ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-5)
Sunday, Apr 26, 2020 - 01:01 PM (IST)
ਲੇਖਕ – ਗੁਰਤੇਜ ਸਿੰਘ ਕੱਟੂ
98155 94197
ਆਜ਼ਾਦੀ ਘੁਲਾਟੀਏ ਦਾ ਜਨਮ
ਨੈਲਸਨ ਦੀ ਸੋਚ ਦਾ ਰਾਜਨੀਤੀਕਰਨ ਕਿਸੇ ਵਿਸ਼ੇਸ਼ ਘਟਨਾ ਜਾਂ ਤਾਰੀਕ ਤੋਂ ਬਾਅਦ ਨਹੀਂ ਹੋਇਆ ਸੀ ਪਰ ਦੱਖਣੀ ਅਫ਼ਰੀਕਾ ’ਚ ਜਨਮ ਲੈਂਦਿਆਂ ਹੀ ਇਹ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਨੈਲਸਨ ਦੀ ਜ਼ਿੰਦਗੀ ਦਾ ਉਹ ਕੋਈ ਵਿਸ਼ੇਸ਼ ਦਿਨ ਨਹੀਂ ਸੀ, ਜਿਸ ਦਿਨ ਉਸਨੇ ਫ਼ੈਸਲਾ ਕੀਤਾ ਹੋਵੇ ਕਿ ਅੱਜ ਤੋਂ ਬਾਅਦ ਆਪਣੇ ਲੋਕਾਂ ਦੀ ਆਜ਼ਾਦੀ ਲਈ ਆਪਣੇ ਆਪ ਨੂੰ ਸਮਰਪਿਤ ਕਰ ਦਿਆਂ। ਜ਼ਿੰਦਗੀ ’ਚ ਹਰ ਸਮੇਂ, ਬੇਇੱਜ਼ਤੀ, ਗਾਲ਼ਾਂ ਅਤੇ ਬੇਅੰਤ ਹੋਰ ਅਜਿਹੇ ਜ਼ਲਾਲਤ ਭਰੇ ਵਿੱਸਰ ਗਏ ਪਲ, ਸਾਲਾਂ ਬੱਧੀ ਉਸਦੇ ਅੰਦਰ ਰੋਹ ਬਣਕੇ ਇਕੱਠੇ ਹੁੰਦੇ ਅਤੇ ਧੁਖਦੇ ਚਲੇ ਗਏ।
ਨੈਲਸਨ ’ਤੇ ਉਂਝ ਤਾਂ ਬਹੁਤ ਸਾਰੇ ਮਿੱਤਰਾਂ-ਦੋਸਤਾਂ ਦਾ ਪ੍ਰਭਾਵ ਪਿਆ ਸੀ ਪਰ ਸਭ ਤੋਂ ਵੱਧ ਪ੍ਰਭਾਵ ਵਾਲਟਰ ਸਿਸੁਲੂ ਦਾ ਸੀ। ਉਹ ਇਕ ਯਥਾਰਥਵਾਦੀ ਅਤੇ ਲੋਕਾਂ ਦੀ ਆਜ਼ਾਦੀ ਲਈ ਪੂਰੀ ਤਰ੍ਹਾਂ ਸਮਰਪਿਤ ਵਿਅਕਤੀ ਸੀ।
ਔਰਲੈਂਡੋ ਵਿਖੇ ਵਾਲਟਰ ਸਿਸੁਲੂ ਦਾ ਘਰ ਏ.ਐੱਨ.ਸੀ. ਦੇ ਮੈਂਬਰਾਂ ਦਾ ‘ਮੱਕਾ’ ਸੀ। ਨੈਲਸਨ ਜ਼ਿਆਦਾਤਰ ਏਥੇ ਹੀ ਰਹਿੰਦਾ ਸੀ, ਏਥੇ ਉਹ ਰਾਜਨੀਤਿਕ ਬਹਿਸਾਂ ਨੂੰ ਪੂਰੀ ਗੌਰ ਨਾਲ ਸੁਣਦਾ ਰਹਿੰਦਾ। ਵਾਲਟਰ ਦੇ ਘਰ ਹੀ ਇਕ ਰਾਤ ਨੈਲਸਨ ਦੀ ਮੁਲਾਕਾਤ ‘ਐਨਟਨ ਲੈਮਬੀਡ’ ਨਾਲ ਹੋਈ। ਉਹ ਉੱਚ ਕੋਟੀ ਦਾ ਬੁਲਾਰਾ ਸੀ। ਉਸਨੇ ਨੈਲਸਨ ਨਾਲ ਗੱਲਬਾਤ ਕਰਦੇ ਕਿਹਾ ਕਿ ਸਭ ਤੋਂ ਪਹਿਲਾਂ ਖ਼ੁਦ ਅਫ਼ਰੀਕੀ ਲੋਕਾਂ ਨੂੰ ਆਪਣੇ ਅੰਦਰ ਆਪਣੇ ਹੀ ਪ੍ਰਤੀ ਹੀਣ ਭਾਵਨਾ ਨੂੰ ਖ਼ਤਮ ਕਰਨਾ ਹੋਵੇਗਾ। ਅਫ਼ਰੀਕਾ ਕਾਲੀ ਨਸਲ ਦੇ ਲੋਕਾਂ ਦਾ ਮਹਾਂਦੀਪ ਹੈ, ਅਫ਼ਰੀਕੀਆਂ ਦਾ ਫ਼ਰਜ਼ ਹੈ ਕਿ ਉਹ ਆਪਣੇ ਹੱਕਾਂ ਲਈ ਸੰਘਰਸ਼ ਕਰਨ।
ਪੜ੍ਹੋ ਇਹ ਵੀ ਖਬਰ - ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-4)
ਪੜ੍ਹੋ ਇਹ ਵੀ ਖਬਰ - ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-3)
1943 ’ਚ ਡਾਕਟਰ ਮਾਜ਼ੋਮਬੋਜ਼ੀ ਤੇ ਹੋਰ ਮੈਂਬਰਾਂ ਨੇ ਸੁਝਾਅ ਦਿੱਤਾ ਕਿ ਏ.ਐੱਨ.ਸੀ. ਦਾ ਇਕ ਯੂਥ ਲੀਗ ਸਥਾਪਿਤ ਕੀਤਾ ਜਾਵੇ ਤਾਂ ਕਿ ਪਾਰਟੀ ਦੀਆਂ ਗਤੀਵਿਧੀਆਂ ਵਧਾਈਆਂ ਜਾਣ ਅਤੇ ਇਸ ’ਚ ਜੋਸ਼ ਭਰਿਆ ਜਾ ਸਕੇ। ਨੈਲਸਨ, ਲੈਮਬੀਡ, ਮਦਾ, ਸਿਸੁਲੂ, ਟਾਂਬੋ ਤੇ ਨਕੋਮੇ ਇਕ ਡੈਲੀਗੇਸ਼ਨ ਵਜੋਂ ਏ.ਐੱਨ.ਸੀ. ਦੇ ਪ੍ਰਧਾਨ ਡਾਕਟਰ ਜ਼ੁਮਾਂ ਨੂੰ ਮਿਲਣ ਗਏ। ਜ਼ੂਮਾਂ ਏ.ਐੱਨ.ਸੀ. ਦਾ ਸਿਰਕੱਢ ਤੇ ਪ੍ਰਮੁੱਖ ਵਿਅਕਤੀ ਸੀ। ਉਸਦਾ ਏ.ਐੱਨ.ਸੀ. ਦੇ ਕਾਰਜ ਕਰਨ ’ਚ ਕਾਫ਼ੀ ਵੱਡਾ ਰੋਲ ਸੀ। ਜਦੋਂ ਤੋਂ ਉਸਨੇ ਪ੍ਰਧਾਨਗੀ ਸੰਭਾਲੀ ਸੀ, ਏ.ਐੱਨ.ਸੀ. ਦਾ ਖ਼ਜ਼ਾਨਾ ਪਹਿਲਾਂ ਨਾਲੋਂ ਕਾਈ ਗੁਣਾਂ ਵੱਧ ਗਿਆ ਸੀ ਪਰ ਉਸਦਾ ਸੁਭਾਅ ਅਭਿਮਾਨੀ ਕਿਸਮ ਦਾ ਸੀ। ਉਸਦਾ ਮੰਨਣਾ ਸੀ ਕਿ ਪਾਰਟੀ ਦੀਆਂ ਗਤੀਵਿਧੀਆਂ ਦੇ ਵਧਣ ਨਾਲ ਪਾਰਟੀ ’ਚ ਅਸੰਤੁਲਨ ਪੈਦਾ ਹੋ ਸਕਦਾ ਹੈ। ਉਸਨੇ ਯੂਥ ਲੀਗ ਬਣਾਏ ਜਾਣ ਦਾ ਸਖ਼ਤ ਵਿਰੋਧ ਕੀਤਾ। ਉਹ ਮੰਨਦਾ ਸੀ ਕਿ ਅਫ਼ਰੀਕੀ ਲੋਕ ਹਾਲੇ ਬਹੁਤ ਅਸੰਗਠਿਤ ਅਤੇ ਗ਼ੈਰ-ਅਨੁਸ਼ਾਸਿਤ ਹਨ। ਇਸ ਕਰਕੇ ਜਨ-ਅੰਦੋਲਨ ਵਰਗੀ ਕਾਰਵਾਈ ਸ਼ੁਰੂ ਕਰਨੀ ਖ਼ਤਰੇ ਤੋਂ ਖਾਲੀ ਨਹੀਂ।
ਡਾਟਕਰ ਜ਼ੂਮਾਂ ਨਾਲ ਮੀਟਿੰਗ ਤੋਂ ਬਾਅਦ ਵਿਲੀਅਮ ਨਕੋਮੇ ਦੀ ਅਗਵਾਈ ਵਿਚ ਯੂਥ ਲੀਗ ਦੀ ਇਕ ਅਸਥਾਈ ਕਮੇਟੀ ਬਣਾ ਦਿੱਤੀ ਗਈ ਸੀ, ਕਿਉਂਕਿ ਇਸ ਸਦਕਾ ਹੀ ਪਾਰਟੀ ਦੀਆਂ ਗਤੀਵਿਧੀਆਂ ਵਧਾਈਆਂ ਜਾ ਸਕਦੀਆਂ ਸਨ। ਛੇਤੀ ਹੀ ਯੂਥ ਲੀਗ ਦੀਆਂ ਵਿਦਿਆਰਥੀ ਸ਼ਾਖਾਵਾਂ ਸਾਰੇ ਸੂਬਿਆਂ ’ਚ ਸਥਾਪਿਤ ਕਰ ਦਿੱਤੀਆਂ ਸਨ।
ਇਸ ਲੀਗ ਦਾ ਇਕ ਮੈਨੀਫੈਸਟੋ ਤਿਆਰ ਕੀਤਾ ਗਿਆ। ਜਿਸ ਵਿਚ ਪਹਿਲੇ 40 ਸਾਲਾਂ ਦੌਰਾਨ ਗੋਰੀ ਸਰਕਾਰ ਵਲੋਂ ਕੀਤੀ ਗਈ ਅਫ਼ਰੀਕੀ ਵਿਰੋਧ ਕਾਨੂੰਨਸਾਜ਼ੀ ਦੀ ਉਦਾਹਰਨਾਂ ਦੇ ਕੇ ਇਸ ਜ਼ੁਰਮ ਨੂੰ ਕੱਢਣਾ ਚਾਹਿਆ ਸੀ। ਸਰਕਾਰ ਦੇ ਸਮੇਂ-ਸਮੇਂ ’ਤੇ ਪੈਦਾ/ਲਾਗੂ ਕੀਤੇ ਅਤੇ ਅਫ਼ਰੀਕੀਆਂ ਉੱਪਰ ਥੋਪੇ ਗਏ ਕਾਨੂੰਨਾਂ ਨੂੰ ਖ਼ਤਮ ਕਰਵਾਉਣ ਦਾ ਮੁੱਦਾ ਉਠਾਇਆ ਸੀ। 