ਸਿੱਧੂ ਦੀ ਪਾਕਿ ਜਾਣ ਦੀ ਆਗਿਆ ਨੂੰ ਲੈ ਕੇ ਮੋਦੀ ਤੇ ਕੈਪਟਨ ਦੀ ਸਥਿਤੀ 'ਸੱਪ ਦੇ ਮੂੰਹ 'ਚ ਕੋਹੜ ਕਿਰਲੀ' ਵਰਗੀ

Wednesday, Nov 06, 2019 - 11:18 PM (IST)

ਸਿੱਧੂ ਦੀ ਪਾਕਿ ਜਾਣ ਦੀ ਆਗਿਆ ਨੂੰ ਲੈ ਕੇ ਮੋਦੀ ਤੇ ਕੈਪਟਨ ਦੀ ਸਥਿਤੀ 'ਸੱਪ ਦੇ ਮੂੰਹ 'ਚ ਕੋਹੜ ਕਿਰਲੀ' ਵਰਗੀ

ਲੁਧਿਆਣਾ,(ਨਵੀਨ ਗੋਗਨਾ) : ਪਾਕਿ ਸਰਕਾਰ ਵੱਲੋਂ 9 ਨਵਬੰਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਸਬੰਧੀ ਉਥੋਂ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ 'ਚ ਰੱਖੇ ਵਿਸ਼ਾਲ ਧਾਰਮਕ ਪ੍ਰੋਗਰਾਮ 'ਚ ਭਾਰਤ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਨਵਜੋਤ ਸਿੰਘ ਸਿੱਧੂ ਨੂੰ ਬੁਲਾਇਆ ਗਿਆ ਹੈ। ਜਿਸ ਦੌਰਾਨ ਨਵਜੋਤ ਸਿੱਧੂ ਵੱਲੋਂ ਆਪਣੇ ਯਾਰ ਦੇ ਸੱਦੇ 'ਤੇ ਪਾਕਿਸਤਾਨ ਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰ ਦੀ ਮੋਦੀ ਸਰਕਾਰ ਤੋਂ ਲਿਖਤੀ ਆਗਿਆ ਮੰਗੀ ਗਈ ਹੈ। ਸਿੱਧੂ ਦੀ ਪਾਕਿਸਤਾਨ ਜਾਣ ਦੀ ਆਗਿਆ ਨੂੰ ਲੈ ਕੇ ਮੁੱਖ ਮੰਤਰੀ, ਸਿਆਸੀ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਕੇਂਦਰ 'ਚ ਬੈਠੀ ਭਾਜਪਾ ਸਰਕਾਰ ਲਈ 'ਸੱਪ ਦੇ ਮੂੰਹ 'ਚ ਕੋਹੜ ਕਿਰਲੀ' ਵਰਗੀ ਸਥਿਤੀ ਬਣ ਗਈ ਹੈ ਕਿਉਂਕਿ 550 ਸਾਲਾ ਪ੍ਰੋਗਰਾਮ ਕੋਈ ਛੋਟਾ ਪ੍ਰੋਗਰਾਮ ਨਾ ਹੋ ਕੇ ਇੰਨਾ ਮਹੱਤਵਪੂਰਨ ਹੈ ਕਿ ਇਹ ਉਸ ਦੇਸ਼ ਨਾਲ ਜੁੜਿਆ ਹੋਇਆ ਹੈ, ਜਿਸ ਦੇਸ਼ ਨਾਲ ਭਾਰਤ ਦੇ ਸਬੰਧ ਹੱਥ ਮਿਲਾਉਣ ਵਾਲੇ ਘੱਟ ਤੇ ਗੋਲੀਆਂ ਚਲਾਉਣ ਵਾਲੇ ਵਧੇਰੇ ਹੁੰਦੇ ਹਨ। 

ਅਜਿਹੇ ਸਮੇਂ 'ਚ ਇੰਟਰਨੈਸ਼ਨਲ ਪੱਧਰ 'ਤੇ ਪਾਕਿਸਤਾਨ ਵੱਲੋਂ ਭਾਰਤ 'ਚੋਂ ਸਿਰਫ ਨਵਜੋਤ ਸਿੱਧੂ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸੱਦਾ ਦੇਣਾ ਤੇ ਉਸ ਪ੍ਰੋਗਰਾਮ 'ਚ ਠੀਕ ਪਾਕਿ ਪ੍ਰਧਾਨ ਮੰਤਰੀ ਤੋਂ ਪਹਿਲਾਂ ਨਵਜੋਤ ਸਿੱਧੂ ਲਈ 10 ਮਿੰਟ ਦੀ ਸਪੀਚ ਰਾਖਵੀਂ ਰੱਖਣੀ ਬਹੁਤ ਵੱਡੀ ਗੱਲ ਹੈ। ਜੋ ਕਿ ਸਿੱਧੂ ਵਿਰੋਧੀਆਂ ਨੂੰ ਕਿਸੇ ਕੀਮਤ 'ਤੇ ਨਾ ਹਜ਼ਮ ਹੋਣ ਵਾਲੀ ਜਾਪਦੀ ਹੈ ਕਿਉਂਕਿ ਸਿੱਧੂ ਵਿਰੋਧੀਆਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਜੇ ਸਰਕਾਰ ਉਨ੍ਹਾਂ (ਨਵਜੋਤ ਸਿੱਧੂ) ਨੂੰ ਪਾਕਿ ਸੱਦੇ 'ਤੇ ਪਾਕਿ ਜਾਣ ਦੀ ਆਗਿਆ ਦੇ ਦਿੰਦੀ ਹੈ ਤੇ ਪਾਕਿ ਧਰਤੀ 'ਤੇ ਭਾਰਤ ਵੱਲੋਂ ਇਕਲਿਆਂ ਸਿੱਧੂ ਦਾ ਜਾਣਾ ਤੇ ਸੁਭਾਵਿਕ ਤੌਰ 'ਤੇ ਉੱਥੋਂ ਦੀ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਦਾ ਸਾਰਾ ਕ੍ਰੈਡਿਟ ਨਵਜੋਤ ਸਿੱਧੂ ਨੂੰ ਦੇਣਾ ਤੇ ਉਸ ਤੋਂ ਬਾਅਦ ਨਵਜੋਤ ਸਿੱਧੂ ਦਾ ਸਿਆਸੀ ਕੱਦ ਕਿਸੇ ਇੰਟਰਨੈਸ਼ਨਲ ਹੀਰੋ ਤੋਂ ਘੱਟ ਨਹੀਂ ਹੋਵੇਗਾ। ਭਾਰਤ 'ਚ ਹੀ ਨਹੀਂ ਸਿੱਧੂ ਸਮੁੱਚੇ ਸੰਸਾਰ 'ਚ ਆਪਣਾ ਦਬਦਬਾ ਬਣਾਉਣ 'ਚ ਸਫਲ ਹੋ ਜਾਣਗੇ। ਜੇਕਰ ਸਮੇਂ ਦੀਆਂ ਸਰਕਾਰਾਂ ਸਿੱਧੂ ਨੂੰ ਪਾਕਿਸਤਾਨ ਜਾਣ ਦੀ ਆਗਿਆ ਨਹੀਂ ਦਿੰਦੀਆਂ ਤਾਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਵੇਗਾ। ਇਸ ਲਈ ਹੁਣ ਸਿੱਧੂ ਵਿਰੋਧੀ ਸਮੇਂ ਦੀਆਂ ਸਰਕਾਰਾਂ ਇਹ ਸੋਚ ਰਹੀਆਂ ਹਨ ਕਿ ਸਿੱਧੂ ਨੂੰ ਇੰਟਰਨੈਸ਼ਨਲ ਹੀਰੋ ਬਣਨ ਤੋਂ ਕਿਵੇਂ ਰੋਕਿਆ ਜਾਵੇ।

ਇਸ ਸਬੰਧੀ ਜਦੋਂ ਮਾਹਿਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਿੱਧੂ ਵਿਰੋਧੀਆਂ ਨੂੰ ਤਕਲੀਫ ਇਸੇ ਗੱਲ ਦੀ ਹੈ ਕਿ ਪਾਕਿਸਤਾਨ ਵੱਲੋਂ ਸੱਦਾ ਸਿਰਫ ਸਿੱਧੂ ਨੂੰ ਹੀ ਆਇਆ, ਜੇ ਪਾਕਿ ਸਿੱਧੂ ਦੇ ਨਾਲ ਕੇਂਦਰ ਸਰਕਾਰ ਵਿਚਲੇ ਇਕ-ਦੋ ਹੋਰ ਨੇਤਾਵਾਂ ਨੂੰ ਸੱਦਾ ਦੇ ਦਿੰਦਾ ਤਾਂ ਜੋ ਦੇਰੀ ਸਿੱਧੂ ਨੂੰ ਪਾਕਿ ਜਾਣ ਦੀ ਪ੍ਰਮਿਸ਼ਨ ਦੇਣ 'ਚ ਹੋ ਰਹੀ ਹੈ, ਨਾ ਹੁੰਦੀ।


Related News