨਾਂ ਦਾ ਕਹਿਣਾ ਸੀ ਕਿ ਇਹ ਅਧਿਕਾਰ ਪੱਤਰ ਸਮਾਜਵਾਦੀ ਪ੍ਰਣਾਲੀ ਦੀ ਗੱਲ ਕਰਦਾ ਹੈ।

ਨੈਲਸਨ ਨੇ ਜੂਨ 1956 ਵਿਚ ਕਾਂਗਰਸ ਦੇ ਮਾਸਿਕ ਰਸਾਲੇ “ਆਜ਼ਾਦੀ” ਵਿਚ ਲਿਖਿਆ ਸੀ ਕਿ ਅਧਿਕਾਰ ਪੱਤਰ ਨਿੱਜੀ ਕਾਰੋਬਾਰ ਦਾ ਹਮਾਇਤੀ ਹੈ। ਇਸ ਨਾਲ ਪਹਿਲੀ ਵਾਰ ਅਫ਼ਰੀਕੀ ਲੋਕ ਆਪਣੀ ਪੂੰਜੀ ਕਾਰੋਬਾਰ ਅਤੇ ਉਦਯੋਗਾਂ ਵਿਚ ਲਾ ਸਕਣਗੇ। ਅਧਿਕਾਰ ਪੱਤਰ ਇਸ ਗੱਲ ਦਾ ਵੀ ਹਾਮੀ ਹੈ ਕਿ ਆਜ਼ਾਦੀ ਹਾਸਿਲ ਹੋਣ ਉਪਰੰਤ ਅਫ਼ਰੀਕੀਆਂ ਨੂੰ ਆਪਣੇ ਨਿੱਜੀ ਕਾਰੋਬਾਰ ਕਰਨ ਦੀ ਖੁੱਲ੍ਹ ਹੋਵੇਗੀ ਅਤੇ ਉਹ ਘਰਾਂ ਅਤੇ ਜਾਇਦਾਦਾਂ ਦੇ ਮਾਲਿਕ ਬਣ ਸਕਣਗੇ। ਇਹ ਅਧਿਕਾਰ ਪੱਤਰ ਇਕ ਇਨਕਲਾਬੀ ਦਸਤਾਵੇਜ਼ ਸੀ।

ਨੈਲਸਨ ਹੁਣ ਅਠੱਤੀ ਸਾਲਾਂ ਦਾ ਹੋ ਚੁੱਕਾ ਸੀ। ਪਾਰਟੀ ਵਿਚ ਉਸਦੇ ਰੁਤਬੇ ਦੇ ਵਧਣ ਕਰਕੇ ਹੁਣ ਉਸਦੀਆਂ ਜ਼ਿੰਮੇਵਾਰੀਆਂ ਵੀ ਹੋਰ ਵਧ ਗਈਆਂ ਸਨ। ਇਸ ਲਈ ਨੈਲਸਨ ਹੁਣ ਆਪਣੇ ਪਰਿਵਾਰਕ ਮਸਲਿਆਂ ਵੱਲ ਘੱਟ ਧਿਆਨ ਦੇ ਸਕਦਾ ਸੀ।

ਨੈਲਸਨ ਦਾ ਦਿਲ ਹੁਣ ਟਰਾਂਸਕੇਈ ਦੀਆਂ ਖ਼ੁਸ਼ ਵਾਦੀਆਂ ਦਾ ਆਨੰਦ ਮਾਨਣਾ ਚਾਹੁੰਦਾ ਸੀ ਪਰ ਏ.ਐੱਨ.ਸੀ. ਦੇ ਕਾਰਜਾਂ ਕਾਰਨ ਉਸਨੂੰ ਵਿਹਲ ਬਿਲਕੁਲ ਵੀ ਨਹੀਂ ਸੀ। ਅਖ਼ੀਰ ਉਸਨੂੰ ਟਰਾਂਸਕੇਈ ਜਾਣ ਦਾ ਮੌਕਾ ਮਿਲ ਹੀ ਗਿਆ, ਛੁੱਟੀਆਂ ਕੱਟਣ ਲਈ ਨਹੀਂ ਸਗੋਂ ਨੈਲਸਨ ਦੀ ਏ.ਐੱਨ.ਸੀ. ਨੇ ਜ਼ਿੰਮੇਵਾਰੀ ਲਾਈ ਕਿ ਉਹ ਟਰਾਂਸਕੇਈ ਤੇ ਉਥੋਂ ਦੇ ਹੋਰ ਇਲਾਕਿਆਂ ਵਿਚ ਜਾ ਕੇ ਉਥੋਂ ਦੇ ਲੋਕਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਸਰਕਾਰ ਦੀਆਂ ਸਾਜਿਸ਼ਾਂ ਪ੍ਰਤੀ ਚੇਤੰਨ ਕਰਵਾਏ।

