ਨਹੀਂ ਘੱਟ ਰਹੀਆਂ ਸਿੱਧੂ ਦੀਆਂ ਮੁਸ਼ਕਲਾਂ, ਇਸ ਮੰਤਰੀ ਨੇ ਮੰਗਿਆ ਅਸਤੀਫਾ!
Wednesday, May 22, 2019 - 06:28 PM (IST)

ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਜਿਥੇ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ, ਉਥੇ ਹੀ ਵਿਰੋਧੀ ਧਿਰਾਂ ਸਿੱਧੂ ਦੇ ਸਮਰਥਨ 'ਚ ਖੁੱਲ੍ਹ ਕੇ ਆ ਗਈਆਂ ਹਨ। ਮੰਗਲਵਾਰ ਨੂੰ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਪੰਜਾਬ ਕਾਂਗਰਸ ਚੋਣ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਲਾਲ ਸਿੰਘ ਨੇ ਸਿੱਧੂ ਦੀ ਬਿਆਨਬਾਜ਼ੀ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸਿੱਧੂ ਕੈਬਨਿਟ ਦੇ ਹਰ ਫੈਸਲੇ 'ਚ ਬਰਾਬਰ ਦੇ ਹਿੱਸੇਦਾਰ ਰਹੇ ਹਨ। ਜੇ ਉਹ ਕਿਸੇ ਫੈਸਲਾ ਨਾਲ ਸਹਿਮਤ ਨਹੀਂ ਹਨ ਤਾਂ ਉਹ ਮੁੱਖ ਮੰਤਰੀ ਨੂੰ ਤਿਆਗਪੱਤਰ ਸੌਂਪ ਦੇਣ।
ਪੰਜਾਬ ਚੋਣ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਲਾਲ ਸਿੰਘ ਨੇ ਸਿੱਧੂ ਨੂੰ ਅਨੁਸ਼ਾਸਨ ਅਪਨਾਉਣ ਦੀ ਸਲਾਹ ਦਿੱਤੀ ਹੈ। ਲਾਲ ਸਿੰਘ ਨੇ ਅਫਸੋਸ ਜ਼ਾਹਰ ਕੀਤਾ ਕਿ ਸਿੱਧੂ ਦੀ ਗਲਤ ਸਮੇਂ 'ਤੇ ਬਿਆਨਬਾਜ਼ੀ ਨਾਲ ਪਾਰਟੀ ਦੇ ਮਿਸ਼ਨ 13 ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ। ਜੇ ਪਾਰਟੀ ਮਿਸ਼ਨ ਤੋਂ ਪੱਛੜਦੀ ਹੈ ਤਾਂ ਇਸ ਦਾ ਕਾਰਨ ਸਿੱਧੂ ਦੀ ਬਿਆਨਬਾਜ਼ੀ ਹੋਵੇਗੀ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਕਾਂਗਰਸ ਵਿਚ 27 ਮਹੀਨਿਆਂ ਵਿਚ ਵਿਸ਼ੇਸ਼ ਅਧਿਕਾਰ, ਮਾਣ ਸਨਮਾਨ ਦਿੱਤਾ ਗਿਆ। ਸਿੱਧੂ ਦਾ ਆਪਣੀ ਪਤਨੀ ਦੇ ਉਸ ਬਿਆਨ ਨਾਲ ਸਹਿਮਤੀ ਜਤਾਉਣਾ ਵੀ ਗਲਤ ਸੀ।
ਉਧਰ ਪੰਜਾਬ ਏਕਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸੁਖਪਾਲ ਖਹਿਰਾ ਨੇ ਸਿੱਧੂ ਦੀ ਹਿਮਾਇਤ ਕੀਤੀ ਹੈ। ਖਹਿਰਾ ਦਾ ਕਹਿਣਾ ਹੈ ਕਿ ਬਾਦਲ-ਕੈਪਟਨ ਦੇ ਫ੍ਰੈਂਡਲੀ ਮੈਚ ਦੀ ਪੁਸ਼ਟੀ ਸਿੱਧੂ ਨੇ ਦਮਦਾਰ ਤਰੀਕੇ ਨਾਲ ਕੀਤੀ ਹੈ ਅਤੇ ਸਿੱਧੂ ਲਈ ਇਹ ਇਮਤਿਹਾਨ ਦੀ ਘੜੀ ਹੈ। ਜੇਕਰ ਸਿੱਧੂ ਆਪਣੇ ਸਟੈਂਡ 'ਤੇ ਕਾਇਮ ਰਹਿਣਗੇ ਤਾਂ ਪੀ. ਡੀ. ਏ. ਉਨ੍ਹਾਂ ਦਾ ਸਮਰਥਨ ਕਰੇਗਾ। ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਚੋਣਾਂ 'ਚ ਬਰਗਾੜੀ ਕਾਂਡ ਨੂੰ ਮੁੱਦਾ ਬਣਾ ਕੇ ਕਾਂਗਰਸ ਨੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ।