ਸੁਖਬੀਰ ਬਾਦਲ ਨੇ ਹੁਣ ਤੱਕ ਕੀਤੀ ਲਾਸ਼ਾਂ ''ਤੇ ਸਿਆਸਤ : ਸਿੱਧੂ (ਵੀਡੀਓ)
Tuesday, Nov 20, 2018 - 02:47 PM (IST)
ਚੰਡੀਗੜ੍ਹ (ਰਵਿੰਦਰ) : ਜਿੱਥੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀਂ ਕੈਪਟਨ ਸਰਕਾਰ ਨੂੰ ਨਿਰੰਕਾਰੀ ਭਵਨ 'ਚ ਹੋਏ ਧਮਾਕੇ ਦੇ ਮੁੱਦੇ 'ਤੇ ਘੇਰਿਆ, ਉੱਥੇ ਹੀ ਕਾਂਗਰਸ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹ ਬਾਦਲ ਸਰਕਾਰ ਦੇ 40 ਕਾਂਡ ਗਿਣਵਾ ਸਕਦੇ ਹਨ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਹੁਣ ਤੱਕ ਲਾਸ਼ਾਂ 'ਤੇ ਸਿਆਸਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ 'ਤੇ ਦੋਸ਼ ਲਾਉਣ ਵਾਲੇ ਸੁਖਬੀਰ ਬਾਦਲ ਅੱਜ ਤੱਕ ਬਰਗਾੜੀ ਕਾਂਡ 'ਚ ਸ਼ਹੀਦ ਹੋਏ ਲੋਕਾਂ ਦੇ ਘਰ ਕਿਉਂ ਨਹੀਂ ਗਏ। ਉਨ੍ਹਾਂ ਕਿਹਾ ਕਿ ਇਹ ਅੱਤਵਾਦ ਖਿਲਾਫ ਲੜਨ ਦਾ ਸਮਾਂ ਹੈ ਨਾ ਕਿ ਇਕ-ਦੂਜੇ 'ਤੇ ਦੋਸ਼ ਲਾਉਣ ਦਾ।
ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਦੇ ਸਮੇਂ 'ਚ ਲੁਧਿਆਣਾ ਬੰਬ ਧਮਾਕਾ, ਨਾਮਧਾਰੀ ਮਾਤਾ ਚੰਦ ਕੌਰ ਦਾ ਕਤਲ, ਨਾਭਾ ਜੇਲ ਕਾਂਡ, ਢੱਡਰੀਆਂ ਵਾਲੇ 'ਤੇ ਹਮਲਾ ਅਤੇ ਆਰ. ਐੱਸ. ਐੱਸ. ਆਗੂ ਗਗਨੇਜਾ ਦਾ ਕਤਲ ਹੋਇਆ, ਉਸ ਸਮੇਂ ਸੁਖਬੀਰ ਬਾਦਲ ਕਿੱਥੇ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਨੇ ਕਦੇ ਆਪਣੀ ਪੀੜ੍ਹੀ ਹੇਠ ਸੋਟਾ ਨਹੀਂ ਫੇਰਿਆ। ਉਨ੍ਹਾਂ ਕਿਹਾ ਕਿ ਬਾਦਲਾਂ ਦੀ ਸਰਕਾਰ ਦੇ 40 ਕਾਂਡ ਉਹ ਗਿਣਵਾ ਸਕਦੇ ਹਨ, ਇਸ ਲਈ ਸੁਖਬੀਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਦੋਸ਼ ਲਾਉਣ ਤੋਂ ਪਹਿਲਾਂ ਆਪਣੇ ਬਾਰੇ ਸੋਚ ਲਵੇ।