ਸ਼ਹੀਦ ਭਗਤ ਸਿੰਘ ਦੇ ਨਾਂ ''ਤੇ ਬਣਿਆ ਕਸਬਾ ਸਿਰਫ ਨਾਂ ਦਾ ਨਵਾਂਸ਼ਹਿਰ

10/07/2019 12:30:11 PM

ਨਵਾਂਸ਼ਹਿਰ (ਤ੍ਰਿਪਾਠੀ)— ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਬਣਿਆ ਜ਼ਿਲੇ ਦੇ ਕਸਬੇ ਦਾ ਨਾਂ ਭਾਵੇਂ ਨਵਾਂਸ਼ਹਿਰ ਹੈ ਪਰ ਪ੍ਰਮੁੱਖ ਮਾਰਗਾਂ ਸਣੇ ਲਿੰਕ ਸੜਕਾਂ ਦੀ ਖਸਤਾ ਹਾਲਤ ਨੂੰ ਦੇਖ ਕੇ ਇਹ ਆਪਣੇ ਇਸ ਨਾਂ ਦੇ ਅਨੂਕੁਲ ਨਹੀਂ ਲੱਗ ਰਿਹਾ। ਜਿਸ ਕਰਕੇ ਨਾ ਸਿਰਫ ਨਗਰ ਕੌਂਸਲ ਪ੍ਰਸ਼ਾਸਨ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਸਗੋਂ ਜ਼ਿਲਾ ਪ੍ਰਸ਼ਾਸਨ ਦੀ ਨਾਕਾਮੀ ਵੀ ਸਾਹਮਣੇ ਆਉਂਦੀ ਹੈ। ਚੰਡੀਗੜ੍ਹ ਚੌਕ ਤੋਂ ਚੰਡੀਗੜ੍ਹ ਰੋਡ ਵੱਲ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਟੁੱਟਿਆ ਸੀਵਰੇਜ ਮੈਨਹੋਲ ਕਈ ਦਿਨਾਂ ਬਾਅਦ ਰਿਪੇਅਰ ਹੋਣ ਤੋਂ ਬਾਅਦ ਵੀ ਅਜੇ ਲੁੱਕ ਨਾ ਪਾਏ ਜਾਣ ਕਰਕੇ ਵਾਹਨਾਂ ਅਤੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ, ਉਥੇ ਹੀ ਅੰਬੇਡਕਰ ਚੌਕ ਨਜ਼ਦੀਕ ਪਏ ਖੱਡਿਆਂ ਅਤੇ ਰਿਪੇਅਰ ਦਾ ਇੰਤਜ਼ਾਰ ਕਰਦੀ ਸੜਕ ਕਿਸੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਇਸੇ ਤਰ੍ਹਾਂ ਰੇਲਵੇ ਰੋਡ ਅਤੇ ਸਟੇਸ਼ਨ ਨਜ਼ਦੀਕ, ਮਿੰਨੀ ਬਾਈਪਾਸ, ਕਾਂਗਰਸੀ ਕੌਂਸਲਰ ਬਲਵੀਰ ਸਿੰਘ ਦੇ ਨਿਵਾਸ ਸਥਾਨ ਦੇ ਠੀਕ ਸਾਹਮਣੇ ਤੋਂ ਸੂਏ ਵੱਲ ਜਾਣ ਵਾਲਾ ਮਾਰਗ ਅਤੇ ਵਿਧਾਇਕ ਅੰਗਦ ਸਿੰਘ ਦੀ ਰਿਹਾਇਸ਼ ਵੱਲ ਜਾਣ ਵਾਲਾ ਸਲੋਹ ਚੌਕ ਤੋਂ ਸਲੋਹ ਪਿੰਡ ਦਾ ਇਕ ਵੱਡਾ ਹਿੱਸਾ ਜਿਸ 'ਚ ਸ਼੍ਰੀ ਰਾਧਾ ਸਵਾਮੀ ਸਤਿਸੰਗ ਘਰ ਵੀ ਪੈਂਦਾ ਹੈ, ਦੀ ਰਿਪੇਅਰ ਨਾ ਹੋਣ ਨਾਲ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਮਾਰਗ 'ਤੇ ਮਹੀਨਿਆਂ ਪਹਿਲਾਂ ਪਾਈ ਸੀ ਸੀਵਰੇਜ ਲਾਈਨ, ਅਜੇ ਤੱਕ ਨਹੀਂ ਹੋਈ ਰਿਪੇਅਰ