1913 ਦਾ ਲੈਂਡ ਐਕਟ, ਜਿਸਨੇ ਕਾਲਿਆਂ ਨੂੰ ਆਪਣੀ ਮਾਤ ਭੂਮੀ ਦੀ ਲਗਭਗ 87 ਫੀਸਦੀ ਜ਼ਮੀਨ ਤੋਂ ਵਾਂਝਿਆਂ ਕਰ ਦਿੱਤਾ ਸੀ, 923 ਦਾ ਸ਼ਹਿਰੀ ਇਲਾਕਾ ਕਾਨੂੰਨ, ਜਿਸ ਸਦਕਾ ਸ਼ਹਿਰਾਂ ਦੇ ਆਲੇ-ਦੁਆਲੇ ਮਜ਼ਦੂਰੀ ਕਰਨ ਵਾਲੇ ਅਫ਼ਰੀਕੀਆਂ ਦੀਆਂ ਬਸਤੀਆਂ ਦੀ ਭਰਮਾਰ ਹੋ ਗਈ ਸੀ। 926 ਦਾ ਰੰਗ ਭੇਦ ਦਾ ਕਾਨੂੰਨ, ਜਿਸ ਮੁਤਾਬਕ ਅਫ਼ਰੀਕੀਆਂ ਨੂੰ ਤਕਨੀਕੀ ਪੇਸ਼ੇ ਅਪਣਾਉਣ ਦਾ ਹੱਕ ਨਹੀਂ ਸੀ, 1927 ਦਾ ਮੂਲ ਪ੍ਰਸ਼ਾਸਨ ਕਾਨੂੰਨ, ਜਿਸ ਤਹਿਤ ਬਰਤਾਨਵੀ ਤਾਜ਼ ਨੂੰ ਸਾਡੇ ਮੁਖੀਆਂ ਉੱਪਰ ਸਰਬਸ਼ਕਤੀਸ਼ਾਲੀ ਐਲਾਨ ਕੀਤਾ ਸੀ। 1936 ਦਾ ਮੂਲ ਨਿਵਾਸੀ ਨੁਮਾਇੰਦਗੀ ਕਾਨੂੰਨ, ਜਿਸ ਤਹਿਤ ਕੇਪ ਇਲਾਕੇ ਵਿਚ ਅਫ਼ਰੀਕੀਆਂ ਦੇ ਨਾਮ ਸਾਂਝੀ ਵੋਟਰ ਸੂਚੀ ’ਚੋਂ ਕੱਢ ਦਿੱਤੇ ਗਏ ਸਨ। ਇਹ ਸਾਰੀਆਂ ਘਟਨਾਵਾਂ ਇਸ ਗੱਲ ਦੀ ਗਵਾਹੀ ਦੇ ਰਹੀਆਂ ਸਨ ਕਿ ਗੋਰੇ ਕਦੇ ਵੀ ਅਫ਼ਰੀਕੀਆਂ ਨੂੰ ਆਪਣੀ ਤਕਦੀਰ ਦਾ ਫ਼ੈਸਲਾ ਖ਼ੁਦ ਨਹੀਂ ਕਰਨ ਦੇਣਗੇ। ਇਸ ਲਈ ਮੈਨਫੈਸਟੋ ’ਚ ਸਪੱਸ਼ਟ ਲਿਖਿਆ ਸੀ ਕਿ ਵਿਦੇਸ਼ੀ ਵਿਚਾਰਧਾਰਾ ਨੂੰ ਹੂਬਹੂ ਅਫ਼ਰੀਕਾ ’ਚ ਲਾਗੂ ਨਹੀਂ ਕੀਤਾ ਜਾਵੇਗਾ। ਇਹ ਇਕ ਤਰ੍ਹਾਂ ਨਾਲ ਕਮਿਊਨਿਸਟ ਪਾਰਟੀ ਪ੍ਰਤੀ ਵੀ ਚਿਤਾਵਨੀ ਸੀ, ਕਿਉਂਕਿ ਲੈਂਮਬੀਡ, ਨੈਲਸਨ ਤੇ ਕਈ ਹੋਰ ਮੈਂਬਰ, ਮਾਰਕਸਵਾਦ ਨੂੰ ਅਜਿਹੀ ਹੀ ਵਿਦੇਸ਼ੀ ਵਿਚਾਰਧਾਰਾ ਮੰਨਦੇ ਸੀ, ਜੋ ਦੱਖਣੀ ਅਫ਼ਰੀਕਾ ਦੇ ਹਾਲਾਤਾਂ ਲਈ ਢੁੱਕਵੀਂ ਨਹੀਂ ਸੀ। ਲੈਮਬੀਡ ਸੋਚਦਾ ਸੀ ਕਿ ਕਮਿਊਨਿਸਟ ਪਾਰਟੀ ਵਿਚ ਤਾਂ ਗੋਰਿਆਂ ਦਾ ਦਬਦਬਾ ਹੈ।
ਵਾਲਟਰ, ਲੈਮਬੀਡ ਅਤੇ ਮਦਾ ਦੇ ਮੁਕਾਬਲੇ ਹਾਲੇ ਨੈਲਸਨ ਰਾਜਨੀਤਿਕ ਤੌਰ ’ਤੇ ਐਨਾ ਚੇਤੰਨ ਨਹੀਂ ਹੋਇਆ ਸੀ। ਨੈਲਸਨ ਅੰਦਰ ਅਜੇ ਆਤਮਵਿਸ਼ਵਾਸ ਦੀ ਘਾਟ ਸੀ। ਲੈਮਬੀਡ ਦੇ ਅਫ਼ਰੀਕੀਵਾਦ ਦੇ ਵਿਚਾਰਾਂ ਨੂੰ ਉਹਨਾਂ ਵਿਚਲੀ ਨਸਲੀ ਵੱਖਰੇਵੇਂਪਣ ਦੀ ਦਲੀਲ ਕਰਕੇ ਹਰ ਕੋਈ ਮੰਨਣ ਨੂੰ ਤਿਆਰ ਨਹੀਂ ਸੀ। ਬਹੁਤ ਸਾਰੇ ਮੈਂਬਰ ਅਜਿਹੇ ਰਾਸ਼ਟਰਵਾਦ ਦੇ ਹੀ ਹਾਮੀ ਸਨ, ਜਿਸ ’ਚ ਹਮਦਰਦ ਗੋਰੇ ਵੀ ਸ਼ਾਮਿਲ ਹੋਣ ਪਰ ਨੈਲਸਨ ਤੇ ਕਈ ਹੋਰਾਂ ਦਾ ਵਿਚਾਰ ਸੀ ਕਿ ਜੇਕਰ ਸੰਘਰਸ਼ ਨੂੰ ਬਹੁ-ਨਸਲੀ ਜਥੇਬੰਦੀ ਦਾ ਰੂਪ ਦਿੱਤਾ ਜਾਂਦਾ ਹੈ ਤਾਂ ਕਾਲੇ ਲੋਕ ਗੋਰਿਆਂ ਦੀਆਂ ਕਦਰਾਂ-ਕੀਮਤਾਂ ਤੋਂ ਪ੍ਰਭਾਵਿਤ ਤਾਂ ਰਹਿਣਗੇ ਹੀ ਅਤੇ ਹਮੇਸ਼ਾ ਹੀਣ ਭਾਵਨਾ ਦਾ ਸ਼ਿਕਾਰ ਵੀ ਰਹਿਣਗੇ। ਇਸ ਲਈ ਉਹਨੀਂ ਦਿਨੀਂ ਨੈਲਸਨ ਗੋਰਿਟਾਂ ਅਤੇ ਕਮਿਊਨਿਸਟਾਂ ਨੂੰ ਯੂਥ ਲੀਗ ’ਚ ਸ਼ਾਮਿਲ ਕਰਨ ਦੇ ਪੂਰੀ ਤਰ੍ਹਾਂ ਖ਼ਿਲਾਫ਼ ਸੀ।
ਪੜ੍ਹੋ ਇਹ ਵੀ ਖਬਰ - ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-2)
ਪੜ੍ਹੋ ਇਹ ਵੀ ਖਬਰ - ਨੈਲਸਨ ਮੰਡੇਲਾ ਦਾ ਬਚਪਨ
