ਨਾ ‘ਚਿੱਟਾ’ ਮੁੱਕਿਆ ਨਾ ਚਿੱਟੇ ਦਾ ਕਹਿਰ

06/26/2019 12:21:31 PM

ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂ ਵਾਲੀ) ਪੰਜਾਬ ਵਿਚ ਚਿੱਟੇ ਦਾ ਕਹਿਰ ਅੱਜ ਵੀ ਪਹਿਲਾਂ ਵਾਂਗ ਹੀ ਜਾਰੀ ਹੈ। ਆਏ ਦਿਨ ਅਨੇਕਾਂ ਮਾਵਾਂ ਦੇ ਪੁੱਤ ਅਤੇ ਭੈਣਾਂ ਦੇ ਭਰਾ ਇਸ ਦੀ ਭੇਟ ਚੜ੍ਹ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਕਿ ਸੋਸ਼ਲ ਮੀਡੀਆ ’ਤੇ ਇਸ ਸਬੰਧੀ ਪੋਸਟ ਪਾ ਕੇ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਨਸ਼ਿਆਂ ਨੂੰ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ ਪਰ ਅਸਲ ਸੱਚਾਈ ਕੁੱਝ ਹੋਰ ਹੀ ਹੈ। ਪਿਛਲੇ ਇਕ ਹਫਤੇ ਦੀਆਂ ਮੀਡੀਆ ਰਿਪੋਰਟਾਂ ’ਤੇ ਝਾਤੀ ਮਾਰੀਏ ਤਾਂ ਇਸ ਦੌਰਾਨ 8 ਨੌਜਵਾਨ, ਜਿੰਨਾਂ ਵਿਚ ਇਕ ਕੁੜੀ ਵੀ ਸ਼ਾਮਲ ਹੈ, ਇਸ ਜ਼ਾਲਮ ਨਸ਼ੇ ਦੀ ਭੇਟ ਚੜ੍ਹ ਚੁੱਕੇ ਹਨ। ਇਸੇ ਤਰ੍ਹਾਂ ਪਿਛਲੇ ਡੇਢ ਕੁ ਮਹੀਨੇ ਦੀਆਂ ਮੀਡੀਆ ਰਿਪੋਰਟਾਂ ਨੂੰ ਦੇਖੀਏ ਤਾਂ 15 ਤੋਂ ਵਧੇਰੇ ਨੌਜਵਾਨ ਮੁੰਡੇ ਕੁੜੀਆਂ ਚਿੱਟੇ ਦੀ ਓਵਰਡੋਜ਼ ਨਾਲ ਆਪਣੀ ਕੀਮਤੀ ਜਾਨ ਗੁਆ ਚੁੱਕੇ ਹਨ। ਵੱਡੀ ਤ੍ਰਾਸਦੀ ਦੀ ਗੱਲ ਇਹ ਹੈ ਕਿ ਚਿੱਟੇ ਨਾਲ ਹੋਣ ਵਾਲੀਆਂ ਮੌਤਾਂ ਦੇ ਵਿਚ ਹੁਣ ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਦੇ ਨਾਂ ਵੀ ਸ਼ਾਮਲ ਹੋ ਚੁੱਕੇ ਹਨ। ਪਿਛਲੇ ਸਾਲ ਇਨ੍ਹਾਂ ਦਿਨਾਂ ਦੌਰਾਨ ਨਸ਼ੇ ਦੀ ਓਵਰਡੋਜ਼ ਨਾਲ ਕਈ ਘਟਨਾਵਾਂ ਵਾਪਰੀਆਂ ਸਨ। ਇਸ ਦੌਰਾਨ 150 ਦੇ ਕਰੀਬ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਗਏ ਸਨ ਜਿਸ ਦੇ ਰੋਸ ਵਜੋਂ ਲੋਕਾਂ ਨੇ ਸੋਸ਼ਲ ਮੀਡੀਆ ’ਤੇ ‘ਚਿੱਟੇ ਖਿਲਾਫ ਕਾਲਾ ਹਫਤਾ’ ਮੁਹਿੰਮ ਛੇੜ ਦਿੱਤੀ ਸੀ। ਭਾਵੇਂ ਕਿ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਸ਼ੇ ਦਾ ਲੱਕ ਤੋੜਨ ਦੀ ਸਹੁੰ ਖਾਧੀ ਸੀ ਪਰ ਅਜੇ ਤੱਕ ਇਹ ਨਸ਼ੇ ਪੰਜਾਬ ਅਤੇ ਪੰਜਾਬ ਦੀ ਜਵਾਨੀ ਦਾ ਹੀ ਲੱਕ ਤੋੜਦੇ ਦਿਖਾਈ ਦੇ ਰਹੇ ਹਨ।

