ਨਾਰਾਜ਼ ਕਾਂਗਰਸੀ ਵਿਧਾਇਕ ਲੱਗੇ ਨਵਜੋਤ ਸਿੱਧੂ ਨਾਲ ਤਾਰਾਂ ਜੋੜਨ!

Sunday, Aug 04, 2019 - 11:49 AM (IST)

ਨਾਰਾਜ਼ ਕਾਂਗਰਸੀ ਵਿਧਾਇਕ ਲੱਗੇ ਨਵਜੋਤ ਸਿੱਧੂ ਨਾਲ ਤਾਰਾਂ ਜੋੜਨ!

ਚੰਡੀਗੜ੍ਹ (ਭੁੱਲਰ)— ਪੰਜਾਬ ਦੇ ਨਾਰਾਜ਼ ਕਾਂਗਰਸੀ ਵਿਧਾਇਕ ਮੰਤਰੀ ਅਹੁਦਾ ਤਿਆਗ ਚੁੱਕੇ ਪਾਰਟੀ ਆਗੂ ਨਵਜੋਤ ਸਿੰਘ ਸਿੱਧੂ ਨਾਲ ਤਾਰਾਂ ਜੋੜਨ ਲੱਗੇ ਹਨ। ਸੂਤਰਾਂ ਦੀ ਮੰਨੀਏ ਤਾਂ ਇਸ ਸਥਿਤੀ ਨੂੰ ਭਾਂਪਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਚੌਕਸ ਹੋ ਗਏ ਹਨ ਅਤੇ ਉਨ੍ਹਾਂ ਡਿਨਰ ਦੇ ਬਹਾਨੇ ਪਾਰਟੀ ਵਿਧਾਇਕਾਂ ਨੂੰ ਸੋਮਵਾਰ ਸੱਦਿਆ ਹੈ। ਭਾਵੇਂ ਸਿੱਧੂ ਦੇ ਵਿਧਾਨ ਸਭਾ ਸੈਸ਼ਨ 'ਚ ਸ਼ਾਮਲ ਹੋਣ ਸਬੰਧੀ ਹਾਲੇ ਤੱਕ ਕੁੱਝ ਨਹੀਂ ਕਿਹਾ ਜਾ ਸਕਦਾ, ਪਰ ਉਹ ਅੰਦਰਖਾਤੇ ਆਪਣੇ ਗੁਪਤ ਮਿਸ਼ਨ 'ਤੇ ਕੰਮ ਕਰ ਰਹੇ ਹਨ ਅਤੇ ਪਾਰਟੀ ਮੈਂਬਰਾਂ ਨੂੰ ਲਗਾਤਾਰ ਮਿਲ ਰਹੇ ਹਨ। ਅੰਮ੍ਰਿਤਸਰ ਵਿਖੇ ਸਿੱਧੂ ਨੂੰ ਮਿਲਣ ਲਈ ਹਰੇਕ ਜ਼ਿਲੇ ਤੋਂ ਪਾਰਟੀ ਵਰਕਰ ਆ ਰਹੇ ਹਨ। ਪਿਛਲੇ ਦਿਨਾਂ ਵਿਚ ਸੀਨੀਅਰ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਅਤੇ ਪ੍ਰਗਟ ਸਿੰਘ ਵਲੋਂ ਸਿੱਧੂ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਜਾ ਕੇ ਕੀਤੀਆਂ ਗੁਪਤ ਮੁਲਾਕਾਤਾਂ ਦੀ ਵੀ ਸਿਆਸੀ ਹਲਕਿਆਂ 'ਚ ਚਰਚਾ ਹੋ ਰਹੀ ਹੈ। ਸੂਤਰਾਂ ਅਨੁਸਾਰ ਅੰਦਰਖਾਤੇ ਮੁੱਖ ਮੰਤਰੀ ਅਤੇ ਸਰਕਾਰ ਦੇ ਉੱਚ ਅਧਿਕਾਰੀਆਂ ਦੀ ਕਾਰਜਸ਼ੈਲੀ ਤੋਂ ਨਿਰਾਸ਼ ਕਈ ਵਿਧਾਇਕ ਸਿੱਧੂ ਨਾਲ ਫ਼ੋਨ 'ਤੇ ਸੰਪਰਕ ਕਰ ਕੇ ਉਸ ਨੂੰ ਹੱਲਾ-ਸ਼ੇਰੀ ਦੇ ਰਹੇ ਹਨ। ਪਤਾ ਲੱਗਾ ਹੈ ਕਿ 10 ਤੋਂ ਵੱਧ ਵਿਧਾਇਕ ਸਿੱਧੂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰ ਚੁੱਕੇ ਹਨ, ਪਰ ਭਾਵੇਂ ਕਿ ਹਾਲੇ ਉਹ ਖੁੱਲ੍ਹ ਕੇ ਸਾਹਮਣੇ ਆਉਣ ਲਈ ਤਿਆਰ ਨਹੀਂ ਕਿਉਂਕਿ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਚੁਣੀ ਜਾਣ ਵਾਲੀ ਨਵੀਂ ਲੀਡਰਸ਼ਿਪ ਬਾਰੇ ਵੀ ਹਾਲੇ ਸਥਿਤੀ ਸਪੱਸ਼ਟ ਨਹੀਂ। .

