ਨੀਮ-ਹਕੀਮਾਂ ਦੀਆਂ ਲੱਗੀਆਂ ਮੌਜਾਂ, ਖ਼ਤਰੇ 'ਚ ਲੋਕਾਂ ਦੀ ਜਾਨ, CM ਮਾਨ ਤੱਕ ਪੁੱਜੀ ਗੱਲ
Wednesday, Oct 18, 2023 - 12:54 PM (IST)
ਲੁਧਿਆਣਾ (ਸਹਿਗਲ) : ਜ਼ਿਲ੍ਹੇ ’ਚ ਡੇਂਗੂ ਦੇ ਮਾਮਲਿਆ ’ਚ ਵਾਧਾ ਹੋਣ ਤੋਂ ਬਾਅਦ ਨੀਮ ਹਕੀਮਾਂ ਦੀ ਵੀ ਖੂਬ ਚਾਂਦੀ ਹੋ ਰਹੀ। ਇਹ ਨੀਮ ਹਕੀਮ ਕਿਸੇ ਵੀ ਬੁਖ਼ਾਰ ਦੇ ਮਰੀਜ਼ ਦਾ ਵੱਖ-ਵੱਖ ਟੈਸਟਾਂ ਤੋਂ ਬਾਅਦ ਡੇਂਗੂ ਦਾ ਇਲਾਜ ਕਰਦੇ ਨਜ਼ਰ ਆ ਰਹੇ ਹਨ। ਇਹ ਨੀਮ ਹਕੀਮ ਬਿਨਾਂ ਕਿਸੇ ਡਿਗਰੀ ਦੇ ਡਾਕਟਰ ਹਨ। ਸਿਹਤ ਵਿਭਾਗ ਇਨ੍ਹਾਂ ’ਤੇ ਕਾਬੂ ਪਾਉਣ ’ਚ ਹਮੇਸ਼ਾ ਹੀ ਅਸਫ਼ਲ ਰਿਹਾ ਹੈ। ਮਾਹਿਰਾਂ ਮੁਤਾਬਕ ਇਸ ਨਾਲ ਮਰੀਜ਼ਾਂ ਦੀ ਜਾਨ ਨੂੰ ਖ਼ਤਰਾ ਵੱਧ ਸਕਦਾ ਹੈ। ਹਾਲ ਹੀ ’ਚ ਇਕ ਨਾਗਰਿਕ ਦਵਿੰਦਰ ਸ਼ਰਮਾ ਬਿੱਟਾ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਅਜਿਹੇ ਲੋਕਾਂ ਨੂੰ ਨੱਥ ਪਾਉਣ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ : ਕਾਂਗਰਸ ਦੀ ਟਿਕਟ 'ਤੇ ਨਿਗਮ ਚੋਣਾਂ ਲੜਨ ਦੇ ਇੱਛੁਕ ਉਮੀਦਵਾਰਾਂ ਲਈ ਅਹਿਮ ਖ਼ਬਰ
ਸ਼ਿਕਾਇਤਕਰਤਾ ਅਨੁਸਾਰ ਬਿਨਾਂ ਡਿਗਰੀਆਂ ਵਾਲੇ ਡਾਕਟਰ ਹਰ ਤਰ੍ਹਾਂ ਦੇ ਮਰੀਜ਼ਾਂ ਦਾ ਇਲਾਜ ਕਰਦੇ ਨਜ਼ਰ ਆਉਂਦੇ ਹਨ। ਉਦਾਹਰਣ ਵਜੋਂ ਜਨਕਪੁਰੀ ’ਚ ਸਰਗਰਮ ਕੁਝ ਹਕੀਮਾਂ ਦਾ ਵੇਰਵਾ ਦਿੱਤਾ ਹੈ। ਪੱਤਰ ’ਚ ਲਿਖਿਆ ਹੈ ਕਿ ਉਹ ਇਸ ਸਬੰਧੀ ਸਿਵਲ ਸਰਜਨ ਨੂੰ ਕਈ ਪੱਤਰ ਲਿਖ ਚੁੱਕੇ ਹਨ ਪਰ ਅਜੇ ਤੱਕ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਦੱਸਣਯੋਗ ਹੈ ਕਿ ਜ਼ਿਲ੍ਹੇ ਦੇ ਹਰ ਹਿੱਸੇ ’ਚ ਬਿਨਾਂ ਡਿਗਰੀਆਂ ਤੋਂ ਡਾਕਟਰ ਸਰਗਰਮ ਹਨ, ਇੱਥੋਂ ਤੱਕ ਕਿ ਡੇਂਗੂ ਦਾ ਇਲਾਜ ਵੀ ਕਰ ਰਹੇ ਹਨ।
ਦੂਜੇ ਪਾਸੇ ਜ਼ਿਲ੍ਹੇ ਦੇ ਵੱਡੇ ਹਸਪਤਾਲਾਂ ’ਚ ਡੇਂਗੂ ਦੇ 53 ਮਰੀਜ਼ ਮਿਲੇ ਹਨ। ਸਿਹਤ ਵਿਭਾਗ ਨੇ 12 ਮਰੀਜ਼ਾਂ ’ਚ ਡੇਂਗੂ ਦੀ ਪੁਸ਼ਟੀ ਕੀਤੀ ਹੈ, ਜਦੋਕਿ 41 ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ’ਚ ਰੱਖਿਆ ਗਿਆ ਹੈ। ਇਨ੍ਹਾਂ ’ਚੋਂ 27 ਜ਼ਿਲ੍ਹੇ ਦੇ ਵਸਨੀਕ ਅਤੇ 10 ਹੋਰ ਜ਼ਿਲ੍ਹਿਆਂ ਦੇ ਹਨ। ਜ਼ਿਲ੍ਹੇ ਦੇ ਨੋਡਲ ਅਫ਼ਸਰ ਡਾ. ਰਮੇਸ਼ ਭਗਤ ਨੇ ਦੱਸਿਆ ਕਿ ਹੁਣ ਤੱਕ 464 ਮਰੀਜ਼ਾਂ ’ਚ ਡੇਂਗੂ ਦੀ ਪੁਸ਼ਟੀ ਹੋਈ ਹੈ, ਜਦਕਿ 2395 ਸ਼ੱਕੀ ਮਰੀਜ਼ਾਂ ’ਚੋਂ 1414 ਮਰੀਜ਼ ਜ਼ਿਲ੍ਹੇ ਦੇ ਵਸਨੀਕ ਹਨ, ਇਸ ਤੋਂ ਇਲਾਵਾ 827 ਮਰੀਜ਼ ਹੋਰ ਜ਼ਿਲ੍ਹਿਆਂ ਦੇ ਹਨ, ਜਦਕਿ 154 ਮਰੀਜ਼ ਦੂਜੇ ਸੂਬਿਆਂ ਦੇ ਵਸਨੀਕ ਹਨ, ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8