ਬਠਿੰਡਾ ਵਿਚ ਨਸ਼ੇ ਦੀ ਭੇਟ ਚੜ੍ਹੇ ਨੌਜਵਾਨ ਮੁੰਡੇ ਅਤੇ ਕੁੜੀ
ਜ਼ਿਲ੍ਹਾ ਬਠਿੰਡਾ ਭਗਤਾ ਭਾਈਕਾ ਦੇ ਪਿੰਡ ਸਲਾਬਤਪੁਰਾ ਵਿਚ ਕੱਲ੍ਹ ਦਿਨ ਸੋਮਵਾਰ ਪੰਜ ਭੈਣਾਂ ਦੇ ਇਕਲੌਤੇ ਭਰਾ ਜਗਦੀਪ ਸਿੰਘ  ਪੁੱਤਰ ਕੇਵਲ ਸਿੰਘ ਚਿੱਟੇ ਦੀ ਓਵਰਡੋਜ਼ ਨਾਲ ਜਾਨ ਤੋਂ ਹੱਥ ਧੋ ਬੈਠਾ। ਮਰਨ ਵਾਲਾ ਇਹ ਨੌਜਵਾਨ ਬੀ. ਏ. ਪਾਸ ਸੀ। ਨੌਜਵਾਨ ਜਗਦੀਪ ਸਿੰਘ ਨੇੜਲੇ ਪਿੰਡ ਆਦਮਪੁਰਾ ਦੇ ਦੋ ਨੌਜਵਾਨਾਂ ਦੀ ਚੁੰਗਲ ਵਿਚ ਫਸ ਕੇ ਨਸ਼ੇ ਦਾ ਆਦੀ ਬਣਿਆ ਸੀ।
ਇਸੇ ਤਰ੍ਹਾਂ ਇਕ ਹਫਤਾ ਪਹਿਲਾਂ ਬਠਿੰਡਾ ਵਿਚ ਨਸ਼ੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਕੁੜੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਕੁੜੀ ਨੂੰ 15 ਦਿਨ ਪਹਿਲਾਂ ਸਹਾਰਾ ਜਨ ਸੇਵਾ ਸੰਸਥਾ ਵਲੋਂ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ। ਗੰਭੀਰ ਹਾਲਤ ਵਿਚ ਹਸਪਤਾਲ ’ਚ ਦਾਖਲ ਕਰਵਾਈ ਗਈ ਜੋਤੀ ਨਾਂ ਦੀ ਇਹ ਕੁੜੀ ਬੀਤੇ ਮੰਗਲਵਾਰ ਨੂੰ ਦਮ ਤੋੜ ਗਈ। ਕੁੜੀ ਨੇ ਮੀਡੀਆ ਸਾਹਮਣੇ ਇਹ ਬਿਆਨ ਦਿੱਤੇ ਸਨ ਕਿ ਉਹ ਨਸ਼ੇ ਦੀ ਆਦੀ ਹੈ ਅਤੇ ਉਸ ਦੀ ਸਹੇਲੀ ਹੀ ਉਸ ਨੂੰ ਨਸ਼ਾ ਮੁਹੱਈਆ ਕਰਵਾਉਂਦੀ ਸੀ।
ਨਸ਼ੇ ਦੀ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦੀ ਲੜੀ ਵਿਚ ਇਕ ਮਾਮਲਾ 16 ਜੂਨ  2019 ਨੂੰ ਵੀ ਸਾਹਮਣੇ ਆਇਆ ਸੀ। ਇਸ ਦੌਰਾਨ ਬਠਿੰਡਾ ਦੇ ਭਾਗੂ ਰੋਡ 'ਤੇ ਸਥਿਤ ਨਵੀਂ ਕਿਰਨ ਫਾਊਂਡੇਸ਼ਨ ਨਸ਼ਾ ਛੁਡਾਊ ਕੇਂਦਰ ਵਿਚ 31 ਸਾਲਾ ਨੌਜਵਾਨ ਦੀ ਮੌਤ ਹੋ ਗਈ ਸੀ। ਧੀਰਜ ਕੁਮਾਰ ਪੁੱਤਰ ਭਗਵਤੀ ਦਾਸ ਨਾਂ ਦਾ ਇਹ ਨੌਜਵਾਨ ਨਸ਼ੇ ਦਾ ਆਦੀ ਸੀ। ਇਸ ਨੌਜਵਾਨ ਨੂੰ ਕੁਝ ਦਿਨ ਪਹਿਲਾਂ ਹੀ ‘ਨਵੀਂ ਕਿਰਨ ਫਾਊਂਡੇਸ਼ਨ’ ਵਿਚ ਨਸ਼ਾ ਛੁਡਾਉਣ ਲਈ ਦਾਖਲ ਕਰਵਾਇਆ ਗਿਆ ਸੀ। ਸ਼ਨੀਵਾਰ ਨੂੰ ਧੀਰਜ ਦੀ ਅਚਾਨਕ ਹਾਲਤ ਵਿਗੜ ਗਈ, ਜਿਸ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਵਿਚ ਇਲਾਜ ਲਈ ਭੇਜਿਆ ਗਿਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਸੀ। 

ਫਿਰੋਜ਼ਪੁਰ ਵਿਚ ਨਸ਼ੇ ਦੀ ਓਵਰਡੋਜ਼ ਨਾਲ ਹੋਈਆਂ ਮੌਤਾਂ
ਇਸੇ ਤਰਾਂ ਜ਼ਿਲ੍ਹਾ ਫਿਰੋਜ਼ਪੁਰ ਵਿਚ ਵੀ ਕੱਲ੍ਹ ਦਿਨ ਸੋਮਵਾਰ ਨਸ਼ੇ ਦੀ ਓਵਰਡੋਜ਼ ਨਾਲ ਹੋਣ ਵਾਲੀਆਂ ਨੌਜਵਾਨਾਂ ਦੀਆਂ ਮੌਤਾਂ ਦੇ 3 ਮਾਮਲੇ ਸਾਹਮਣੇ ਆਏ। ਫਿਰੋਜ਼ਪੁਰ ਦੇ ਪਿੰਡ ਰੁਕਨਾ ਬੇਗੂ, ਪਿੰਡ ਝੁੱਗੇ ਹਜ਼ਾਰਾ ਸਿੰਘ ਵਾਲਾ ਤੇ ਪਿੰਡ ਮੇਹਰ ਸਿੰਘ ਵਾਲਾ ਵਿਚ ਨਸ਼ੇ ਦੀ ਓਵਰਡੋਜ਼ ਨਾਲ 3 ਨੌਜਵਾਨਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ ਮ੍ਰਿਤਕ ਮਲਕੀਤ ਸਿੰਘ ਪਿੰਡ ਝੁੱਗੇ ਹਜ਼ਾਰਾ ਸਿੰਘ ਵਾਲੇ ਦਾ ਰਹਿਣ ਵਾਲਾ ਸੀ ਅਤੇ ਨੌਜਵਾਨ ਕਾਬਲ ਸਿੰਘ ਪਿੰਡ ਰੁਕਣਾ ਬੇਗੂ ਦਾ ਵਾਸੀ ਸੀ। ਮ੍ਰਿਤਕ ਕਾਬਲ ਸਿੰਘ ਦੇ ਪਰਿਵਾਰ ਵਾਲਿਆਂ ਨੇ ਤਾਂ ਇਹ ਦੋਸ਼ ਵੀ ਲਗਾਏ ਕਿ ਉਨ੍ਹਾਂ ਦੇ ਪਿੰਡ ਵਿਚ ਪਿਛਲੇ ਕਰੀਬ ਪੰਜ ਸਾਲ ਤੋਂ ਕੁਝ ਲੋਕ ਚਿੱਟੇ ਦਾ ਕਾਰੋਬਾਰ ਕਰ ਰਹੇ ਹਨ। ਪਿੰਡ ਵਾਲਿਆਂ ਵੱਲੋਂ ਅਨੇਕਾਂ ਵਾਰ ਪੁਲਸ ਕੋਲ ਸ਼ਿਕਾਇਤ ਵੀ ਕੀਤੀ ਪਰ ਪੁਲਸ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ।
ਉਥੇ ਹੀ ਜ਼ੀਰਾ ਦੇ ਪਿੰਡ ਮੇਹਰ ਸਿੰਘ ਵਾਲਾ ਦੇ 20 ਸਾਲਾ ਨੌਜਵਾਨ ਰਮਨ ਸਿੰਘ ਪੁੱਤਰ ਮੱਲ ਸਿੰਘ ਦੀ ਵੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਉਹ ਆਪਣੀ 80 ਸਾਲਾ ਬੁੱਢੀ ਦਾਦੀ, 50 ਸਾਲਾ ਪਿਓ ਤੇ 17 ਸਾਲਾ ਭੈਣ ਨੂੰ ਆਪਣੇ ਪਿੱਛੇ ਰੋਂਦੇ ਕਰਲਾਉਂਦੇ ਛੱਡ ਚਿੱਟੇ ਦੇ ਕਾਲੇ ਹਨੇਰੇ ਵਿਚ ਜਾ ਗੁਆਚਾ ਸੀ।
ਇਸੇ ਤਰ੍ਹਾਂ 11 ਜੂਨ 2019 ਨੂੰ ਤਲਵੰਡੀ ਭਾਈ ਦੇ ਪਿੰਡ ਖੁਖਰਾਣਾ ਵਿਚ ਵੀ ਨਸ਼ੇ ਦੀ ਵੱਧ ਡੋਜ਼ ਲੈਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਸੀ। ਇਹ ਨੌਜਵਾਨ ਅੰਮ੍ਰਿਤਪਾਲ ਸਿੰਘ ਪੁੱਤਰ ਅਵਤਾਰ ਸਿੰਘ ਕੁਝ ਸਮਾਂ ਪਹਿਲਾਂ ਹੀ ਕਤਰ ਤੋਂ ਪਰਤਿਆ ਸੀ। ਇਸ ਨੌਜਵਾਨ ਨੇ ਕੈਨੇਡਾ ਜਾਣ ਲਈ ਫਾਈਲ ਲਗਾਈ ਹੋਈ ਸੀ। ਇਹ ਨੌਜਵਾਨ ਨਸ਼ੇ ਦਾ ਐਸਾ ਆਦੀ ਹੋਇਆ ਕਿ ਕਨੇੇਡਾ ਦੀ ਬਜਾਏ ਮੌਤ ਦੇ ਮੂੰਹ ਵਿਚ ਜਾ ਪੁੱਜਾ। 
ਇਸ ਤੋਂ ਪਹਿਲਾਂ 01 ਮਈ 2019 ਨੂੰ ਵੀ ਜ਼ੀਰਾ ਵਿਖੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਸੀ। ਇਸ ਨੌਜਵਾਨ ਦੀ ਲਾਸ਼ ਜ਼ੀਰਾ ਦੇ ਬੱਸ ਸਟੈਂਡ ਤੋਂ ਬਰਾਮਦ ਹੋਈ ਸੀ।