ਚੱਲ ਰਹੇ ਚਰਚਿਆਂ ਅਨੁਸਾਰ ਜੇਕਰ ਸਿੱਧੂ ਨੂੰ ਪਾਰਟੀ ਅੰਦਰ ਆਉਣ ਵਾਲੇ ਦਿਨਾਂ ਵਿਚ ਕੋਈ ਚੰਗਾ ਅਹੁਦਾ ਮਿਲਦਾ ਹੈ ਤਾਂ ਉਸ ਦਾ ਵੀ ਉਨ੍ਹਾਂ ਨੂੰ ਲਾਭ ਮਿਲ ਸਕਦਾ ਹੈ ਤੇ ਪ੍ਰਦੇਸ਼ ਕਾਂਗਰਸ ਅੰਦਰ ਉਨ੍ਹਾਂ ਦੀ ਪਕੜ ਵਧ ਸਕਦੀ ਹੈ। ਇਹ ਵੀ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਸਬੰਧੀ ਰਣਨੀਤੀ ਬਣਾਉਣ ਲਈ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਅਗਵਾਈ 'ਚ ਹੋਈ ਮੀਟਿੰਗ ਵਿਚ ਵੀ ਕਈ ਵਿਧਾਇਕਾਂ ਨੇ ਆਪਣੀ ਨਰਾਜ਼ਗੀ ਦਾ ਖੁੱਲ੍ਹੇਆਮ ਪ੍ਰਗਟਾਵਾ ਕਰ ਦਿੱਤਾ ਹੈ। ਇਸ ਮੀਟਿੰਗ ਦੌਰਾਨ ਕਈ ਵਿਧਾਇਕਾਂ ਵਲੋਂ ਉਨ੍ਹਾਂ ਦੀ ਸਰਕਾਰ 'ਚ ਸੁਣਵਾਈ ਨਾ ਹੋਣ ਦੀ ਗੱਲ ਆਖੀ ਗਈ ਹੈ। ਇਸ ਤੋਂ ਇਲਾਵਾ ਇਕ ਮੰਤਰੀ ਸਮੇਤ ਕੁੱਝ ਵਿਧਾਇਕਾਂ ਨੇ ਬੇਅਦਬੀ ਮਾਮਲਿਆਂ 'ਚ ਬਾਦਲਾਂ ਖਿਲਾਫ਼ ਕਾਰਵਾਈ ਨਾ ਹੋਣ 'ਤੇ ਵੀ ਸਵਾਲ ਉਠਾਉਂਦਿਆਂ ਕਾਰਵਾਈ ਕਰਨ 'ਤੇ ਜ਼ੋਰ ਦਿੱਤਾ ਹੈ। ਇਹ ਮੁੱਦਾ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਅਗਲੇ ਦਿਨਾਂ ਦੀ ਕਾਰਵਾਈ ਦੌਰਾਨ ਵੀ ਗਰਮਾ ਸਕਦਾ ਹੈ ਅਤੇ ਇਸ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਨਾਲ ਕੁੱਝ ਕਾਂਗਰਸੀ ਮੈਂਬਰਾਂ ਦੀਆਂ ਭਾਵਨਾਵਾਂ ਵੀ ਉਜਾਗਰ ਹੋ ਸਕਦੀਆਂ ਹਨ। ਵਿਧਾਇਕਾਂ ਅੰਦਰ ਨਾਰਾਜ਼ਗੀ ਨੂੰ ਦੇਖਦਿਆਂ ਹੀ ਕੈ. ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਮੰਤਰੀਆਂ ਸਮੇਤ ਸਮੂਹ ਵਿਧਾਇਕਾਂ ਨੂੰ ਪੰਜਾਬ ਭਵਨ 'ਚ ਡਿਨਰ 'ਤੇ ਬੁਲਾਇਆ ਹੈ। ਇਸ ਮੌਕੇ ਉਨ੍ਹਾਂ ਵਲੋਂ ਵਿਧਾਇਕਾਂ ਦੀਆਂ ਸ਼ਿਕਾਇਤਾਂ ਸੁਣ ਕੇ ਗਿਲੇ ਸ਼ਿਕਵੇ ਦੂਰ ਕਰਨ ਦੀ ਗੱਲ ਵੀ ਕਹੀ ਗਈ ਹੈ।


author

Shyna

Content Editor

Related News