28 ਅਕਤੂਬਰ ਨੂੰ ਗੁਰਦੁਆਰਿਆਂ ਵਿਚ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਹੋਵੇਗੀ ਅਰਦਾਸ

Monday, Oct 26, 2026 - 07:54 PM (IST)

28 ਅਕਤੂਬਰ ਨੂੰ ਗੁਰਦੁਆਰਿਆਂ ਵਿਚ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਹੋਵੇਗੀ ਅਰਦਾਸ

ਮਾਨਸਾ (ਸੰਦੀਪ ਮਿੱਤਲ)- ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿਚ 14ਵੇਂ ਦਿਨ ਵੀ ਝੋਟਾ ਦੇ ਅੰਤਿਮ ਸੰਸਕਾਰ ਬਾਰੇ ਕੋਈ ਫੈਸਲਾ ਨਹੀਂ ਹੋ ਸਕਿਆ। ਇਸ ਦੌਰਾਨ ਸੀ.ਬੀ.ਆਈ. ਵੱਲੋਂ ਕੁਝ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਇਨਸਾਫ਼ ਕਮੇਟੀ ਨੇ 28 ਅਕਤੂਬਰ ਨੂੰ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਸੂਬੇ ਭਰ ਦੇ ਸਾਰੇ ਗੁਰਦੁਆਰਿਆਂ ਵਿਚ ਅਰਦਾਸ ਕਰਵਾਉਣ ਦਾ ਐਲਾਨ ਕੀਤਾ ਹੈ। ਸੋਮਵਾਰ ਨੂੰ ਧਰਨੇ ਵਿੱਚ ਔਰਤਾਂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਵੀ ਲੋਕ ਵਾਹਨਾਂ ਰਾਹੀਂ ਅਤੇ ਪੈਦਲ ਯਾਤਰਾ ਕਰਕੇ ਪਹੁੰਚੇ।

ਦੂਜੇ ਪਾਸੇ, ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ ਦੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਵੱਲੋਂ ਧਰਨੇ ਵਾਲੀ ਥਾਂ ’ਤੇ ਇਕ ਰਸਤਾ ਖੋਲ੍ਹਣ ਦੀ ਮੰਗ ਇਨਸਾਫ਼ ਕਮੇਟੀ ਅੱਗੇ ਰੱਖੀ ਗਈ। ਇਸ ਸਬੰਧੀ ਕਮੇਟੀ ਵੱਲੋਂ ਵਿਚਾਰ ਕਰਨ ਲਈ ਇਕ ਹੋਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਝੋਟਾ ਦੇ ਪਿਤਾ ਭੀਮ ਸਿੰਘ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੇ ਹਮੇਸ਼ਾ ਉਨ੍ਹਾਂ ਦਾ ਸਾਥ ਦਿੱਤਾ ਹੈ। ਗਠਿਤ ਕਮੇਟੀ ਇਸ ਮਾਮਲੇ ’ਤੇ ਵਿਚਾਰ ਕਰਕੇ ਅਗਲਾ ਫੈਸਲਾ ਲਵੇਗੀ। ਇਨਸਾਫ਼ ਕਮੇਟੀ ਨੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਸੂਬੇ ਭਰ ਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਔਰਤਾਂ ਅਤੇ ਹੋਰ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਇਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਭੀਮ ਸਿੰਘ ਨੇ ਕਿਹਾ ਕਿ ਸਰਕਾਰ ਵਿਰੁੱਧ ਅੰਦੋਲਨ ਤੇਜ਼ ਕਰਨਾ ਪਵੇਗਾ, ਕਿਉਂਕਿ ਇਹ ਮਾਮਲਾ ਸਿਰਫ਼ ਪਰਵਿੰਦਰ ਝੋਟਾ ਦੇ ਕਤਲ ਤੱਕ ਸੀਮਤ ਨਹੀਂ ਹੈ, ਸਗੋਂ ਸੂਬੇ ਵਿੱਚੋਂ ਨਸ਼ਿਆਂ ਦਾ ਪੂਰੀ ਤਰ੍ਹਾਂ ਖ਼ਾਤਮਾ ਕਰਕੇ ਨੌਜਵਾਨ ਪੀੜ੍ਹੀ ਨੂੰ ਬਚਾਉਣ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਝੋਟਾ ਦੀ ਸ਼ਹਾਦਤ ਨੂੰ ਸੂਬੇ ਭਰ ਵਿਚ ਨਸ਼ਿਆਂ ਦੇ ਖ਼ਾਤਮੇ ਲਈ ਦਿੱਤੀ ਗਈ ਕੁਰਬਾਨੀ ਵਜੋਂ ਯਾਦ ਕੀਤਾ ਜਾਵੇਗਾ। ਸੋਮਵਾਰ ਨੂੰ ਸੂਬਾ ਸਰਕਾਰ ਅਤੇ ਇਨਸਾਫ਼ ਕਮੇਟੀ ਵਿਚਕਾਰ ਕੋਈ ਗੱਲਬਾਤ ਨਹੀਂ ਹੋਈ। 14ਵੇਂ ਦਿਨ ਵੀ ਪਰਵਿੰਦਰ ਝੋਟਾ ਦਾ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਨਹੀਂ ਹੋ ਸਕਿਆ। ਇਸ ਮੌਕੇ ਲੱਖਾ ਸਿਧਾਣਾ, ਭਾਨਾ ਸਿੱਧੂ, ਮਨਿਕ ਗੋਇਲ, ਹਰਦੀਪ ਸਿੱਧੂ, ਕਿਸਾਨ ਆਗੂ ਗੁਰਜੰਟ ਸਿੰਘ ਅਤੇ ਜਸਵੀਰ ਕੌਰ ਨੱਤ ਆਦਿ ਨੇ ਸੰਬੋਧਨ ਕੀਤਾ।