ਤਰਨਤਾਰਨ ਵਿਚ ਵਾਪਰੀਆਂ ਘਟਨਾਵਾਂ
ਪਿਛਲੇ ਡੇਢ ਕੁ ਮਹੀਨੇ ਦੌਰਾਨ ਤਰਨਤਾਰਨ ਵਿਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ। ਇੱਥੇ ਸ਼ਹਿਰ ਪੱਟੀ ਤੋਂ ਥੋੜ੍ਹੀ ਦੂਰ ਪਿੰਡ ਬਰਵਾਲਾ ਵਿਖੇ 21 ਜੂਨ 2019 ਨੂੰ ਇਕ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ ਹੋ ਗਈ ਸੀ। ਮ੍ਰਿਤਕ ਨੌਜਵਾਨ ਦਾ ਨਾਂ ਗੁਰਦੇਵ ਸਿੰਘ ਸੀ। ਇਸ ਨੌਜਵਾਨ ਦੀ ਲਾਸ਼ ਰਸਤੇ ਵਿਚ ਪਈ ਮਿਲੀ ਸੀ। ਮ੍ਰਿਤਕ ਦੀ ਬਾਂਹ ’ਚ ਨਸ਼ੇ ਦੇ ਟੀਕੇ ਵਾਲੀ ਸਰਿੰਜ ਉਸੇ ਤਰ੍ਹਾਂ ਲੱਗੀ ਹੋਈ ਸੀ। 
ਇਸੇ ਤਰ੍ਹਾਂ ਖਡੂਰ ਸਾਹਿਬ ਦੇ ਪਿੰਡ ਖੱਖ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਹ ਨੌਜਵਾਨ ਬੇਹੋਸ਼ੀ ਦੀ ਹਾਲਤ ਵਿਚ ਪਿੰਡ ਦੀ ਸੱਥ ਦੀ ’ਚ ਪਿਆ ਮਿਲਿਆ ਸੀ। ਉਸ ਨੂੰ ਨੇੜਲੇ ਹਸਪਤਾਲ ਇਲਾਜ ਲਈ ਲਿਜਾਇਆ ਗਿਆ ਪਰ ਰਸਤੇ 'ਚ ਹੀ ਉਸ ਨੇ ਦਮ ਤੋੜ ਦਿੱਤਾ।

