ਨਵਾਂਸ਼ਹਿਰ 'ਚ ਅਕਾਲੀ-ਭਾਜਪਾ ਦਾ ਧਰਨਾ ਪ੍ਰਦਰਸ਼ਨ
Monday, Jun 12, 2017 - 02:32 PM (IST)
ਨਵਾਂਸ਼ਹਿਰ— ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਮੁੱਦੇ 'ਤੇ ਕਾਂਗਰਸ ਸਰਕਾਰ ਦੀ ਆਨਾਕਾਨੀ ਅਤੇ ਰੇਤ ਦੀਆਂ ਖੱਡਾਂ ਦੀ ਨਿਲਾਮੀ ਦੇ ਮਾਮਲੇ 'ਚ ਘਪਲੇਬਾਜ਼ੀ ਦੇ ਵਿਰੋਧ 'ਚ ਅੱਜ ਪੰਜਾਬ ਸਰਕਾਰ ਵਿਰੁੱਧ ਨਵਾਂਸ਼ਹਿਰ 'ਚ ਵੀ ਅਕਾਲੀ ਦਲ ਅਤੇ ਭਾਜਪਾ ਦੇ ਆਗੂਆਂ ਨੇ ਧਰਨਾ ਦਿੱਤਾ। ਧਰਨੇ 'ਚ ਮੁੱਖ ਤੌਰ 'ਤੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਐਮ. ਐਲ. ਏ. ਬੰਗਾ ਸੁਖਵਿੰਦਰ ਸੁੱਖੀ ਅਤੇ ਹੋਰ ਲੀਡਰ ਧਰਨੇ 'ਚ ਸ਼ਾਮਲ ਹੋਏ। ਧਰਨੇ 'ਤੇ ਪਹੁੰਚੇ ਅਕਾਲੀ ਦਲ ਅਤੇ ਭਾਜਪਾ ਦੇ ਵਰਕਰਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਨਵਾਂਸ਼ਹਿਰ ਕਾਂਗਰਸ ਵਿਰੁੱੱਧ ਧਰਨੇ 'ਤੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਮੁੱਦੇ 'ਤੇ ਕਾਗਰਸ ਸਰਕਾਰ ਦੌੜ ਰਹੀ ਹੈ। ਸਰਕਾਰ ਬਣੇ ਕੁਝ ਮਹੀਨੇ ਹੀ ਹੋਏ ਹਨ ਕਿ ਰੇਤ ਦੀਆਂ ਖੱਡਾਂ ਦੀ ਨਿਲਾਮੀ ਦੇ ਮਾਮਲੇ 'ਚ ਵੱਡੇ ਘਪਲੇਬਾਜ਼ੀ ਸਾਹਮਣੇ ਆ ਰਹੀ ਹੈ। ਸਰਕਾਰ ਦੀਆਂ ਨੀਤੀਆਂ ਵਿਰੁੱਧ ਅਕਾਲੀ ਦਲ ਗਰੀਬ ਲੋਕਾਂ ਨਾਲ ਖੜ੍ਹਾ ਹੈ ਇਸ ਦੇ ਚਲਦੇ ਹੀ ਅੱਜ ਅਕਾਲੀ ਦਲ ਥਾਂ-ਥਾਂ ਧਰਨਾ ਦੇ ਰਿਹਾ ਹੈ। ਅਸੀਂ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਕਿ ਸਰਕਾਰ ਕਿਸਨਾਂ ਦਾ ਜਲਦੀ ਕਰਜ਼ਾ ਮੁਆਫ ਕਰੇ ਜੇਕਰ ਸਰਕਾਰ ਆਪਣੇ ਵਾਅਦਿਆਂ ਨਾਲ ਇਸ ਤਰ੍ਹਾਂ ਹੀ ਆਨਾਕਾਨੀ ਕਰਦੀ ਰਹੀ ਤਾਂ ਅਸੀਂ ਸੜਕਾਂ 'ਤੇ ਆਵਾਂਗੇ ਅਤੇ ਸਖਤ ਰੋਸ ਪ੍ਰਦਰਸ਼ਨ ਕਰਾਂਗੇ। ਪਟਿਆਲਾ ਕੁੱਕਰ ਬੰਬ ਕਾਂਡ ਨੂੰ ਝੂਠਾ ਮਾਮਲਾ ਕਰਾਰ ਦਿੰਦੇ ਹੋਏ ਚੰਦੂਮਾਜਰਾ ਨੇ ਕਿਹਾ ਕਿ ਜਿਸ ਆਦਮੀ ਨੂੰ ਪੁਲਸ ਨੇ ਇਕ ਵੱਡਾ ਦੋਸ਼ੀ ਬਣਾ ਦਿੱਤਾ ਹੈ। ਉਸ ਦੇ ਕਿਸੇ ਪੁਲਸ ਅਫਸਰ ਦੀ ਲੜਕੀ ਨਾਲ ਸਬੰਧ ਸਨ ਜਿਸ ਦੇ ਚਲਦੇ ਪੁਲਸ ਨੇ ਉਨ੍ਹਾਂ ਦੇ ਪਰਿਵਾਰ ਨੂੰ ਸਮਝਾਇਆ ਪਰ ਨੌਜਵਾਨ ਦੇ ਪਿੱਛੇ ਨਾ ਹੱਟਣ ਕਾਰਨ ਪੁਲਸ ਨੇ ਇਕ ਝੂਠਾ ਮਾਮਲਾ ਬਣਾਇਆ ਹੈ। ਇਸ 'ਚ 2 ਲੋਕਾਂ ਦੀ ਜਾਨ ਵੀ ਚਲੀ ਗਈ ਹੈ। ਸਰਕਾਰ ਗਰੀਬ ਲੋਕਾਂ ਨਾਲ ਧੱਕਾ ਕਰ ਰਹੀ ਹੈ। ਅਸੀਂ ਅਜਿਹੇ ਧੱਕੇ ਨਹੀਂ ਹੋਣ ਦੇਵਾਂਗੇ ਅਕਾਲੀ ਦਲ ਇਸ ਦਾ ਵਿਰੋਧ ਕਰਦਾ ਰਹੇਗਾ।