ਨੈਲਸਨ ਕਾਫੀ ਖ਼ੁਸ਼ ਸੀ। ਟਰਾਂਸਕੇਈ ਵਿਚ ਉਸਨੇ ਵੱਖ-ਵੱਖ ਥਾਵਾਂ ’ਤੇ ਮੈਂਬਰਾਂ ਨਾਲ ਮੀਟਿੰਗਾਂ ਕੀਤੀਆਂ ਤੇ ਸਰਕਾਰ ਦੀਆਂ ਸਾਜ਼ਿਸ਼ਾਂ ਪ੍ਰਤੀ ਤੇ ਖ਼ਾਸ ਕਰਕੇ ਬਾਂਟੂੰ ਅਧਿਕਾਰ ਕਾਨੂੰਨ ਦਾ ਵਿਰੋਧ ਕਰਨ ਲਈ ਪ੍ਰੇਰਿਤ ਕੀਤਾ।

ਹੁਣ ਨੈਲਸਨ ਇਕ ਦਿਨ ਆਪਣੇ ਪਿੰਡ ਕੁੰਨੂ ਆਪਣੀ ਮਾਂ ਕੋਲ ਗਿਆ। ਨੈਲਸਨ ਆਪਣੇ ਪਿੰਡ 13 ਸਾਲਾਂ ਬਾਅਦ ਪਰਤਿਆ ਸੀ। ਨੈਲਸਨ ਨੂੰ ਵੇਖ ਕੇ ਉਸਦੀ ਮਾਂ ਲਈ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ। ਨੈਲਸਲ ਘਰ ਆ ਕੇ ਬਹੁਤ ਖ਼ੁਸ਼ ਸੀ ਪਰ ਉਸਨੂੰ ਇਹ ਦੇਖ ਕੇ ਬਹੁਤ ਦੁੱਖ ਹੋਇਆ ਕਿ ਉਸਦੀ ਮਾਂ ਅਜਿਹੀ ਹਾਲਤ ਵਿਚ ਕੁੰਨੂੰ ’ਚ ਇਕੱਲੀ ਹੀ ਰਹਿ ਰਹੀ ਸੀ। ਉਸਨੇ ਮਾਂ ਨੂੰ ਆਪਣੇ ਨਾਲ ਜਾਣ ਲਈ ਕਿਹਾ ਪਰ ਉਹ ਨਾ ਮੰਨੀ।

ਇਹ ਦੇਖਦੇ ਨੈਲਸਨ ਕਾਫ਼ੀ ਗੰਭੀਰ ਹੋਇਆ:
“ਮੈਂ ਸੋਚਣ ਲੱਗਾ ਕਿ ਇਹ ਕਿੰਨਾ ਕੁ ਜਾਇਜ਼ ਸੀ ਕਿ ਕੋਈ ਆਪਣੇ ਪਰਿਵਾਰ ਦੇ ਲੋਕਾਂ ਦੀ ਭਲਾਈ ਦਾ ਖਿਆਲ ਛੱਡ ਕੇ ਹੋਰਨਾਂ ਲਈ ਸੰਘਰਸ਼ ਕਰਦਾ ਰਹੇ। ਮੈਂ ਅਜਿਹਾ ਪਹਿਲੀ ਵਾਰ ਨਹੀਂ ਸੀ ਸੋਚ ਰਿਹਾ। ਮੈਂ ਸੋਚਦਾ ਕਿ ਬੁੱਢੀ ਹੋ ਰਹੀ ਮਾਂ ਦੀ ਦੇਖ ਭਾਲ ਤੋਂ ਵਧ ਕੇ ਵੀ ਕੋਈ ਹੋਰ ਮਹੱਤਵਪੂਰਨ ਗੱਲ ਹੋ ਸਕਦੀ ਹੈ? ਕੀ ਰਾਜਨੀਤੀ ਕੇਵਲ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਦਾ ਬਹਾਨਾ ਮਾਤਰ ਹੈ?”

ਨੈਲਸਨ ਦੇ ਮਨ ’ਚ ਅਜਿਹੇ ਬਹੁਤ ਸਾਰੇ ਸਵਾਲ ਪੈਦਾ ਹੁੰਦੇ ਜਿਹਨਾਂ ਦੇ ਉੱਤਰ ਕਈ ਵਾਰ ਉਸਦੇ ਆਪਣੇ ਕੋਲ ਵੀ ਨਾ ਹੁੰਦੇ। ਅਖ਼ੀਰ ਉਸਦਾ ਇਨ੍ਹਾਂ ਸਾਰੇ ਸਵਾਲਾਂ ਦਾ ਇਕ ਹੀ ਉੱਤਰ ਹੁੰਦਾ ਕਿ ਆਪਣੇ ਦੇਸ਼ ਦੇ ਲੋਕਾਂ ਪ੍ਰਤੀ ਵੀ ਤਾਂ ਉਸਦੀ ਜ਼ਿੰਮੇਵਾਰੀ ਬਣਦੀ ਹੈ ਜੋ ਉਸਦੇ ਘਰ ਦੀ ਜ਼ਿੰਮੇਵਾਰੀ ਤੋਂ ਵੱਡੀ ਹੈ।

PunjabKesari

ਇਹ ਯਾਤਰਾ ਇਕ ਪ੍ਰਕਾਰ ਨਾਲ ਨੈਲਸਨ ਦੀ ਤਰੱਕੀ ਅਤੇ ਜ਼ਿੰਦਗੀ ਦੇ ਸਫ਼ਰ ਦਾ ਤਖ਼ਮੀਨਾ ਵੀ ਸੀ। ਉਹ ਹੁਣ ਮਹਿਸੂਸ ਕਰ ਰਿਹਾ ਸੀ ਕਿ ਉਸਦੇ ਲੋਕ ਹਾਲੇ ਵੀ ਉਥੇ ਹੀ ਖੜੇ ਸਨ ਜਦੋਂ ਕਿ ਉਸਨੇ ਕਿੰਨੀ ਨਵੀਂ ਦੁਨੀਆਂ ਦੇਖ ਲਈ ਸੀ ਅਤੇ ਨਵੇਂ ਵਿਚਾਰਾਂ ਤੋਂ ਜਾਣੂੰ ਹੋ ਚੁੱਕਾ ਸੀ।

ਨੈਲਸਨ ਮਹਿਸੂਸ ਕਰਦਾ ਕਿ ਫੋਰਟ ਹੇਅਰ ਤੋਂ ਟਰਾਂਸਕੇਈ ਵਾਪਿਸ ਨਾ ਮੁੜਨ ਦਾ ਫੈਸਲਾ ਲੈ ਕੇ ਉਸਨੇ ਸਹੀ ਕਦਮ ਚੁੱਕਿਆ ਸੀ। ਜੇਕਰ ਉਹ ਉਦੋਂ ਵਾਪਿਸ ਆ ਗਿਆ ਹੁੰਦਾ ਤਾਂ ਉਸਦਾ ਰਾਜਨੀਤਕ ਵਿਕਾਸ ਰੁਕ ਜਾਣਾ ਸੀ। ਵੱਖ-ਵੱਖ ਥਾਵਾਂ ’ਤੇ ਕੀਤੀਆਂ ਰਾਜਨੀਤਿਕ ਮੀਟਿੰਗਾਂ ਤੋਂ ਬਾਅਦ ਅਖ਼ੀਰ ਨੈਲਸਨ ਫਿਰ ਤੋਂ ਜੋਹਾਨਸਬਰਗ ਆਪਣੇ ਘਰ ਪਹੁੰਚ ਗਿਆ।


rajwinder kaur

Content Editor

Related News