ਪਟਿਆਲਾ, ਮੋਗਾ, ਗੁਰਦਾਸਪੁਰ, ਬਟਾਲਾ, ਖਰੜ, ਰੂਪਨਗਰ ਵਿਚ ਵਾਪਰੀਆਂ ਘਟਨਾਵਾਂ
ਪਟਿਆਲਾ :
ਨਸ਼ੇ ਦੀ ਓਵਰਡੋਜ਼ ਨਾਲ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ਵਿਚ ਕੈਪਟਨ ਦਾ ਸ਼ਹਿਰ  ਪਟਿਆਲਾ ਵੀ ਸ਼ਾਮਲ ਹੈ। ਇੱਥੋਂ ਦੇ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਬਣੇ ਨਸ਼ਾ ਛੁਡਾਊ ਕੇਂਦਰ 'ਚ ਇਲਾਜ ਅਧੀਨ ਇਕ ਨੌਜਵਾਨ ਨੇ 26 ਮਈ 2019 ਨੂੰ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਸੀ। ਨੌਜਵਾਨ ਦੀ ਪਛਾਣ ਲਵਦੀਪ ਸਿੰਘ ਪੁੱਤਰ ਹੇਮ ਚੰਦ ਵਾਸੀ ਪ੍ਰੇਮ ਨਗਰ, ਪਟਿਆਲਾ ਵਜੋਂ ਹੋਈ ਸੀ। ਉਸ ਨੂੰ ਨਸ਼ਾ ਛੁਡਾਊ ਕੇਂਦਰ 'ਚ 16 ਮਈ ਨੂੰ ਦਾਖਲ ਕਰਵਾਇਆ ਗਿਆ ਸੀ।

ਮੋਗਾ : ਪੰਜਾਬ ਵਿਚ ਨਸ਼ੇ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਦੀ ਸਿਲਸਿਲਾ ਮੋਗਾ ਜਿਲ੍ਹੇ ਵਿਚ ਵੀ ਸਾਹਮਣੇ ਆਇਆ। ਇੱਥੋਂ ਦੇ ਪਿੰਡ ਡਾਲਾ 24 ਜੂਨ 2019 ਚਿੱਟੇ ਨਸ਼ੇ ਦੀ ਓਵਰਡੋਜ਼ ਨਾਲ 32 ਸਾਲਾ ਨੌਜਵਾਨ ਦੀ ਮੌਤ ਹੋ ਗਈ ਸੀ। ਮ੍ਰਿਤਕ ਦਾ ਨਾਂ ਅਮਰਜੀਤ ਸਿੰਘ ਸੀ। ਉਸ ਦੀ ਲਾਸ਼ ਪਿੰਡ 'ਚੋਂ ਲੰਘਦੇ ਸੇਮ ਨਾਲੇ ਨੇੜਿਓਂ ਬਰਾਮਦ ਹੋਈ ਸੀ।