ਨੈਲਸਨ, ਵਾਲਟਰ ਦੇ ਘਰ ਦੇ ਨਾਲ ਹੀ ਗੁਆਂਢ ’ਚ ਰਹਿਣ ਲੱਗ ਗਿਆ ਸੀ। ਵਾਲਟਰ ਦੇ ਘਰ ਇਕ ਸੁੰਦਰ ਲੜਕੀ ਐਵੇਲਿਨ ਰਹਿੰਦੀ ਸੀ, ਉਹ ਬਹੁਤ ਹੀ ਸ਼ਾਂਤ ਸੁਭਾਅ ਦੀ ਲੜਕੀ ਸੀ। ਐਵੇਲਿਨ ਤੇ ਨੈਲਸਨ ਇਕ ਦੂਸਰੇ ਨੂੰ ਹੌਲੀ-ਹੌਲੀ ਪਸੰਦ ਕਰਨ ਲੱਗ ਪਏ ਸੀ ਅਤੇ ਥੋੜ੍ਹੇ ਸਮੇਂ ਬਾਅਦ ਹੀ ਉਹਨਾਂ ਨੇ ਕੋਰਟ ਮੈਰਿਜ਼ ਕਰਵਾ ਲਈ ਸੀ ਕਿਉਂਕਿ ਆਰਥਿਕ ਮੰਦਹਾਲੀ ਕਾਰਨ ਵਾਧੂ ਵਿਆਹ ਦੇ ਖ਼ਰਚ ਦੀ ਗੁੰਜਾਇਸ਼ ਨਹੀਂ ਸੀ।
1946 ’ਚ ‘ਏਸ਼ਿਆਇਕ ਲੈਂਡ ਟੈਨਿਓਰ ਐਕਟ (ਏਸ਼ੀਆਈ ਜ਼ਮੀਨੀ ਮਲਕੀਅਤ ਕਾਨੂੰਨ)’ ਸਰਕਾਰ ਨੇ ਪਾਸ ਕਰ ਦਿੱਤਾ ਸੀ। ਇਸ ਘਟਨਾ ਨੇ ਨੈਲਸਨ ਦੀ ਪੂਰੀ ਰਾਜਨੀਤਿਕ ਸੋਚ ਬਦਲ ਕੇ ਰੱਖ ਦਿੱਤੀ ਸੀ। ਇਸ ਕਾਨੂੰਨ ਦੀ ਬਦੌਲਤ ਸਰਕਾਰ ਨੇ ਭਾਰਤੀ ਮੂਲ ਦੇ ਲੋਕਾਂ ਦੇ ਦੱਖਣੀ ਅਫ਼ਰੀਕਾ ’ਚ ਵੱਸਣ ਅਤੇ ਕੰਮ-ਕਾਰ ਕਰਨ ਉੱਪਰ ਕਾਫ਼ੀ ਪਾਬੰਦੀਆਂ ਲਗਾ ਦਿੱਤੀਆਂ ਸਨ।
ਭਾਰਤੀ ਮੂਲ ਦੇ ਲੋਕਾਂ ਨੇ ਇਸ ਕਾਨੂੰਨ ਦੇ ਸਖ਼ਤ ਵਿਰੋਧ ਵਿਚ ਲਗਾਤਾਰ ਦੋ ਸਾਲ ਸਤਿਆਗ੍ਰਹਿ ਕੀਤਾ। ਦੋ ਹਜ਼ਾਰ ਵਲੀਅੰਟੀਅਰਾਂ ਨੂੰ ਜ਼ੇਲ੍ਹ ’ਚ ਸੁੱਟ ਦਿੱਤਾ ਗਿਆ। ਯੂਥ ਲੀਗ ਤੇ ਦੂਸਰੇ ਅਫ਼ਰੀਕੀ ਨੇਤਾਵਾਂ ਨੇ ਇਸ ਅੰਦੋਲਨ ਨੂੰ ਨੈਤਿਕ ਸਮਰਥਨ ਦਿੱਤਾ ਸੀ। ਭਾਰਤੀ ਮੂਲ ਦੇ ਲੋਕਾਂ ਨੇ ਏਨੇ ਜ਼ੋਰਦਾਰ ਨਾਲ ਰੰਗ-ਭੇਦ ਦੀ ਨੀਤੀ ਦਾ ਵਿਰੋਧ ਕੀਤਾ ਸੀ, ਏਨਾ ਤਾਂ ਏ.ਐਨ.ਸੀ. ਅਤੇ ਯੂਥ ਲੀਗ ਨੇ ਵੀ ਕਦੇ ਨਹੀਂ ਸੀ ਕੀਤਾ।
