6 ਤੋਂ 9 ਦਸੰਬਰ ਤੱਕ ਹੋਵੇਗਾ ''ਮਿਲਟਰੀ ਲਿਟਰੇਚਰ ਫੈਸਟੀਵਲ''

Saturday, Nov 10, 2018 - 09:58 AM (IST)

ਚੰਡੀਗੜ੍ਹ : ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਪਹਿਲਾ ਮਿਲਟਰੀ ਲਿਟਰੇਟਰ ਫੈਸਟੀਵਲ ਲੇਕ ਕਲੱਬ, ਚੰਡੀਗੜ੍ਹ ਵਿਖੇ 6 ਦਸੰਬਰ ਤੋਂ 9 ਦਸੰਬਰ, 2018 ਤੱਕ ਮਨਾਇਆ ਜਾਵੇਗਾ। ਪਿਛਲੇ ਸਾਲ ਇਸੇ ਸਮੇਂ ਦੌਰਾਨ ਉਦਘਾਟਨੀ ਫੈਸਟੀਵਲ ਆਯੋਜਿਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਹ ਫੈਸਟੀਵਲ ਸਾਡੇ ਉਨ੍ਹਾਂ ਸੈਨਿਕ ਬਲਾਂ ਨੂੰ ਇੱਕ ਮਹਾਨ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਰਾਸ਼ਟਰ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦੀ ਖੜਗਭੁਜਾ ਹੈ, ਜਿਸ ਦਾ ਮਾਣਮੱਤਾ ਫੌਜੀ ਵਿਰਸਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਦੇਸ਼ ਦੀ ਖਾਤਰ ਆਪਣੀ ਹਿੱਕ ਉੱਤੇ ਜੰਗਾਂ ਝੱਲੀਆਂ ਹਨ। 

ਸਿੱਧੂ ਨੇ ਅੱਗੇ ਦੱਸਿਆ ਕਿ ਪਿਛਲੇ ਸਾਲ ਮਨਾਏ ਉਦਘਾਟਨੀ ਮਿਲਟਰੀ ਫੈਸਟੀਵਲ ਦੀ ਸਫਲਤਾ ਤੋਂ ਪ੍ਰਭਾਵਿਤ ਹੋ ਕੇ ਸੂਬਾ ਸਰਕਾਰ ਨੇ ਇਸ ਸਾਲ ਪਹਿਲੇ ਮਿਲਟਰੀ ਫੈਸਟੀਵਲ ਨੂੰ ਵੱਡੇ ਪੱਧਰ 'ਤੇ ਆਯੋਜਿਤ ਕਰਨ ਦਾ ਫੈਸਲਾ ਲਿਆ ਹੈ ਅਤੇ ਇਸ ਸਬੰਧੀ ਵਿਭਿੰਨ ਗਤੀਵਿਧੀਆਂ ਦੀ ਯੋਜਨਾਬੰਦੀ ਵੀ ਕੀਤੀ ਗਈ ਹੈ। ਸਿੱਧੂ ਨੇ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸੂਬੇ ਵਿਚ ਅਜਿਹੇ ਫੈਸਟੀਵਲ ਕਰਵਾਉਣ ਵਰਗੀਆਂ ਪੇਸ਼ਕਦਮੀਆਂ ਦੀ ਸ਼ੁਰੂਆਤ ਕਰਨ ਲਈ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਇਸ ਫੈਸਟੀਵਲ ਦੌਰਾਨ ਫੌਜੀ ਅਤੇ ਜੰਗ ਨਾਲ ਸਬੰਧਤ ਵਿਸ਼ਿਆਂ ਤੋਂ ਇਲਾਵਾ ਦੇਸ਼ ਦੀ ਖਾਤਰ ਜੰਗਾਂ ਲੜਨ ਵਾਲੇ ਫੌਜੀ ਸੂਰਬੀਰਾਂ ਅਤੇ ਸਾਬਕਾ ਸੈਨਿਕਾਂ ਨਾਲ ਸੰਵਾਦ ਤਾਂ ਕਰਵਾਇਆ ਹੀ ਜਾਵੇਗਾ ਪਰ ਇਸ ਦੇ ਨਾਲ ਹੀ ਇਸ ਵਾਰ ਕਾਵਿ ਅਤੇ ਕਲਾ ਦੇ ਖੇਤਰ ਨਾਲ ਸਬੰਧਤ ਮੁਕਾਬਲੇ ਵੀ ਆਯੋਜਿਤ ਕੀਤੇ ਜਾਣਗੇ।

ਉਨ੍ਹਾਂ ਅੱਗੇ ਕਿਹਾ ਕਿ ਇਹ ਫੈਸਟੀਵਲ ਨੌਜਵਾਨ ਨਸਲ ਲਈ ਆਪਣੇ ਸ਼ਾਨਾਮੱਤੇ ਇਤਿਹਾਸ ਅਤੇ ਵਿਰਸੇ ਤੋਂ ਜਾਣੂ ਹੋਣ ਦਾ ਸੁਨਿਹਰੀ ਮੌਕਾ ਹੈ। ਇਸ ਵਾਰ ਮਿਲਟਰੀ ਲਿਟਰੇਚਰ ਫੈਸਟੀਵਲ ਵਿਚ ਕਰਵਾਏ ਜਾ ਰਹੇ ਮਹੱਤਵਪੂਰਨ ਪ੍ਰੋਗਰਾਮਾਂ ਤੋਂ ਇਲਾਵਾ, 6 ਦਸੰਬਰ, 2018 ਨੂੰ ਮੈਗਾ ਸ਼ੋਸ਼ਲ ਈਵਨਿੰਗ ਦੀ ਯੋਜਨਾ ਬਣਾਈ ਗਈ ਹੈ, ਜਿਸ ਵਿਚ ਪੰਜਾਬ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਲੋਕਾਂ ਦਾ ਮਨੋਰੰਜਨ ਕਰਨਗੇ। ਸਿੱਧੂ ਨੇ ਦੇਸ਼ ਦੀ ਖਾਤਰ ਜਾਨ ਵਾਰਨ ਵਾਲੇ ਫੌਜੀ ਸੂਰਬੀਰਾਂ ਦੀ ਕੁਰਬਾਨੀ ਨੂੰ ਯਾਦ ਰੱਖਣ ਦਾ ਸੱਦਾ ਦਿੰਦੇ ਹੋਏ ਇਹ ਦੱਸਿਆ ਕਿ ਪਹਿਲੇ ਵਿਸ਼ਵ ਯੁੱਧ ਵਿੱਚ 74,000 ਭਾਰਤੀ ਫੌਜੀ ਸ਼ਹੀਦ ਹੋਏ ਸਨ। ਇਸ ਮੌਕੇ ਫੌਜੀ ਸੂਰਬੀਰਾਂ ਦੀ ਯਾਦ ਵਿੱਚ 2 ਮਿੰਟ ਦਾ ਮੌਨ ਵੀ ਰੱÎਖਿਆ ਗਿਆ।


Babita

Content Editor

Related News