ਬਟਾਲਾ : ਨਸ਼ੇ ਦੀ ਓਵਰਡੋਜ ਨਾਲ ਨੌਜਵਾਨ ਦੀ ਮੌਤ ਹੋਣ ਦਾ ਇਕ ਮਾਮਲਾ ਬਟਾਲਾ ਦੇ ਪਿੰਡ ਚੋਣੇ ਵਿਚ ਵੀ ਸਾਹਮਣੇ ਆਇਆ ਸੀ। ਪੁਲਸ ਰਿਪੋਰਟ ਮੁਤਾਬਕ ਵਰਿਆਮ ਸਿੰਘ ਪੁੱਤਰ ਬਲਵਿੰਦਰ ਸਿੰਘ ਨਸ਼ੇ ਕਰਨ ਦਾ ਆਦੀ ਸੀ। ਉਸ ਨੇ ਕੋਈ ਨਸ਼ਾ ਇਸ ਹੱਦ ਤੱਕ ਕੀਤਾ ਕਿ ਉਸਦੀ ਹਾਲਤ ਵਿਗੜ ਗਈ। ਪਰਿਵਾਰਕ ਮੈਂਬਰਾਂ ਉਸਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਸਦੀ ਮੌਤ ਹੋ ਗਈ।

ਰੂਪਨਗਰ : ਇਸ ਦੇ ਨਾਲ-ਨਾਲ ਨਸ਼ੇ ਦੀ ਓਵਰਡੋਜ਼ ਕਾਰਨ ਰੂਪਨਗਰ ਵਿਚ ਵੀ 28 ਮਈ 2019 ਨੂੰ ਇਕ ਨੌਜਵਾਨ ਦੀ ਮੌਤ ਹੋ ਗਈ ਸੀ। ਮ੍ਰਿਤਕ ਦੀ ਪਛਾਣ ਨਾਇਬ ਸਿੰਘ ਪੁੱਤਰ ਭੁਪਿੰਦਰ ਸਿੰਘ ਨਿਵਾਸੀ ਪਿੰਡ ਬਡਾਲੀ ਥਾਣਾ ਸਿੰਘ ਭਗਵੰਤਪੁਰ ਦੇ ਰੂਪ ’ਚ ਹੋਈ ਸੀ। ਨੈਬ ਸਿੰਘ ਦੀ ਲਾਸ਼ ਪਿੰਡ ਦੇ ਨੇੜੇੇ ਇਕ ਮੋਟਰ ’ਤੇ ਪਈ ਮਿਲੀ ਸੀ।

ਗੁਰਦਾਸਪੁਰ : 30 ਮਈ 2019 ਨੂੰ ਨਸ਼ੇ ਦੀ ਓਵਰਡੋਜ਼ ਨਾਲ ਗੁਰਦਾਸਪੁਰ ਵਿਚ ਵੀ ਇਕ ਵੀ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਇਹ ਵਿਅਕਤੀ ਤਿੰਨ ਬੱਚਿਆਂ ਦਾ ਪਿਤਾ ਸੀ ਅਤੇ ਪਰਿਵਾਰ ਮੁੱਖ ਸਹਾਰਾ ਸੀ।

ਖਰੜ : ਇਸੇ ਤਰ੍ਹਾਂ ਖਰੜ ਨੇੜੇ ਛੱਜੂ ਮਾਜਰਾ ਰੋਡ ’ਤੇ ਸਥਿਤ ਐੱਸ. ਬੀ. ਪੀ. ਹੋਮਜ਼ ਦੇ ਇਕ ਫਲੈਟ ਅੰਦਰ ਨੌਜਵਾਨ ਵੱਲੋਂ ਫਾਹਾ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ । ਪੁਲਿਸ ਰਿਪੋਰਟ ਮੁਤਾਬਕ ਨੌਜਵਾਨ ਨੇ ਫਾਹਾ ਨਸ਼ੇ ਦੀ ਤੋਟ ਕਾਰਨ ਲਿਆ ਸੀ। ਨੌਜਵਾਨ ਦਾ ਨਾਂ ਸਿਕੰਦਰ ਸਿੰਘ ਸੀ।



ਇਹ ਪੜ੍ਹੋ :  ਸੰਵਿਧਾਨ ਦੇ ਮੰਦਰ ਸੰਸਦ ’ਚ ਪਹਿਲੇ ਦਿਨ ਹੀ ਹੋਈ ‘ਮਰਿਆਦਾ ਭੰਗ’


jasbir singh

News Editor

Related News