ਭਾਰਤੀ ਮੂਲ ਦੇ ਲੋਕਾਂ ਦੇ ਇਸ ਅੰਦੋਲਨ ਨੇ ਅਫ਼ਰੀਕੀ ਜਥੇਬੰਦੀਆਂ ਨੂੰ ਬਹੁਤ ਪ੍ਰਭਾਵਿਤ ਕੀਤਾ। ਨੈਲਸਨ ਵੀ ਇਸ ਸੰਘਰਸ਼ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ। ਇਹ ਅੰਦੋਲਨ ਯੂਥ ਲੀਗ ਲਈ ਇਕ ਉਦਾਹਰਨ ਬਣ ਗਿਆ ਸੀ। ਇਸ ਅੰਦੋਲਨ ਨੇ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਆਜ਼ਾਦੀ ਲਈ ਭਾਸ਼ਣ ਦੇਣੇ, ਮਤੇ ਪਾਸ ਕਰਨੇ ਆਦਿ ਕਰਨ ਤੋਂ ਜ਼ਿਆਦਾ ਜ਼ਰੂਰੀ ਵਧੀਆ ਸੰਗਠਨ, ਜ਼ਬਰਦਸਤ ਜਨ-ਅੰਦੋਲਨ ਅਤੇ ਬਲੀਦਾਨ ਦੇਣ ਦੀ ਭਾਵਨਾ ਦਾ ਹੋਣਾ। ਭਾਰਤੀ ਮੂਲ ਦੇ ਲੋਕਾਂ ਦੇ ਇਸ ਅੰਦੋਲਨ ਨੇ ਅਫ਼ਰੀਕਾ ’ਚ ਇਕ ਨਵਾਂ ਜਜ਼ਬਾ ਪੈਦਾ ਕਰ ਦਿੱਤਾ ਸੀ।
1946 ’ਚ ਨੈਲਸਨ ਦੇ ਘਰੇ ਇਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਂ ਉਹਨਾਂ ਨੇ ਮਾਕਿਬਾ ਥੇਂਬੇਕਾਈਲ ਰੱਖਿਆ ਪਰ ਸਾਰੇ ਉਸਨੂੰ ਥੇਂਬੀ ਕਹਿ ਕੇ ਬੁਲਾਉਂਦੇ। ਉਸ ਤੋਂ ਅਗਲੇ ਸਾਲ ਨੈਲਸਨ ਦੇ ਘਰ ਧੀ ਨੇ ਜਨਮ ਲਿਆ ਪਰ ਉਹ ਨੌਂ ਕੁ ਮਹੀਨਿਆਂ ਬਾਅਦ ਹੀ ਮਰ ਗਈ ਸੀ। ਇਸਦਾ ਨੈਲਸਨ ਤੇ ਉਸਦੀ ਪਤਨੀ ’ਤੇ ਕਾਫੀ ਡੂੰਘਾ ਤੇ ਮਾੜਾ ਪ੍ਰਭਾਵ ਪਿਆ ਸੀ।
ਏਸੇ ਸਾਲ ਹੀ ਇਕ ਹੋਰ ਦੁੱਖ ਵਾਲੀ ਘਟਨਾ ਵਾਪਰੀ ਕਿ ਲੈਮਬੀਡ ਦੀ ਵੀ ਮੌਤ ਹੋ ਗਈ। ਉਹ 33 ਕੁ ਸਾਲਾਂ ਦਾ ਪ੍ਰਭਾਵਸ਼ਾਲੀ ਆਗੂ ਤੇ ਏ.ਐਨ.ਸੀ. ਦੇ ਮੋਢੀਆਂ ’ਚੋਂ ਸੀ। ਲੈਮਬੀਡ ਦੀ ਮੌਤ ਕਾਰਨ ਏ.ਐਨ.ਸੀ. ਨੂੰ ਇਕ ਵਾਰ ਵੱਡਾ ਧੱਕਾ ਲੱਗਾ। ਉਸਦੀ ਬੇਵਕਤ ਮੌਤ ਸੰਘਰਸ਼ ਲਈ ਵੀ ਘਾਟੇ ਵਾਲੀ ਸੀ। ਸੋ ਹੁਣ ਲੈਮਬੀਡ ਦੀ ਥਾਂ ’ਤੇ ਪੀਟਰ ਮਦਾ ਨੂੰ ਪ੍ਰਧਾਨ ਬਣਾ ਦਿੱਤਾ ਸੀ।
