ਨਵਾਸ਼ਹਿਰ ਲਈ ਰਾਹਤ ਭਰੀ ਖਬਰ, ਜ਼ਿਲੇ ''ਚ ਨਹੀਂ ਆਇਆ 17 ਦਿਨਾਂ ਤੋਂ ਕੋਈ ਨਵਾਂ ਕੇਸ

Tuesday, Apr 14, 2020 - 12:24 AM (IST)

ਨਵਾਂਸ਼ਹਿਰ,(ਤ੍ਰਿਪਾਠੀ,ਮਨੋਰੰਜਨ): ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਕਿ ਜ਼ਿਲੇ 'ਚ ਕੋਰੋਨਾ ਵਾਇਰਸ ਦੀ ਰੋਕਥਾਮ ਅਤੇ ਬਚਾਅ ਲਈ ਕੀਤੇ ਜਾ ਰਹੇ ਪ੍ਰਬੰਧਾਂ ਤਹਿਤ ਹੁਣ ਤੱਕ 415 ਵਿਅਕਤੀਆਂ ਦੇ ਟੈਸਟ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚੋਂ 382 ਦੀ ਰਿਪੋਰਟ ਨੈਗੇਟਿਵ ਆਈ ਹੈ, ਜਦਕਿ 14 ਦੀ ਰਿਪੋਰਟ ਉਡੀਕੀ ਜਾ ਰਹੀ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਜ਼ਿਲੇ ਨੂੰ ਬੀਮਾਰੀ ਦਾ ਕੇਂਦਰ ਬਣਨ ਤੋਂ ਰੋਕਣ ਲਈ ਸਾਂਝੇ ਤੌਰ 'ਤੇ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਦੀ ਅਗਵਾਈ 'ਚ ਕੀਤੇ ਯਤਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਤੁਸ਼ਟੀ ਦੀ ਗੱਲ ਹੈ ਕਿ ਪਿਛਲੇ 17 ਦਿਨਾਂ 'ਚ ਜ਼ਿਲੇ 'ਚ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ।

ਡਾ. ਭਾਟੀਆ ਅਨੁਸਾਰ ਜ਼ਿਲੇ 'ਚ ਹੁਣ ਤੱਕ ਸਾਹਮਣੇ ਆਏ 19 ਮਾਮਲਿਆਂ 'ਚੋਂ 18 ਦਾ ਇਲਾਜ ਜ਼ਿਲਾ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ 'ਚ ਕੀਤਾ ਗਿਆ ਹੈ, ਜਿੱਥੋਂ 13 ਮਰੀਜ਼ ਬਿਲਕੁਲ ਤੰਦਰੁਸਤ ਹੋ ਚੁੱਕੇ ਹਨ, ਜਦਕਿ ਬਾਕੀ ਦੇ 5 ਵੀ ਸਿਹਤ ਪੱਖੋਂ ਬਿਲਕੁਲ ਠੀਕ ਹਨ। ਉਨ੍ਹਾਂ ਜ਼ਿਲੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਘਰਾਂ 'ਚ ਰਹਿ ਕੇ ਕਰਫ਼ਿਊ ਦੀ ਪੂਰੀ ਤਰ੍ਹਾਂ ਪਾਲਣਾ ਕਰਨ। ਡਾ. ਭਾਟੀਆ ਅਨੁਸਾਰ ਜੇਕਰ ਕਿਸੇ ਨੂੰ ਫ਼ਿਰ ਵੀ ਤੇਜ਼ ਬੁਖਾਰ, ਸੁੱਕੀ ਖੰਘ ਜਾਂ ਸਾਹ ਲੈਣ 'ਚ ਤਕਲੀਫ਼ ਮਹਿਸੂਸ ਹੋਵੇ ਤਾਂ ਉਹ ਤੁਰੰਤ ਜ਼ਿਲਾ ਕੋਰੋਨਾ ਹੈਲਪਲਾਈਨ ਨੰ. 01823-227471 'ਤੇ ਸੰਪਰਕ ਕਰੇ।

 


Deepak Kumar

Content Editor

Related News