ਨਵਾਂਸ਼ਹਿਰ ''ਚ 2 ਕੋਰੋਨਾ ਮਰੀਜ਼ਾਂ ਦੀ ਮੌਤ, ਜ਼ਿਲੇ ''ਚ ਮੌਤਾਂ ਦਾ ਅੰਕੜਾ ਹੋਇਆ 6
Friday, Aug 07, 2020 - 06:18 PM (IST)
ਨਵਾਂਸ਼ਹਿਰ (ਤ੍ਰਿਪਾਠੀ) : ਆਮ ਆਦਮੀ ਪਾਰਟੀ ਦੇ ਬੂਥ ਇੰਚਾਰਜ ਸਣੇ ਨਵਾਂਸ਼ਹਿਰ ਵਿਖੇ 2 ਕੋਰੋਨਾ ਪੀੜਤ ਵਿਅਕਤੀਆਂ ਦੀ ਮੌਤ ਹੋਣ ਨਾਲ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 6 ਹੋ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਵਿਚ ਕੋਰੋਨਾ ਪਾਜ਼ੇਟਿਵ ਅਤੇ ਕੋਰੋਨਾ ਨਾਲ ਮੌਤ ਹੋਣ ਦਾ ਸੱਭ ਤੋਂ ਪਹਿਲਾਂ ਮਾਮਲਾ ਨਵਾਂਸ਼ਹਿਰ ਦੇ ਕਸਬਾ ਬੰਗਾ ਦੇ ਪਿੰਡ ਪਠਲਾਵਾ ਵਾਸੀ ਬਲਦੇਵ ਸਿੰਘ ਦਾ ਆਇਆ ਸੀ। ਇਸ ਉਪਰੰਤ ਜ਼ਿਲ੍ਹਾ ਨਵਾਂਸ਼ਹਿਰ ਹਾਲਾਂਕਿ 2 ਵਾਰ ਕੋਰੋਨਾ ਮੁਕਤ ਹੋਣ ਦੇ ਬਾਵਜੂਦ ਹੁਣ ਕੋਰੋਨਾ ਪੀੜਤਾਂ ਦਾ ਅੰਕੜਾਂ ਜਿੱਥੇ ਰੋਜ਼ਾਨਾ ਵੱਧਦਾ ਜਾ ਰਿਹਾ ਹੈ, ਉੱਥੇ ਹੀ ਅੱਜ 2 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਦੀ ਖ਼ਬਰ ਨਾਲ ਸ਼ਹਿਰ ਭਰ ਵਿਚ ਭਾਰੀ ਡਰ ਪਾਇਆ ਜਾ ਰਿਹਾ ਹੈ।
ਸਿਵਲ ਸਰਜਨ ਡਾ.ਰਾਜਿੰਦਰ ਪ੍ਰਸਾਦ ਭਾਟੀਆ ਨੇ ਦੱਸਿਆ ਕਿ ਨਵਾਂਸ਼ਹਿਰ ਦੇ ਪਿੰਡ ਮੁਬਾਰਕਪੁਰ ਵਾਸੀ ਕੁਲਦੀਪ ਸਿੰਘ ਦਾ 31 ਜੁਲਾਈ ਨੂੰ ਕੋਰੋਨਾ ਸੈਂਪਲ ਲਿਆ ਸੀ, ਜਿਸ ਵਿਚ ਉਸਦੀ ਰਿਪੋਰਟ ਨੈਗੇਟਿਵ ਆਈ ਸੀ। ਡਾ.ਭਾਟੀਆ ਨੇ ਦੱਸਿਆ ਕਿ ਉਪਰੋਕਤ ਮਰੀਜ਼ ਨੂੰ ਸਿਹਤ ਸਬੰਧੀ ਸਮੱਸਿਆ ਆਉਣ 'ਤੇ ਪਟਿਆਲਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਸੀ, ਜਿੱਥੇ ਬੀਤੀ ਰਾਤ ਉਸਦੀ ਮੌਤ ਹੋ ਗਈ। ਇਸੇ ਤਰ੍ਹਾਂ ਨਵਾਂਸ਼ਹਿਰ ਦੇ ਰੇਲਵੇ ਰੋਡ 'ਤੇ ਸਥਿਤ ਪ੍ਰੇਮ ਨਗਰ ਵਾਸੀ ਤੇਜਿੰਦਰ ਗੁਲਾਟੀ ਦੀ ਕੋਰੋਨਾ ਨਾਲ ਮੌਤ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਤੇਜਿੰਦਰ ਗੁਲਾਟੀ ਇਲਾਜ ਲਈ ਸ਼ਾਹਕੋਟ ਵਿਖੇ ਦਾਖਲ ਸੀ।
ਸਿਵਲ ਸਰਜਨ ਡਾ.ਰਾਜਿੰਦਰ ਪ੍ਰਸਾਦ ਭਾਟੀਆ ਨੇ ਦੱਸਿਆ ਕਿ ਹੁਣ ਤਕ ਜ਼ਿਲ੍ਹੇ 'ਚ ਕੁੱਲ 17,991 ਲੋਕਾਂ ਦੇ ਸੈਂਪਲ ਲਏ ਗਏ ਹਨ, ਜਿਸ ਵਿਚੋਂ 232 ਦੀ ਰਿਪੋਰਟ ਅਵੇਟਿਡ ਹੈ, 338 ਵਿਅਕਤੀ ਰਿਕਵਰ ਹੋ ਚੁੱਕੇ ਹਨ, 4 ਦੀ ਮੌਤ ਹੋਈ ਹੈ, 44 ਐਕਟਿਵ ਮਰੀਜ ਹਨ, ਜਦਿਕ 17,371 ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ।