ਗਾਰਡਿਅਨ ਹਸਪਤਾਲ ਨੇ ਇਲਾਜ ’ਚ ਵਰਤੀ ਅਣਗਹਿਲੀ, ਨਾਬਾਲਿਗ ਦੀ ਮੌਤ
Tuesday, Oct 12, 2021 - 03:00 AM (IST)
ਜਲੰਧਰ(ਮ੍ਰਿਦੁਲ)- ਮਾਡਲ ਟਾਊਨ ਰੋਡ ਸਥਿਤ ਗਾਰਡਿਅਨ ਹਸਪਤਾਲ ਵੱਲੋਂ ਇਲਾਜ ਕਰਨ ’ਚ ਲਾਪਰਵਾਹੀ ਵਰਤਣ ਕਾਰਨ ਇਕ 16 ਸਾਲਾ ਨਾਬਾਲਿਗ ਦੀ ਮੌਤ ਹੋ ਗਈ। ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਨ੍ਹਾਂ ਦਾ ਬੱਚਾ ਜਦੋਂ ਦਾਖਲ ਕਰਵਾਇਆ ਗਿਆ ਤਾਂ ਪਹਿਲਾਂ ਹਸਪਤਾਲ ਪ੍ਰਬੰਧਨ ਵੱਲੋਂ ਇਹ ਪੁੱਛਿਆ ਗਿਆ ਕਿ ਤੁਹਾਡੇ ਕੋਲ ਇਲਾਜ ਕਰਾਉਣ ਲਈ ਪੈਸੇ ਹਨ ਜਾਂ ਨਹੀਂ। ਜਿਸ ਤੋਂ ਬਾਅਦ ਇਲਾਜ ਕਰਨ ’ਚ ਅਣਗਹਿਲੀ ਹੋਣ ਕਾਰਨ ਬੱਚੇ ਦੀ ਮੌਤ ਹੋ ਗਈ ਤਾਂ ਇਸ ਬਾਰੇ ਜਦੋਂ ਪਰਿਵਾਰਕ ਮੈਂਬਰਾਂ ਨੇ ਡਾਕਟਰ ਤੋਂ ਪੁੱਛਿਆ ਤਾਂ ਉਨ੍ਹਾਂ ਨਾਲ ਬੁਰਾ ਵਿਹਾਰ ਕੀਤਾ ਗਿਆ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਮੌਕੇ ’ਤੇ ਮੌਜੂਦ ਡਾਕਟਰ ਨਸ਼ੇ ’ਚ ਸੀ, ਜਿਸ ਕਾਰਨ ਇਲਾਜ ’ਚ ਅਣਗਹਿਲੀ ਵਰਤੀ ਗਈ ਹੈ। ਮਾਮਲਾ ਗਰਮਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਰੋਡ ਜਾਮ ਕਰ ਕੇ ਪ੍ਰਦਰਸ਼ਨ ਕੀਤਾ ਗਿਆ। ਸੂਚਨਾ ਮਿਲਣ ’ਤੇ ਮੌਕੇ ’ਤੇ ਏ. ਸੀ. ਪੀ. ਹਰਿੰਦਰ ਸਿੰਘ ਗਿੱਲ ਫੋਰਸ ਨਾਲ ਪਹੁੰਚ ਗਏ ਅਤੇ ਮਾਮਲਾ ਸ਼ਾਂਤ ਕਰਵਾਇਆ। ਉਥੇ ਹੀ ਮ੍ਰਿਤਕ ਐੱਸ. ਸੀ. ਪਰਿਵਾਰ ਨਾਲ ਸੰਬੰਧ ਰੱਖਣ ਕਾਰਨ ਮੌਕੇ ’ਤੇ ਐੱਸ. ਸੀ. ਅਕਾਲੀ ਨੇਤਾ ਚੰਦਨ ਗਰੇਵਾਲ ਵੀ ਪਹੁੰਚ ਗਏ।
ਮੁਕੇਰੀਆਂ ਦੇ ਰਹਿਣ ਵਾਲੇ ਪੀੜਤ ਚੰਦਰਸ਼ੀਲ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਵੰਸ਼ (16) ਦਾ ਐਕਸੀਡੈਂਟ ਮੁਕੇਰੀਆਂ ’ਚ ਬਸ ਦੀ ਟੱਕਰ ਹੋਣ ਕਾਰਨ ਹੋ ਗਿਆ ਸੀ। ਜਿਸ ਕਾਰਨ ਉਸ ਦੀਆਂ ਪਸਲੀਆਂ ਟੁੱਟ ਚੁੱਕੀਆਂ ਸਨ। ਮੁਕੇਰੀਆਂ ਦੇ ਲੋਕਲ ਹਸਪਤਾਲ ’ਚ ਜਦੋਂ ਇਲਾਜ ਲਈ ਲੈ ਕੇ ਗਏ ਤਾਂ ਉੱਥੇ ਡਾਕਟਰਾਂ ਨੇ ਕਹਿ ਦਿੱਤਾ ਕਿ ਉਹ ਜਲੰਧਰ ਚਲੇ ਜਾਣ, ਕਿਉਂਕਿ ਹੱਡੀਆਂ ਦੇ ਸਪੈਸ਼ਲਿਸਟ ਡਾਕਟਰ ਜਲੰਧਰ ’ਚ ਕਾਫ਼ੀ ਜ਼ਿਆਦਾ ਹਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਜਲੰਧਰ ਦੇ ਇੱਕ ਨਿਜੀ ਹਸਪਤਾਲ ’ਚ ਰੈਫਰ ਕਰ ਦਿੱਤਾ। ਜਦੋਂ ਉਹ ਜਲੰਧਰ ਪੁੱਜੇ ਤਾਂ ਉਨ੍ਹਾਂ ਨੇ ਗਾਰਡਿਅਨ ਹਸਪਤਾਲ ’ਚ ਬੇਟੇ ਨੂੰ ਦਾਖਲ ਕਰਵਾ ਦਿੱਤਾ, ਜਿੱਥੇ ਉਸ ਦੇ ਇਲਾਜ ਤੋਂ ਪਹਿਲਾਂ ਹੀ ਹਸਪਤਾਲ ਸਟਾਫ ਅਤੇ ਡਾਕਟਰਾਂ ਵੱਲੋਂ ਗਲਤ ਰਵੱਈਆ ਵਿਖਾਇਆ ਗਿਆ। ਹਾਲਾਂਕਿ ਹਸਪਤਾਲ ’ਚ ਪੀੜਤ ਨੂੰ ਦਾਖਲ ਤਾਂ ਕਰ ਲਿਆ ਗਿਆ, ਜਿੱਥੇ ਸਿਰਫ਼ ਇਕ ਇੰਜੈਕਸ਼ਨ ਲਗਾਉਣ ਤੋਂ ਬਾਅਦ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਜਦੋਂ ਮੌਕੇ ’ਤੇ ਮੌਜੂਦ ਡਾਕਟਰ ਜਤਿੰਦਰ ਕੁਮਾਰ ਤੋਂ ਇਸ ਅਣਹੋਣੀ ਬਾਰੇ ਪੁੱਛਿਆ ਗਿਆ ਤਾਂ ਡਾਕਟਰ ਵੱਲੋਂ ਉਨ੍ਹਾਂ ਨਾਲ ਗਲਤ ਵਿਵਹਾਰ ਕੀਤਾ ਗਿਆ ਅਤੇ ਹੱਥੋਪਾਈ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਮੌਕੇ ’ਤੇ ਪੁੱਜੇ ਸੈਂਟਰਲ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਚੰਦਨ ਗਰੇਵਾਲ ਨੇ ਹਸਪਤਾਲ ਪ੍ਰਬੰਧਨ ਦੇ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਪੁਲਸ ਨੂੰ ਅਪੀਲ ਕੀਤੀ ਕਿ ਉਕਤ ਡਾਕਟਰ ਸਮੇਤ ਹਸਪਤਾਲ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਏ. ਸੀ. ਪੀ. ਹਰਿੰਦਰ ਸਿੰਘ ਗਿੱਲ ਨੇ ਇਸ ਸਬੰਧ ’ਚ ਦੱਸਿਆ ਕਿ ਪੀੜਤਾਂ ਦੇ ਬਿਆਨ ਦਰਜ ਕਰ ਲਏ ਗਏ ਹਨ, ਜਾਂਚ ਕੀਤੀ ਜਾ ਰਹੀ ਹੈ। ਪੁਖਤਾ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।