ਨਵਾਂਸ਼ਹਿਰ 'ਚ ਪੁਲਸ ਮੁਲਾਜ਼ਮ ਸਣੇ 4 ਮਰੀਜ਼ ਕੋਰੋਨਾ ਪਾਜ਼ੇਟਿਵ

06/16/2020 7:54:29 AM

ਨਵਾਂਸ਼ਹਿਰ,(ਤ੍ਰਿਪਾਠੀ,ਔਜਲਾ) - ਨਵਾਂਸ਼ਹਿਰ ਵਿਖੇ ਪੰਜਾਬ ਪੁਲਸ ਦੇ 1 ਮੁਲਾਜ਼ਮ ਅਤੇ 3 ਪ੍ਰਵਾਸੀ ਮਜ਼ਦੂਰਾਂ ਸਣੇ 4 ਮਰੀਜ਼ ਅੱਜ ਕੋਰੋਨਾ ਪਾਜ਼ੇਟਿਵ ਪਾਏ ਜਾਣ ਉਪਰੰਤ ਜ਼ਿਲੇ 'ਚ ਐਕਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 18 ਅਤੇ ਨਵਾਂਸ਼ਹਿਰ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 123 'ਤੇ ਪੁੱਜ ਗਿਆ ਹੈ। ਜਦਕਿ 3 ਮਰੀਜ਼ਾਂ ਨੂੰ 10 ਦਿਨ ਦੀ ਆਈਸੋਲੇਸ਼ਨ ਖਤਮ ਹੋਣ ਉਪਰੰਤ ਘਰ ਭੇਜ ਦਿੱਤਾ ਗਿਆ ਹੈ। ਸਿਵਲ ਸਰਜਨ ਡਾ. ਰਾਜਿੰਦਰ ਪ੍ਰਸਾਦ ਭਾਟੀਆ ਨੇ ਦੱਸਿਆ ਕਿ ਅੱਜ ਤਿੰਨ ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ, ਇਨ੍ਹਾਂ 'ਚੋਂ 3 ਸਾਲ ਦਾ ਬੱਚਾ ਅਤੇ ਉਸ ਦੇ ਮਾਤਾ-ਪਿਤਾ ਹਨ, ਜੋ ਦਿੱਲੀ ਤੋਂ ਪਿੰਡ ਸਲੋਹ ਆਏ ਸਨ। ਹੁਣ ਹਸਪਤਾਲ ਵਿਖੇ ਇਲਾਜ ਅਧੀਨ ਐਕਟਿਵ ਕੇਸ 18, 1 ਦੀ ਮੌਤ ਚੁੱਕੀ ਹੈ, ਜਦਕਿ 104 ਮਰੀਜ਼ ਰਿਕਵਰ ਹੋ ਕੇ ਘਰਾਂ ਨੂੰ ਭੇਜੇ ਗਏ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਅੱਜ ਨਵੇ ਆਏ 4 ਕੇਸਾਂ 'ਚੋਂ 3 ਯੂ.ਪੀ. ਬਿਹਾਰ ਤੋਂ ਆਏ ਪ੍ਰਵਾਸੀ ਮਜ਼ਦੂਰ ਹਨ, ਜੋ ਪਿੰਡ ਬਘੌਰਾਂ, ਜਾਡਲਾ ਅਤੇ ਰਟੈਂਡਾ ਵਿਖੇ ਪਿੰਡ ਦੇ ਬਾਹਰ ਹੀ ਰਹਿ ਰਹੇ ਹਨ। ਚੌਥਾ ਮਾਮਲਾ ਪੰਜਾਬ ਪੁਲਸ ਦੀ ਇਕ ਬਟਾਲਿਅਨ ਨਾਲ ਸਬੰਧਤ ਹੈ, ਜੋ ਪਠਾਨਕੋਟ ਵਿਖੇ ਤਾਇਨਾਤ ਹੈ ਅਤੇ ਉਪਰੋਕਤ ਮੁਲਾਜ਼ਮ ਅੱਜ ਕੱਲ ਲੁਧਿਆਣਾ ਡਿਊਟੀ 'ਤੇ ਆਇਆ ਹੋਇਆ ਸੀ, ਜੋ ਕਿ ਨਵਾਂਸ਼ਹਿਰ ਦੇ ਪਿੰਡ ਤਾਜਪੁਰ ਦਾ ਵਾਸੀ ਹੈ।


Deepak Kumar

Content Editor

Related News