ਕੀ ਸਿੱਧੂ ਨੇ ਉਤਰਵਾਇਆ ''ਸਾਡਾ ਕੈਪਟਨ''

Thursday, Dec 06, 2018 - 06:53 PM (IST)

ਕੀ ਸਿੱਧੂ ਨੇ ਉਤਰਵਾਇਆ ''ਸਾਡਾ ਕੈਪਟਨ''

ਲੁਧਿਆਣਾ (ਏਜੰਸੀ)- ਲੁਧਿਆਣਾ ਵਿਚ ਕਾਂਗਰਸੀ ਮੰਤਰੀ ਅਤੇ ਸੰਸਦ ਮੈਂਬਰਾਂ ਵਲੋਂ ਲਗਾਏ ਗਏ ‘ਪੰਜਾਬ ਦਾ ਕੈਪਟਨ, ਸਾਡਾ ਕੈਪਟਨ’ ਦੇ ਫਲੈਕਸ ਬੋਰਡ ਨਗਰ ਨਿਗਮ ਵਲੋਂ ਉਤਾਰ ਦਿੱਤੇ ਗਏ, ਜਿਸ ਤੋਂ ਇਹ ਸਵਾਲ ਖੜੇ ਹੋ ਰਹੇ ਹਨ ਕਿ ਆਖਿਰ ਪੰਜਾਬ ਦਾ ਕੈਪਟਨ ਨਿਗਮ ਦਾ ਕੈਪਟਨ ਨਹੀਂ ਹੈ। ਇਸ ਤੋਂ ਪਹਿਲਾਂ ਸਿੱਧੂ ਨੇ ਵੀ ਇਹ ਬਿਆਨ ਦਿੱਤਾ ਸੀ ਕਿ ਕੌਣ ਕੈਪਟਨ ਮੇਰਾ ਕੈਪਟਨ ਤਾਂ ਰਾਹੁਲ ਗਾਂਧੀ ਹੈ, ਜਿਸ ਦੇ ਵਿਰੋਧ ਵਿਚ ਇਹ ਫਲੈਕਸ ਲੁਧਿਆਣਾ ਦੀਆਂ ਸੜਕ ਕੰਢੇ ਲੱਗੇ ਦਿਖਾਈ ਦਿੱਤੇ। ਫਲੈਕਸਾਂ ਨੂੰ ਦੇਖ ਕੇ ਇਹ ਸਾਫ ਪਤਾ ਚੱਲ ਰਿਹਾ ਸੀ ਕਿ ਇਹ ਬੋਰਡ ਵੀ ਸੀਨੀਅਰ ਕਾਂਗਰਸੀ ਆਗੂ ਵਲੋਂ ਆਪਣੇ ਹੀ ਨੇਤਾ ਦੇ ਵਿਰੋਧ ਵਿਚ ਲਗਾਏ ਗਏ ਸਨ। ਸਿੱਧੂ ਵਲੋਂ ਇਸ ਮਾਮਲੇ 'ਤੇ ਸਫਾਈ ਦੇਣ ਤੋਂ ਬਾਅਦ ਮਾਮਲਾ ਬੇਸ਼ੱਕ ਠੰਡਾ ਹੋ ਗਿਆ ਸੀ ਪਰ ਇਹ ਫਲੈਕਸ ਬੋਰਡ ਉਵੇਂ- ਦੇ ਉਵੇਂ ਹੀ ਲੱਗੇ ਰਹੇ। ਜਿਨ੍ਹਾਂ ਨੂੰ ਅੱਜ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਉਤਾਰ ਦਿੱਤਾ ਗਿਆ।
PunjabKesari

ਦੱਸ ਦਈਏ ਕਿ ਨਗਰ ਨਿਗਮ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਅਧੀਨ ਆਉਂਦਾ ਹੈ ਅਤੇ ਇਸ ਦੇ ਮੰਤਰੀ ਵੀ ਖੁਦ ਸਿੱਧੂ ਹਨ। ਅੱਜ ਜਦੋਂ ਬੋਰਡ ਉਤਾਰੇ ਜਾ ਰਹੇ ਸਨ ਤਾਂ ਦੇਖਣ ਵਾਲਾ ਹਰ ਕੋਈ ਕਹਿ ਰਿਹਾ ਸੀ ਕਿ ਸਿੱਧੂ ਨੇ ਉਤਰਵਾ ਦਿੱਤਾ ਸਾਡਾ ਕੈਪਟਨ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਨਿਗਮ ਨੂੰ ਅਜਿਹੀ ਕਾਰਵਾਈ ਕਰਨ ਲਈ ਵਿਭਾਗ ਦੇ ਮੰਤਰੀ ਜਾਂ ਮੰਤਰਾਲੇ ਦੇ ਹੀ ਨਿਰਦੇਸ਼ ਮਿਲੇ ਹੋਣ ਪਰ ਦੇਖਣ ਵਾਲਾ ਵੀ ਇਸ ਵਿਚ ਸਿਆਸਤ ਸਾਫ ਦੇਖ ਰਿਹਾ ਸੀ।

ਜ਼ਿਕਰਯੋਗ ਹੈ ਕਿ ਲੁਧਿਆਣਾ ਦੇ ਕੈਬਨਿਟ ਮੰਤਰੀ, ਲੋਕ ਸਭਾ ਮੈਂਬਰ ਤੇ ਚਾਰ ਵਿਧਾਇਕਾਂ ਵੱਲੋਂ ‘ਪੰਜਾਬ ਦਾ ਕੈਪਟਨ, ਸਾਡਾ ਕੈਪਟਨ’ ਦੇ ਪੋਸਟਰ ਲਾਏ ਗਏ ਸਨ। ਸ਼ਹਿਰ ਵਿਚ 50 ਤੋਂ ਵੱਧ ਥਾਵਾਂ ’ਤੇ ਇਹ ਪੋਸਟਰ ਲਾਏ ਗਏ ਸਨ। ਜਿਨ੍ਹਾਂ ਰਾਹੀਂ ਇਹ ਦੱਸਣ ਦਾ ਯਤਨ ਕੀਤਾ ਗਿਆ ਕਿ ਉਨ੍ਹਾਂ ਦਾ ਕਪਤਾਨ, ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਹੈ। ਇਹ ਬੋਰਡ ਇਨ੍ਹਾਂ ਕਾਂਗਰਸੀਆਂ ਨੇ ਸਿੱਧੂ ਦੀ ਪੰਜਾਬ ਆਉਣ ਤੋਂ ਪਹਿਲਾਂ ਹੀ ਲਵਾ ਦਿੱਤੇ ਸਨ ਤਾਂ ਜੋ ਸਿੱਧੂ ਇਸ ਤਰੀਕੇ ਆਪਣੇ ਬਿਆਨ ਦਾ ਵਿਰੋਧ ਝੱਲ ਸਕਣ ਪਰ ਨਿਗਮ ਵਲੋਂ ਅੱਜ ਕੀਤੀ ਗਈ ਕਾਰਵਾਈ ਸਿੱਧੂ ਦੇ ਪੰਜਾਬ ਪਹੁੰਚਣ ਤੋਂ ਪਹਿਲਾਂ ਹੀ ਅਮਲ ਵਿਚ ਲਿਆ ਦਿੱਤੀ ਗਈ ਹੈ।


author

Sunny Mehra

Content Editor

Related News