ਤਾਜਪੋਸ਼ੀ ਸਮਾਗਮ ’ਚ ਖੁੱਲ੍ਹ ਕੇ ਬੋਲੇ ਨਵਜੋਤ ਸਿੰਘ ਸਿੱਧੂ, ਛੱਡੇ ਚੌਕੇ-ਛਿੱਕੇ

07/23/2021 11:07:47 PM

ਚੰਡੀਗੜ੍ਹ : ਪਾਰਟੀ ਵਿਚ ਚੱਲੇ ਵੱਡੇ ਰੇੜਕੇ ਤੋਂ ਬਾਅਦ ਹਾਈਕਮਾਨ ਦੇ ਹੁਕਮਾਂ ਤਹਿਤ ਪੰਜਾਬ ਕਾਂਗਰਸ ਦੇ ਬਣਾਏ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਹੋਈ। ਇਸ ਮੌਕੇ ਨਵਜੋਤ ਸਿੱਧੂ ਨੇ ਸੰਬੋਧਨ ’ਚ ਕਿਹਾ ਕਿ ਉਹ ਨਹੀਂ ਸਗੋਂ ਕਾਂਗਰਸ ਦਾ ਵਰਕਰ ਅੱਜ ਪ੍ਰਧਾਨ ਬਣਿਆ ਹੈ। ਮੇਰੇ ਲਈ ਕੋਈ ਵੀ ਅਹੁਦਾ ਖਾਸ ਨਹੀਂ ਹੈ ਅਤੇ ਉਹ ਪਹਿਲਾਂ ਹੀ ਕਈ ਕੈਬਨਿਟ ਦੇ ਅਹੁਦੇ ਵਗ੍ਹਾ-ਵਗ੍ਹਾ ਮਾਰ ਕੇ ਚੁੱਕੇ ਹਨ ਪਰ ਮਸਲਾ ਪੰਜਾਬ ਦਾ ਹੈ, ਇਸ ਲਈ ਉਨ੍ਹਾਂ ਪਾਰਟੀ ਦੀ ਪ੍ਰਧਾਨਗੀ ਲਈ ਹੈ। ਪੰਜਾਬ ਦਾ ਕਿਸਾਨ ਅੱਜ ਦਿੱਲੀ ਦੀਆਂ ਸੜਕਾਂ ’ਤੇ ਰੁੱਲ ਰਿਹਾ ਹੈ। ਮਸਲਾ ਈ. ਟੀ. ਟੀ. ਅਧਿਆਪਕਾਂ, ਨਰਸਾਂ ਦਾ ਹੈ, ਜਿਹੜੇ ਅੱਜ ਸੜਕਾਂ ’ਤੇ ਰੁੱਲ ਰਹੇ ਹਨ। ਮਸਲਾ ਟਰੱਕ ਡਰਾਈਵਰਾਂ ਤੇ ਕੰਡਕਟਰਾਂ ਦਾ ਹੈ, ਮਸਲਾ ਗੁਰੂ ਦਾ ਹੈ। ਸਿੱਧੂ ਨੇ ਕਿਹਾ ਕਿ ਇਹੀ ਮਸਲੇ ਹੱਲ ਕਰਨ ਲਈ ਉਹ ਪ੍ਰਧਾਨ ਬਣੇ ਹਨ ਅਤੇ ਜੇਕਰ ਇਹ ਮਸਲੇ ਹੱਲ ਨਾ ਹੋਏ ਤਾਂ ਇਸ ਪ੍ਰਧਾਨਗੀ ਦਾ ਕੋਈ ਫਾਇਦਾ ਨਹੀਂ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਤਾਜਪੋਸ਼ੀ ਦੌਰਾਨ ਮੰਚ ’ਤੇ ਕੀ ਬੋਲੇ ਕੈਪਟਨ ਅਮਰਿੰਦਰ ਸਿੰਘ

PunjabKesari

ਕਿਸਾਨਾਂ ਦੇ ਸੰਘਰਸ਼ ਨੂੰ ਪਵਿੱਤਰ ਦੱਸਦਿਆਂ ਸਿੱਧੂ ਨੇ ਕਿਹਾ ਕਿ ਅਜਿਹਾ ਸੰਘਰਸ਼ ਹਿੰਦੁਸਤਾਨ ਵਿਚ ਪਹਿਲੀ ਵਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਮੈਂ ਕਿਸਾਨਾਂ ਨੂੰ ਮਿਲਣਾ ਚਾਹੁੰਦਾ ਹਾਂ। ਕਿਸਾਨੀ ਮਸਲੇ ਨੂੰ ਹੱਲ ਕਰਨ ਲਈ ਵਿਚਾਰਾਂ ਜ਼ਰੂਰੀ ਹਨ। ਕਿਸਾਨ ਦੱਸਣ ਕਿ ਉਹ ਉਨ੍ਹਾਂ ਨੂੰ ਕਿਸ ਤਰ੍ਹਾਂ ਮਿਲ ਸਕਦੇ ਹਨ। ਅੱਜ ਕਾਂਗਰਸ ਇਕੱਠੀ ਹੈ। ਕਾਂਗਰਸ ਦੇ ਵਰਕਰਾਂ ਨੂੰ ਜ਼ਰੀਆ ਬਣਾ ਕੇ ਮਸਲੇ ਹੱਲ ਕੀਤੇ ਜਾਣਗ। ਸਿੱਧੂ ਨੇ ਕਿਹਾ ਕਿ ਉਹ ਸਾਰਿਆਂ ਦਾ ਅਸ਼ੀਰਵਾਦ ਲੈ ਕੇ ਚੱਲਣਗੇ। ਉਨ੍ਹਾਂ ਕਿਹਾ ਕਿ ਮੇਰੇ ਵਿਚ ਕੋਈ ਹਊਮੈ ਨਹੀਂ ਹੈ ਅਤੇ ਮੈਂ ਮੋਢੇ ਨਾਲ ਮੋਢਾ ਲਾ ਕੇ ਚੱਲਾਂਗਾ। ਸਿੱਧੂ ਨੇ ਕਿਹਾ ਕਿ ਜਿਸ ਦਿਨ ਮੇਰੇ ਗੁਰੂ ਦਾ ਇਨਸਾਫ਼ ਹੋਇਆ, ਉਸ ਦਿਨ ਮੰਨਾਂਗਾ ਕਿ ਪੰਜਾਬ ਦਾ ਵਰਕਰ ਜਿਊਂਦਾ ਹੈ।

ਇਹ ਵੀ ਪੜ੍ਹੋ : ਸਿੱਧੂ ਦੇ ਤਾਜਪੋਸ਼ੀ ਸਮਾਗਮ ’ਚ ਜਾਖੜ ਨੇ ਭਰੇ ਮੰਚ ’ਤੇ ਆਖੀਆਂ ਵੱਡੀਆਂ ਗੱਲਾਂ, ਸੁੱਖੀ ਰੰਧਾਵਾ ’ਤੇ ਦਿੱਤਾ ਇਹ ਬਿਆਨ

PunjabKesari

ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਵਾਲ ਕਰਦਾ ਹੈ ਕਿ ਕਿੱਥੇ ਹਨ ਉਹ ਵੱਡੇ ਮੱਗਰਮੱਛ ਜਿਨ੍ਹਾਂ ਨੇ ਚਿੱਟਾ ਖੁਆ-ਖੁਆ ਕੇ ਮਾਂਵਾਂ ਦੀਆਂ ਕੁੱਖਾਂ ਉਜਾੜ ਦਿੱਤੀਆਂ। ਉਨ੍ਹਾਂ ਕਿਹਾ ਕਿ ਉਹ ਹਾਈਕਮਾਨ ਵੱਲੋਂ ਤੈਅ 18 ਮਸਲਿਆਂ ਨੂੰ ਜ਼ਰੂਰ ਚੁੱਕਣਗੇ। ਮੰਚ ’ਤੇ ਬੈਠੇ ਮੁੱਖ ਮੰਤਰੀ ਕੈਪਟਨ ਅਮਿਰੰਦਰ ਸਿੰਘ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਕਿ ਸਾਨੂੰ ਅੱਜ ਪੰਜਾਬ ਦੇ ਮਸਲੇ ਹੱਲ ਕਰਨੇ ਪੈਣਗੇ। ਜੇਕਰ ਅਸੀਂ ਮਸਲੇ ਹੱਲ ਕਰਦੇ ਹਾਂ ਫਿਰ ਹੀ ਅਸੀਂ ਗੁਰੂ ਦੇ ਸਿੱਖ ਕਹਾਂਵਾਂਗੇ। ਸਿੱਧੂ ਨੇ ਕਿਹਾ ਕਿ ਅੱਜ ਪੰਜਾਬ ਕਾਂਗਰਸ ਇਕ ਹੈ ਅਤੇ ਇਕ ਹੋ ਕੇ ਹੀ ਚੱਲੇਗੀ।

ਇਹ ਵੀ ਪੜ੍ਹੋ : ਕੈਪਟਨ ਵਲੋਂ ਦਿੱਤੇ ਚਾਹ ਦੇ ਸੱਦੇ ’ਚ ਪਹੁੰਚੇ ਨਵਜੋਤ ਸਿੱਧੂ, ਲੰਮੇ ਸਮੇਂ ਬਾਅਦ ਇਕੱਠਿਆਂ ਨਜ਼ਰ ਆਏ

ਨੋਟ - ਕਾਂਗਰਸ ਹਾਈਕਮਾਨ ਵਲੋਂ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ?


Gurminder Singh

Content Editor

Related News