ਲੋੜਵੰਦ ਪਰਿਵਾਰਾਂ ਨੇ ਪੰਜ-ਪੰਜ ਮਰਲੇ ਦੇ ਪਲਾਟ ਲੈਣ ਸਬੰਧੀ ਡੀ. ਸੀ. ਨੂੰ ਦਿੱਤਾ ਮੰਗ-ਪੱਤਰ

Thursday, Nov 28, 2024 - 05:12 AM (IST)

ਲੋੜਵੰਦ ਪਰਿਵਾਰਾਂ ਨੇ ਪੰਜ-ਪੰਜ ਮਰਲੇ ਦੇ ਪਲਾਟ ਲੈਣ ਸਬੰਧੀ ਡੀ. ਸੀ. ਨੂੰ ਦਿੱਤਾ ਮੰਗ-ਪੱਤਰ

ਸੁਲਤਾਨਪੁਰ ਲੋਧੀ (ਧੰਜੂ) - ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਦੇਵ ਸਿੰਘ ਸੂਬਾ ਮੀਤ ਪ੍ਰਧਾਨ, ਇੰਦਰਪਾਲ ਸਿੰਘ ਸੂਬਾ ਪ੍ਰੈੱਸ ਸਕੱਤਰ, ਬਾਬਾ ਅਜੀਤ ਸਿੰਘ ਕਾਲਰੂ ਮੀਤ ਪ੍ਰਧਾਨ, ਕੁਲਦੀਪ ਸਿੰਘ ਕੇਸਰਪੁਰ ਸੀਨੀਅਰ ਮੀਤ ਪ੍ਰਧਾਨ, ਬਲਵਿੰਦਰ ਸਿੰਘ ਕਾਲਰੂ, ਬਾਬਾ ਨਿਸ਼ਾਨ ਸਿੰਘ ਢੁੱਡੀਆਂ ਵਾਲ ਪ੍ਰੈੱਸ ਸਕੱਤਰ ਦੀ ਅਗਵਾਈ ਹੇਠ ਤਲਵੰਡੀ ਚੌਧਰੀਆਂ ਦੇ ਲੋੜਵੰਦ ਪਰਿਵਾਰਾਂ ਨੇ ਪੰਚਾਇਤੀ ਜ਼ਮੀਨ ਵਿਚੋਂ ਪੰਜ ਪੰਜ ਮਰਲੇ ਦੇ ਪਲਾਟ ਲੈਣ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ।

‌‌ਗੱਲਬਾਤ ਦੌਰਾਨ ਜ਼ਿਲਾ ਪ੍ਰਧਾਨ ਧਰਮਿੰਦਰ ਸਿੰਘ ਖਿਜ਼ਰਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਨੂੰ ਪੰਜ ਮਰਲੇ ਦੇ ਪਲਾਟ ਦੇਣ ਲਈ ਗ੍ਰਾਮ ਪੰਚਾਇਤਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਸਨ ਪਰ ਤਲਵੰਡੀ ਚੌਧਰੀਆਂ ਜੋ ਕਿ ਬਲਾਕ ਸੁਲਤਾਨਪੁਰ ਲੋਧੀ ਦਾ ਸਭ ਤੋਂ ਵੱਡਾ ਪਿੰਡ ਹੈ। 

ਉਨ੍ਹਾਂ ਕਿਹਾ ਕਿ ਇਸ ਨਗਰ ਵਿਚ ਲੱਗਭਗ 10 ਹਜ਼ਾਰ ਲੋਕ ਰਹਿ ਰਹੇ ਹਨ। ਛੋਟੇ-ਛੋਟੇ ਘਰਾਂ ਵਿਚ ਪੰਜ-ਪੰਜ ਪਰਿਵਾਰ ਰਹਿਣ ਕਾਰਨ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਘਰਾਂ ਵਿਚ ਅਕਸਰ ਲੜਾਈ ਝਗੜਾ ਵੀ ਹੁੰਦਾ ਰਹਿੰਦਾ ਹੈ।

ਮੋਰਚੇ ਦੀ ਅਗਵਾਈ ਕਰ ਰਹੀ ਸੁਮਨ ਨੇ ਦੱਸਿਆ ਕਿ ਸੰਘਰਸ਼ ਕਰਦੇ ਪਰਿਵਾਰਾਂ ਦੀਆਂ ਬੀਬੀਆਂ, ਬਜ਼ੁਰਗ ਅਤੇ ਬੱਚੇ ਕਈ ਵਾਰ ਬਲਾਕ ਪ੍ਰਸ਼ਾਸਨ ਅਤੇ ਸਿਆਸੀ ਆਗੂਆਂ ਨੂੰ ਆਪਣੀ ਹੱਡ ਬੀਤੀ ਸੁਣਾ ਚੁੱਕੇ ਹਨ ਪਰ ਇਨ੍ਹਾਂ ਲੋਕਾਂ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ। 

ਉਨ੍ਹਾਂ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੂੰ ਬੇਨਤੀ ਕੀਤੀ ਕਿ ਲੋੜਵੰਦ ਅਤੇ ਗਰੀਬ ਪਰਿਵਾਰਾਂ ਨੂੰ ਪੰਜ ਪੰਜ ਮਰਲੇ ਅਤੇ ਘਰ ਬਣਾਉਣ ਲਈ ਪੰਜ ਲੱਖ ਦੀ ਗ੍ਰਾਂਟ ਮਹੁੱਈਆ ਕਰਵਾਈ ਜਾਵੇ। ਇਸ ਮੌਕੇ ਸਰੂਪ ਸਿੰਘ ਹੰਸ, ਸ਼ਿੰਦਾ ਪ੍ਰਧਾਨ, ਰਵੀ, ਬਲਕਾਰ ਸਿੰਘ, ਬੱਗਾ ਸਿੰਘ, ਬਾਬਾ ਸਤਪਾਲ, ਮਨਜੀਤ ਕੌਰ ਹੰਸ, ਰਜਨੀ, ਪਾਸ਼ੋ, ਕੰਤੋ ਆਦਿ ਹਾਜ਼ਰ ਸਨ।
 


author

Inder Prajapati

Content Editor

Related News