ਸੁਖਬੀਰ 'ਤੇ ਲਾਹਣਤਾਂ ਪਾਉਂਦਾ ਹੈ ਅਕਾਲੀ ਦਲ : ਨਵਜੋਤ ਸਿੱਧੂ
Monday, Nov 05, 2018 - 04:23 PM (IST)

ਚੰਡੀਗੜ੍ਹ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਖਿਲਾਫ ਤਿੱਖੇ ਤੇਵਰ ਦਿਖਾਉਂਦੇ ਹੋਏ ਕਿਹਾ ਹੈ ਕਿ ਸੁਖਬੀਰ ਕੌਮ ਦਾ ਗੱਦਾਰ ਹੈ ਅਤੇ ਸਾਰੇ ਟਕਸਾਲੀ ਆਗੂਆਂ ਸਮੇਤ ਅਕਾਲੀ ਦਲ ਸੁਖਬੀਰ ਬਾਦਲ ਅਤੇ ਮਜੀਠੀਆ 'ਤੇ ਲਾਹਣਨਾਂ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸਿਰਫ ਜੀਜੇ-ਸਾਲੇ ਦੀ ਪਾਰਟੀ ਬਣ ਕੇ ਰਹਿ ਗਈ ਹੈ। ਉਨ੍ਹਾਂ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸਵਾਲ ਕਰਦਿਆਂ ਕਿਹਾ ਕਿ ਹੁਣ ਆਪਣੇ ਪੁੱਤਰ ਦੀ ਵਾਰੀ ਉਹ ਲੋਕਾਂ 'ਚ ਵਿਚਰ ਕੇ ਜਵਾਬ ਕਿਉਂ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਜੀਜੇ-ਸਾਲੇ ਕਰਕੇ ਹਰ ਪਾਸੇ ਅਕਾਲੀ ਦਲ ਦੀ ਬਗਾਵਤ ਸ਼ੁਰੂ ਹੋ ਗਈ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਜਦੋਂ ਬਰਗਾੜੀ ਕਾਂਡ ਅਤੇ ਹੋਰ ਮਾਮਲਿਆਂ 'ਤੇ ਲੋਕਾਂ ਵਲੋਂ ਧਰਨਾ ਲਾਇਆ ਜਾਂਦਾ ਸੀ ਤਾਂ ਸੁਖਬੀਰ ਕਹਿੰਦਾ ਸੀ ਕਿ ਲੋਕਾਂ ਨੂੰ ਹੋਰ ਕੋਈ ਕੰਮ ਨਹੀਂ ਹੈ ਤੇ ਹੁਣ ਸੁਖਬੀਰ ਦੱਸੇ ਕਿ ਖੁਦ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਜਿਹੜਾ ਧਰਨਾ ਦਿੱਤਾ ਹੈ, ਉਸ ਨੂੰ ਕੋਈ ਹੋਰ ਕੰਮ ਨਹੀਂ ਹੈ।
ਉਨ੍ਹਾਂ ਕਿਹਾ ਕਿ ਡੇਰਾ ਮੁਖੀ ਨੂੰ ਮੁਆਫੀ ਵੀ ਸੁਖਬੀਰ ਬਾਦਲ ਨੇ ਹੀ ਦਿੱਤੀ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਦੇ ਸਮੇਂ ਡੰਡਾਤੰਤਰ ਦੇ ਨਾਲ-ਨਾਲ ਗੁੰਡਾਤੰਤਰ ਸੀ। ਉਨ੍ਹਾਂ ਕਿਹਾ ਕਿ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦੇ ਸਵਾਲਾਂ 'ਤੇ ਸੁਖਬੀਰ ਚੁੱਪ ਕਿਉਂ ਹੈ ਅਤੇ ਜੇਕਰ ਉਹ ਸੱਚਾ ਹੈ ਤਾਂ ਫਿਰ ਜਵਾਬ ਕਿਉਂ ਨਹੀਂ ਦਿੰਦਾ।