ਕੌਮਾਂਤਰੀ ਸਰਹੱਦ ਤੋਂ ਸਿੱਧੂ ਨੇ ਕੀਤੀ ਕਰਤਾਰਪੁਰ ਲਾਂਘੇ ਲਈ ਅਰਦਾਸ (ਵੀਡੀਓ)

08/25/2018 6:31:47 PM

ਬਟਾਲਾ/ਡੇਰਾ ਬਾਬਾ ਨਾਨਕ (ਬੇਰੀ, ਕੰਵਲਜੀਤ)— ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸ਼ਨੀਵਾਰ ਡੇਰਾ ਬਾਬਾ ਨਾਨਕ ਨਾਲ ਲੱਗਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਪਹੁੰਚੇ, ਜਿੱਥੇ ਉਨ੍ਹਾਂ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਸਰਬਤ ਦੇ ਭਲੇ ਲਈ ਅਰਦਾਸ ਵੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਨਾਲ ਘਰ ਤੋਂ ਤਿਆਰ ਕਰਵਾਈ ਹੋਈ ਕੜਾਹ ਪ੍ਰਸ਼ਾਦ ਦੀ ਦੇਗ ਸੰਗਤਾਂ ਨੂੰ ਵਰਤਾਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਮੇਰੀ ਮਾਂ ਕਹਿੰਦੀ ਸੀ ਕਿ ਅਰਦਾਸ 'ਚ ਬਹੁਤ ਤਾਕਤ ਹੁੰਦੀ ਹੈ ਅਤੇ ਸੱਚੇ ਮਨ ਨਾਲ ਕੀਤੀ ਅਰਦਾਸ ਕਦੇ ਵਿਅਰਥ ਨਹੀਂ ਜਾਂਦੀ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੈ, ਇਸ ਲਈ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵੀ ਸੰਗਤਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਲਾਂਘੇ ਲਈ ਪਾਕਿਸਤਾਨ ਦੀ ਸਰਕਾਰ ਨਾਲ ਗੱਲਬਾਤ ਕਰੇ। ਸਿੱਧੂ ਨੇ ਦੱਸਿਆ ਕਿ ਮੇਰੇ ਮਾਤਾ-ਪਿਤਾ ਵੀ ਸਾਲ 'ਚ ਇਕ ਵਾਰੀ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ ਅਤੇ ਸੰਗਤਾਂ ਵੱਲੋਂ ਕੀਤੀ ਜਾਂਦੀ ਅਰਦਾਸ 'ਚ ਸ਼ਾਮਲ ਹੁੰਦੇ ਹਨ। 

PunjabKesari

ਅਕਲੀ ਦਲ ਵੱਲੋਂ ਕੀਤੇ ਜਾ ਰਹੇ ਵਿਰੋਧ 'ਤੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਵਿਰੋਧ ਤਾਂ ਹਰ ਇਕ ਦਾ ਹੁੰਦਾ ਹੈ ਅਤੇ ਇਸ ਮਾਮਲੇ 'ਚ ਸਾਰੀਆਂ ਸਿਆਸੀ ਪਾਰਟੀਆਂ ਨੂੰ ਰੋਟੀਆਂ ਨਹੀਂ ਸੇਕਣੀਆਂ ਚਾਹੀਦੀਆਂ। ਸਿੱਧੂ ਨੇ ਕਿਹਾ ਕਿ ਸੰਗਤ ਵੱਲੋਂ ਕੀਤੀ ਗਈ ਅਰਦਾਸ ਬਹੁਤ ਅਸਰਦਾਰ ਹੁੰਦੀ ਹੈ, ਇਸ ਲਈ ਨਾਨਕ ਨਾਮ ਲੇਵਾ ਸੰਗਤਾਂ ਨੂੰ ਚਾਹੀਦਾ ਹੈ ਕਿ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਲਈ ਅਰਦਾਸਾਂ ਕਰਨ ਅਤੇ ਗੁਰਦੁਆਰਾ ਕਰਤਾਰਪੁਰ ਸਹਿਬ ਦਾ ਖੁੱਲ੍ਹਾ ਲਾਂਘਾ ਜਲਦੀ ਹੀ ਅਮਲ 'ਚ ਆਵੇਗਾ। 
ਉਨ੍ਹਾਂ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਅਤੇ ਫੌਜ ਮੁਖੀ ਵੱਲੋਂ ਲਾਂਘੇ ਸਬੰਧੀ ਦਿੱਤੇ ਗਏ ਹਾਂ ਪੱਖੀ ਹੁੰਗਾਰੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਹੁਣ ਭਾਰਤ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਲਾਂਘੇ ਦੀ ਪ੍ਰਕਿਰਿਆ ਨੂੰ ਅਮਲ 'ਚ ਲਿਆਉਣ ਲਈ ਪਾਕਿਸਤਾਨ ਦੀ ਸਰਕਾਰ ਨਾਲ ਗੱਲਬਾਤ ਕਰੇ ਕਿਉਂਕਿ ਇਹ ਮਸਲਾ ਦੋਹਾਂ ਦੇਸ਼ਾਂ ਦੀ ਸਹਿਮਤੀ ਨਾਲ ਹੀ ਹੱਲ ਹੋ ਸਕਦਾ ਹੈ। ਦੱਸ ਦੇਈਏ ਕਿ ਕਰਤਾਰਪੁਰ ਗੁਰੂਘਰ ਡੇਰਾ ਬਾਬਾ ਨਾਨਕ ਨਾਲ ਲੱਗਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੋਂ ਤਿੰਨ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ਅਤੇ ਕਰਤਾਰਪੁਰ ਸਾਹਿਬ ਗੁਰਦੁਆਰੇ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਰਹੇ ਸਨ। 

ਇਸ ਮੌਕੇ ਐੱਸ. ਡੀ. ਐੱਮ., ਅਸ਼ੋਕ ਕੁਮਾਰ, ਤਹਿਸੀਲਦਾਰ ਅਰਵਿੰਦ ਸਲਵਾਨ, ਡੀ.ਐਸ.ਪੀ. ਹਰਿੰਦਰ ਸਿੰਘ ਮਾਨ, ਨਿਰਮਲ ਸਿੰਘ ਵੱਲਾ, ਹਰਜੀਤ ਸਿੰਘ ਭਾਟੀਆ, ਸਤਨਾਮ ਸਿੰਘ ਬਾਜਵਾ,  ਗੌਰਵ,ਤਰਸੇਮ ਸਿੰਘ ਵੱਲਾ, ਲੰਬੜਦਾਰ ਹਰਦੀਪ ਸਿੰਘ,  ਅੰਮ੍ਰਿਤਪਾਲ ਸਿੰਘ ਅਦਿ ਵੀ ਹਾਜ਼ਰ ਸਨ।


Related News