1947 ’ਚ ਨੈਲਸਨ ਨੂੰ ਟਰਾਂਸਵਾਲ ਅਫ਼ਰੀਕਨ ਨੈਸ਼ਨਲ ਕਾਂਗਰਸ ਦੀ ਕਾਰਜਕਾਰੀ ਸਮਿਤੀ ਦਾ ਮੈਂਬਰ ਚੁਣਿਆ ਗਿਆ। ਇਸ ਇਲਾਕੇ ਦੀ ਇਕਾਈ ਦਾ ਪ੍ਰਧਾਨ ਸੀ ਐਸ. ਰਾਮੋਹਾਨੋ। ਇਹ ਨੈਲਸਨ ਦੀ ਏ.ਐਨ.ਸੀ. ’ਚ ਪਹਿਲੀ ਨਿਯੁਕਤੀ ਸੀ। ਟਰਾਂਸਵਾਲ ਕਾਂਗਰਸ ਦੀ ਕਾਰਕਾਰੀ ’ਚ ਚੁਣੇ ਜਾਣ ਤੋਂ ਬਾਅਦ ਨੈਲਸਨ ਦੀ ਪੂਰੀ ਪਛਾਣ ਹੁਣ ਕਾਂਗਰਸ ਨਾਲ ਹੀ ਹੋਣ ਲੱਗੀ ਸੀ।
ਏਸੇ ਸਾਲ ’ਚ ਹੀ ਅਫ਼ਰੀਕੀ ਨੈਸ਼ਨਲ ਕਾਂਗਰਸ ਨੇ ਭਾਰਤੀ ਮੂਲ ਨੜਾਲ ‘ਡਾਕਟਰ ਐਕਟ’ (ਡਾਕਟਰਾਂ ਦਾ ਸਮਝੌਤਾ) ਪਾਸ ਕਰਵਾਇਆ। ਇਸ ਐਕਟ ਸਦਕਾ ਹੁਣ ਅਫ਼ਰੀਕੀ ਤੇ ਭਾਰਤੀ ਮੂਲ ਦੇ ਲੋਕਾਂ ਦੇ ਅੰਦੋਲਨਾਂ ਨੂੰ ਇਕ ਪੱਧਰ ਤੇ ਲਿਆਉਣ ਦੀ ਦਿਸ਼ਾ ’ਚ ਇਕ ਬਹੁਤ ਮਹੱਤਵਪੂਰਨ ਕਦਮ ਉਠਾਇਆ ਸੀ। ਉਹ ਹੁਣ ਰਲ ਕੇ ਸਰਕਾਰ ਦੇ ਵਿਰੋਧ ਕਰਨਾ ਚਾਹੁੰਦੇ ਸਨ ਤਾਂ ਕਿ ਸਰਕਾਰ ’ਤੇ ਜ਼ਿਆਦਾ ਪ੍ਰਭਾਵ ਪਾਇਆ ਜਾ ਸਕੇ। ਇਸ ਸਮਝੌਤੇ ਕਾਰਨ ਦੇਸ਼ ਦੇ ਕਈ ਹਿੱਸਿਆਂ ’ਚ ਸਰਕਾਰ ਵਿਰੁੱਧ ਸਾਂਝੀਆਂ ਮੁਹਿੰਮਾਂ ਚਲਾਈਆਂ ਗਈਆਂ, ਜਿਹਨਾਂ ਸਦਕਾ ਲੋਕਾਂ ’ਚ ਆਪਸੀ ਭਾਈਚਾਰੇ ਦੀ ਭਾਵਨਾ ਪੈਦਾ ਹੋਈ ਅਤੇ ਲੋਕ ਇਕ-ਜੁੱਟ ਹੋਣ ਲੱਗ ਪਏ ਸਨ। ਇਸ ਸਮਝੌਤੇ ਕਾਰਨ ਭਾਰਤੀ ਮੂਲ ਤੇ ਅਫ਼ਰੀਕੀ ਲੋਕ ਇਕ ਦੂਜੇ ਦੇ ਬਹੁਤ ਕਰੀਬ ਆ ਗਏ ਸਨ।