ਨਵਾਂਸ਼ਹਿਰ ਦੇ ਪ੍ਰਮੁੱਖ ਲਿੰਕ ਮਾਰਗਾਂ 'ਚੋਂ ਇਕ ਸਲੋਹ ਚੌਕ ਤੋਂ ਸਲੋਹ ਮਾਰਗ ਜੋ ਵਿਧਾਇਕ ਅੰਗਦ ਸਿੰਘ ਦੀ ਰਿਹਾਇਸ਼ ਵੱਲ ਜਾਣ ਵਾਲਾ ਇਕ ਪ੍ਰਮੁੱਖ ਮਾਰਗ ਹੈ, ਨੂੰ ਕੁਝ ਸਮੇਂ ਪਹਿਲਾਂ ਬਣਾਇਆ ਗਿਆ ਸੀ। ਇਸ ਮਾਰਗ 'ਤੇ ਸੀਵਰੇਜ ਲਾਈਨ ਪਾਉਣ ਲਈ ਉਸ ਨੂੰ ਪੁੱਟ ਦਿੱਤਾ ਗਿਆ ਪਰ ਸੀਵਰੇਜ ਲਾਈਨ ਦਾ ਕੰਮ ਪੂਰਾ ਹੋਏ ਮਹੀਨਿਆਂ ਬੀਤ ਜਾਣ ਦੇ ਬਾਅਦ ਵੀ ਇਸ ਸੜਕ ਦੀ ਰਿਪੇਅਰ ਨਹੀਂ ਕਰਵਾਈ ਗਈ। ਇਸੇ ਤਰ੍ਹਾਂ ਸਲੋਹ ਚੌਕ ਤੋਂ ਮਾਡਲ ਟਾਊਨ ਗੇਟ ਤੱਕ ਬੜੀ ਸੜਕ 'ਤੇ ਕਰੀਬ ਅੱਧੀ ਦਰਜਨ ਸਥਾਨਾਂ 'ਤੇ ਕੁਝ ਨਿੱਜੀ ਲੋਕਾਂ ਅਤੇ ਕੌਂਸਲ ਪ੍ਰਸ਼ਾਸਨ ਵੱਲੋਂ ਵਾਟਰ ਸਪਲਾਈ ਦੀ ਲੀਕੇਜ ਜਾਂ ਸੀਵਰੇਜ ਪਾਈਪ ਪਾਉਣ ਲਈ ਸੜਕ ਨੂੰ ਪੁੱਟਿਆ ਗਿਆ ਪਰ ਉਕਤ ਸਥਾਨਾਂ ਦੀ ਪੂਰੀ ਤਰ੍ਹਾਂ ਰਿਪੇਅਰ ਨਾ ਹੋਣ ਕਰ ਕੇ ਇਸ ਮਾਰਗ ਦੀ ਹਾਲਤ ਖਸਤਾ ਹੋਣ ਦੇ ਆਸਾਰ ਬਣ ਗਏ ਹਨ। ਕੌਂਸਲ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦੀ ਰਿਪੇਅਰ ਲਈ ਉਚਿਤ ਕਦਮ ਉਠਾਉਣ ਕਰ ਕੇ ਹੀ ਕੌਂਸਲ ਪ੍ਰਸ਼ਾਸਨ 'ਤੇ ਲੱਖਾਂ ਰੁਪਏ ਦਾ ਬੋਝ ਨਵੀਂ ਸੜਕ ਦੇ ਨਿਰਮਾਣ ਲਈ ਸਮੇਂ ਤੋਂ ਪਹਿਲਾਂ ਪਾਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਕੌਂਸਲਰ ਦੇ ਸਾਹਮਣੇ ਵਾਲੀ ਸੜਕ ਦਾ ਨਿਰਮਾਣ ਨਾ ਹੋ ਸਕਣਾ ਕਾਂਗਰਸ ਦੀ ਦਰਸਾਉਂਦਾ ਹੈ ਨਾਕਾਮੀ
ਸਲੋਹ ਮਾਰਗ 'ਤੇ ਪੁਰਾਣੀ ਚੁੰਗੀ ਨਜ਼ਦੀਕ ਸੂਏ ਤੋਂ ਹੋ ਕੇ ਚੰਡੀਗੜ੍ਹ ਰੋਡ, ਸਲੋਹ ਪਿੰਡ ਵੱਲ ਜਾਣ ਵਾਲੀ ਸੜਕ ਦੀ ਖਸਤਾ ਹਾਲਤ ਹੈ। ਇਸ ਮਾਰਗ ਨੂੰ ਬਾਈਪਾਸ ਦੇ ਤੌਰ 'ਤੇ ਵੀ ਟ੍ਰੈਫਿਕ ਪੁਲਸ ਪ੍ਰਸ਼ਾਸਨ ਵੱਲੋਂ ਇਸਤੇਮਾਲ ਕੀਤਾ ਜਾਂਦਾ ਹੈ ਪਰ ਅਹਿਮ ਮਾਰਗ ਹੋਣ ਦੇ ਨਾਲ-ਨਾਲ ਕੌਂਸਲਰ ਦੇ ਘਰ ਕੋਲ ਗੁਜ਼ਰਨ ਵਾਲੇ ਮਾਰਗ ਦੀ ਰਿਪੇਅਰ ਨਾ ਹੋ ਸਕਣਾ ਕਈ ਤਰ੍ਹਾਂ ਦੇ ਸਵਾਲ ਪੈਦਾ ਕਰਦਾ ਹੈ। ਹਾਲਾਂਕਿ ਇਸ ਸਬੰਧੀ ਕੌਂਸਲ ਪ੍ਰਸ਼ਾਸਨ ਮਾਰਗ ਨੂੰ ਕੌਂਸਲ ਅਧੀਨ ਨਾ ਮੰਨ ਕੇ ਮੰਡੀ ਬੋਰਡ ਅਧੀਨ ਮੰਨਦਾ ਹੈ ਜਦੋਂਕਿ ਜਿਥੇ ਨਗਰ ਕੌਂਸਲ ਅਤੇ ਕਾਂਗਰਸ ਦਾ ਕਬਜ਼ਾ ਹੈ, ਉਥੇ ਹੀ ਸੂਬੇ 'ਚ ਕਾਂਗਰਸੀ ਸਰਕਾਰ ਦਾ ਰਾਜ ਹੈ।