ਧਰਨੇ ਦੌਰਾਨ ਰਸਤਾ ਖੋਲ੍ਹਣ ਲਈ ਕਮੇਟੀ ਦਾ ਗਠਨ

ਮਾਨਸਾ ਦੇ ਤਿੰਨਕੋਨੀ ਚੌਕ ਵਿਚ ਕਰੀਬ 14 ਦਿਨਾਂ ਤੋਂ ਚੱਲ ਰਹੇ ਧਰਨੇ ਕਾਰਨ ਬਾਜ਼ਾਰ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਇਸ ਸਬੰਧੀ ਵਪਾਰ ਮੰਡਲ ਦੇ ਪ੍ਰਧਾਨ ਮਨੀਸ਼ ਬੱਬੀ ਦਾਨੇਵਾਲੀਆ ਦੀ ਅਗਵਾਈ ਹੇਠ ਵਪਾਰੀਆਂ ਨੇ ਝੋਟਾ ਦੇ ਪਰਿਵਾਰ ਅਤੇ ਇਨਸਾਫ਼ ਕਮੇਟੀ ਅੱਗੇ ਅਪੀਲ ਕੀਤੀ ਕਿ ਧਰਨੇ ਵਾਲੀ ਥਾਂ ਦਾ ਇੱਕ ਰਸਤਾ ਖੋਲ੍ਹ ਦਿੱਤਾ ਜਾਵੇ, ਤਾਂ ਜੋ ਤਿਉਹਾਰਾਂ ਦੇ ਸੀਜ਼ਨ ਦੌਰਾਨ ਸ਼ਹਿਰ ਦਾ ਕਾਰੋਬਾਰ ਪ੍ਰਭਾਵਿਤ ਨਾ ਹੋਵੇ।ਇਸ ਮੰਗ ’ਤੇ ਵਿਚਾਰ ਕਰਨ ਲਈ ਇਨਸਾਫ਼ ਕਮੇਟੀ ਵੱਲੋਂ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਇਸ ਸਬੰਧੀ ਵਿਚਾਰ-ਵਟਾਂਦਰਾ ਕਰਕੇ ਅਗਲਾ ਫੈਸਲਾ ਲਵੇਗੀ। ਇਸ ਮੌਕੇ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਫੌਜੀ, ਪਤਨੀ ਮਨਪ੍ਰੀਤ ਕੌਰ ਐਕਸ਼ਨ ਕਮੇਟੀ ਦੇ ਆਗੂ ਬੋਘ ਸਿੰਘ ਮਾਨਸਾ, ਕ੍ਰਿਸ਼ਨ ਚੌਹਾਨ, ਗੁਰਜੰਟ ਸਿੰਘ, ਸੁਖਵਿੰਦਰ ਸਿੰਘ ਔਲਖ, ਮੁਨੀਸ਼ ਬੱਬੀ ਦਾਨੇਵਾਲੀਆ, ਗਗਨਦੀਪ ਸਿਰਸੀਵਾਲਾ,ਅਮਨ ਪਟਵਾਰੀ,ਲੱਖਾ ਸਿਧਾਣਾ, ਭਾਨਾ ਸਿੱਧੂ, ਰੂਬੀ ਮਾਨਸਾ,ਜਸਵੀਰ ਕੌਰ ਨੱਤ, ਭਗਵੰਤ ਸਮਾਓ,ਅਰਵਿੰਦਰ ਕੌਰ,ਨਿਰਮਲ ਸਿੰਘ ਝੰਡੂਕੇ, ਦਿਲਬਾਗ ਸਿੰਘ ਕਲੀਪੁਰ, ਮਹਿੰਦਰ ਸਿੰਘ ਭੈਣੀ,ਮਾਨਿਕ ਗੋਇਲ, ਪ੍ਰੇਮ ਅਰੋੜਾ,ਸੁਰਜੀਤ ਸਿੰਘ ਫੂਲ,ਡਾ ਜਨਕ ਰਾਜ, ਚਮਕੌਰ ਸਿੰਘ ਮੂਸਾ,ਹਰਵਿੰਦਰ ਭਾਰਦਵਾਜ, ਧੰਨਾ ਮੱਲ ਗੋਇਲ, ਲਖਵਿੰਦਰ ਸਿੰਘ ਮੂਸਾ, ਨਾਜ਼ਰ ਸਿੰਘ ਮਾਨਸ਼ਾਹੀਆ, ਸੁਰੇਸ਼ ਨੰਦਗੜ੍ਹੀਆਂ,ਮਨਦੀਪ ਸਿੰਘ ਗੋਰਾ, ਗੁਰਪ੍ਰੀਤ ਸਿੰਘ ਝੱਬਰ,ਹੰਸ ਰਾਜ ਮੋਫ਼ਰ, ਗੁਰਮੁੱਖ ਸਿੰਘ, ਹਰਮਨ ਸਿੰਘ, ਬਲਜੀਤ ਸ਼ਰਮਾਂ, ਤਰਸੇਮ ਸਿੰਘ ਹਾਜ਼ਰ ਸਨ।


author

Anmol Tagra

Content Editor

Related News