ਕੀ ਕਹਿੰਦੇ ਹਨ ਨਗਰ ਕੌਂਸਲ ਪ੍ਰਧਾਨ
ਜਦੋਂ ਇਸ ਸਬੰਧ 'ਚ ਕੌਂਸਲ ਪ੍ਰਧਾਨ ਲਲਿਤ ਮੋਹਨ ਪਾਠਕ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕੌਂਸਲਰ ਬਲਵੀਰ ਸਿੰਘ ਦੇ ਘਰ ਤੋਂ ਅੱਗੇ ਜਾਣ ਵਾਲੀ ਸੜਕ ਮੰਡੀ ਬੋਰਡ ਅਧੀਨ ਆਉਂਦੀ ਹੈ, ਜਿਸ ਦਾ ਟੈਂਡਰ ਪਾਸ ਹੋ ਗਿਆ ਹੈ ਅਤੇ ਉਮੀਦ ਹੈ ਕਿ ਇਸ ਹਫਤੇ ਵਿਚ ਕੰਮ ਸ਼ੁਰੂ ਹੋ ਜਾਏ। ਵਿਧਾਇਕ ਅੰਗਦ ਦੇ ਨਿਵਾਸ ਸਥਾਨ ਵੱਲ ਸਲੋਹ ਰੋਡ ਤੋਂ ਜਾਣ ਵਾਲੀ ਸੜਕ ਦਾ ਟੋਟਾ ਵੀ ਮੰਡੀ ਬੋਰਡ ਅਧੀਨ ਹੈ। ਉਸ ਦੀ ਰਿਪੇਅਰ ਵੀ ਜਲਦੀ ਕਰਵਾਈ ਜਾ ਰਹੀ ਹੈ। ਜਦੋਂਕਿ ਚੰਡੀਗੜ੍ਹ ਰੋਡ ਅਤੇ ਡਾ. ਅੰਬੇਡਕਰ ਚੌਕ ਵਿਖੇ ਸੜਕ ਦੀ ਰਿਪੇਅਰ ਪੀ. ਡਬਲਿਊ. ਡੀ. ਵਿਭਾਗ ਵੱਲੋਂ ਕਰਵਾਈ ਜਾਣੀ ਹੈ, ਜਿਸ ਸੰਬੰਧੀ ਬੀਤੇ ਦਿਨੀਂ ਆਯੋਜਿਤ ਹੋਈ ਸ਼ਿਕਾਇਤ ਨਿਵਾਰਣ ਕਮੇਟੀ ਵਿਚ ਉਕਤ ਸਮੱਸਿਆ ਨੂੰ ਰੱਖਿਆ ਗਿਆ ਸੀ।


shivani attri

Content Editor

Related News